*ਵਿਧਾਨ ਸਭਾ ਚੋਣਾਂ ਨੇੜੇ ਆਉਂਦਿਆਂ ਹੀ ਕਾਂਗਰਸੀਆਂ ਦਾ ਡਰਾਮਾ! ‘ਆਪ’ ਨੇ ਕੀਤੇ ਵੱਡੇ ਦਾਅਵੇ*

0
74

ਚੰਡੀਗਡ 23,ਮਈ(ਸਾਰਾ ਯਹਾਂ/ਬਿਊਰੋ ਰਿਪੋਰਟ): ਜਿਵੇਂ-ਜਿਵੇਂ ਪੰਜਾਬ ‘ਚ 2022 ਦੀਆਂ ਵਿਧਾਨ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਹਨ, ਉਵੇਂ ਹੀ ਕਾਂਗਰਸ ‘ਚ ਅੰਦਰੂਨੀ ਕਲੇਸ਼ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਾਂਗਰਸੀਆਂ ਵੱਲੋਂ ਖਾਧੀਆਂ ਝੂਠੀਆਂ ਸੌਂਹਾਂ ਨੂੰ ਦੋਹਰੀ ਬੇਅਦਬੀ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੁਣ 2022 ਦੀਆਂ ਚੋਣਾਂ ਨੂੰ ਨੇੜੇ ਦੇਖਦੇ ਹੋਏ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਮੰਤਰੀ ਲੋਕਾਂ ਦਾ ਧਿਆਨ ਭਟਕਾਉਣ ਲਈ ਆਪਸ ਵਿੱਚ ਗੁੱਥਮ-ਗੁੱਥਾ ਹੋਣ ਦਾ ਨਾਟਕ ਰਚ ਰਹੇ ਹਨ।

ਚੀਮਾ ਨੇ ਕਿਹਾ ਕਿ 4 ਸਾਲ ਤੱਕ ਆਪਣੀ ਸਰਕਾਰ ਵਿੱਚ ਰੇਤਾ ਬਜਰੀ, ਟਰਾਂਸਪੋਰਟ, ਨਸ਼ਾ, ਭੂ ਤੇ ਸ਼ਰਾਬ ਮਾਫੀਆ ਚਲਾ ਕੇ ਹੁਣ ਕਾਂਗਰਸੀ ਮੰਤਰੀ ਤੇ ਨੇਤਾ ਸੱਚੇ ਹੋਣ ਦਾ ਨਾਟਕ ਕਰਕੇ ਆਮ ਲੋਕਾਂ ਨੂੰ ਮੂਰਖ ਬਣਾਉਣ ਦੇ ਯਤਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸ਼ੁਰੂ ਤੋਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਤੇ ਉਨ੍ਹਾਂ ਨੂੰ ਬਚਾਉਣ ਵਾਲਿਆਂ ਖ਼ਿਲਾਫ਼ ਆਵਾਜ ਚੁੱਕਦੀ ਆਈ ਹੈ, ਪਰ ਹੁਣ ਸੱਚੇ ਬਣ ਰਹੇ ਕਾਂਗਰਸੀ ਮੰਤਰੀਆਂ ਤੇ ਆਗੂਆਂ ਨੇ ਕਦੇ ਵੀ ਆਮ ਆਦਮੀ ਪਾਰਟੀ ਦਾ ਇਸ ਮੁੱਦੇ ‘ਤੇ ਸਾਥ ਨਹੀਂ ਦਿੱਤਾ।

ਕਾਂਗਰਸੀ ਮੰਤਰੀਆਂ ‘ਤੇ ਵਰਦਿਆਂ ਚੀਮਾ ਨੇ ਕਿਹਾ ਕਿ ਉਹ ਦੱਸਣ ਕਿ ਹੁਣ ਤਕ ਉਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਨਸਾਫ ਪ੍ਰਾਪਤ ਕਰਨ ਲਈ ਅਖਬਾਰੀ ਬਿਆਨਬਾਜੀ ਤੋਂ ਬਿਨਾਂ ਮੁੱਖ ਮੰਤਰੀ ‘ਤੇ ਹੋਰ ਕਿਹੜਾ ਦਬਾਅ ਬਣਾਇਆ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਦੀ ਕਾਰਵਾਈ ਦੇ ਦੌਰਾਨ ਹੀ ਮੰਤਰੀ ਸੁੱਖੀ ਰੰਧਾਵਾ ਤੇ ਚਰਨਜੀਤ ਸਿੰਘ ਚੰਨੀ ਆਪਣੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਾਸੋਂ ਇਨਸਾਫ਼ ਦੀ ਮੰਗ ਲਈ ਝੋਲੀਆਂ ਅੱਡਣ ਦਾ ਨਾਟਕ ਕਰ ਚੁੱਕੇ ਹਨ, ਪਰ ਬਾਹਰ ਆ ਕੇ ਉਹ ਫਿਰ ਉਸੇ ਸਰਕਾਰ ਦਾ ਹਿੱਸਾ ਬਣ ਕੇ ਕਾਰਜ ਕਰਦੇ ਰਹੇ।

ਉਨਾਂ ਕਿਹਾ ਕਿ ਇਹੀ ਮੰਤਰੀ ਬਰਗਾੜੀ ਮੋਰਚੇ ‘ਚ ਜਾ ਕੇ ਇਨਸਾਫ ਦਾ ਵਾਅਦਾ ਕਰਕੇ ਆਏ ਸਨ ਪਰ ਵਾਪਸ ਚੰਡੀਗੜ ਆ ਕੇ ਕੈਪਟਨ ਦੀ ਵਜ਼ਾਰਤ ਦਾ ਆਨੰਦ ਲੈਂਦਿਆਂ ਸਾਰੇ ਵਾਅਦਿਆਂ ਨੂੰ ਭੁੱਲ ਗਏ। ਉਨਾਂ ਕਿਹਾ ਕਿ ਜਦੋਂ ਵਜ਼ੀਰਾਂ ਦਾ ਹੀ ਆਪਣੀ ਕੈਬਨਿਟ ਵਿੱਚੋਂ ਵਿਸ਼ਵਾਸ ਉੱਠ ਗਿਆ ਤਾਂ ਅਜਿਹੀ ਹਾਲਤ ਵਿੱਚ ਕਿਸੇ ਵੀ ਸਰਕਾਰ ਨੂੰ ਸੱਤਾ ‘ਚ ਰਹਿਣ ਦਾ ਕੋਈ ਹੱਕ ਨਹੀਂ ਰਹਿ ਜਾਂਦਾ।  

NO COMMENTS