*ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਨੂੰ ਵੱਡਾ ਝਟਕਾ, ਹਰਮੋਹਨ ਸੰਧੂ ਨੇ ਦਿੱਤਾ ਅਸਤੀਫਾ*

0
72

ਚੰਡੀਗੜ੍ਹ 13,ਸਤੰਬਰ (ਸਾਰਾ ਯਹਾਂ/ਬਿਊਰੋ ਨਿਊਜ਼): ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਨੂੰ ਝਟਕੇ ਲੱਗਣੇ ਸ਼ੁਰੂ ਹੋ ਗਏ ਹਨ। ਕਰੀਬ ਦੋ ਸਾਲ ਪਹਿਲਾਂ ਸਰਕਾਰੀ ਨੌਕਰੀ ਛੱਡ ਕੇ ਅਕਾਲੀ ਦਲ ‘ਚ ਸ਼ਾਮਿਲ ਹੋਣ ਵਾਲੇ ਸਾਬਕਾ ਆਈਏਜੀ ਹਰਮੋਹਨ ਸਿੰਘ ਸੰਧੂ ਨੇ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਫੇਸਬੁੱਕ ਪੋਸਟ ਜ਼ਰੀਏ ਅਸਤੀਫੇ ਦਾ ਐਲਾਨ ਕੀਤਾ ਤੇ ਕਿਹਾ ਕਿ ਅਸਤੀਫਾ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਭੇਜਿਆ ਜਾਵੇਗਾ।

ਹਰਮੋਹਨ ਸਿੰਘ ਸੰਧੂ ਨੇ 26 ਨਵੰਬਰ, 2018 ਨੂੰ ਕਰੀਬ ਅੱਠ ਸਾਲ ਪਹਿਲਾਂ ਹੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਸੀ। ਸਾਲ 2019 ‘ਚ ਉਹ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਿਲ ਹੋਏ ਸਨ। ਉਨ੍ਹਾਂ ਦੇ ਪਿਤਾ ਅਜਾਇਬ ਸਿੰਘ ਸੰਧੂ ਦੋ ਵਾਰ ਵਿਧਾਇਕ ਰਹਿ ਚੁੱਕੇ ਹਨ ਅਤੇ ਉਨ੍ਹਾਂ ਦੀ ਮਾਤਾ ਸਾਬਕਾ ਮੰਤਰੀ ਸਤਵੰਤ ਕੌਰ ਸੰਧੂ ਪੰਜ ਵਾਰ ਚਮਕੌਰ ਸਾਹਿਬ ਤੋਂ ਵਿਧਾਨ ਸਭਾ ਸੀਟ ਜਿੱਤ ਚੁੱਕੇ ਹਨ।

ਹਰਮੋਹਨ ਸਿੰਘ ਸੰਧੂ ਇਕ ਵੱਡੀ ਰੈਲੀ ‘ਚ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਚ ਸ਼ਾਮਲ ਕੀਤਾ ਸੀ। ਅੱਜ ਉਨ੍ਹਾਂ ਫੇਸਬੁੱਕ ‘ਤੇ ਆਪਣੀ ਨਰਾਜ਼ਗੀ ਲਿਖਦਿਆਂ ਅਸਤੀਫਾ ਦੇ ਦਿੱਤਾ। ਉਨ੍ਹਾਂ ਲਿਖਿਆ, ‘ਮੇਰੇ ਪਰਿਵਾਰ ਨੇ 1962 ਤੋਂ ਅਕਾਲੀ ਦਲ ਦੀ ਸੇਵਾ ਕੀਤੀ ਹੈ। ਸਾਡੇ ਹਲਕੇ ‘ਚ ਬਾਹਰ ਤੋਂ ਆਕੇ ਵਿਧਾਇਕ ਬਣਿਆ ਵਿਅਕਤੀ ਤੇ ਕੁਝ ਐਸਜੀਪੀਸੀ ਦੇ ਮੈਂਬਰ, ਜਿੰਨ੍ਹਾਂ ਨੇ ਪੰਥ ਦੇ ਵਿਰੋਧ ਦੇ ਉਲਟ ਸ਼ੂਗਰ ਮਿੱਲ, ਮਿਲਕਫੈੱਡ ਸੁਸਾਇਟੀ ਚੋਣਾਂ ਦੌਰਾਨ ਸਾਡੇ ਕਿਸਾਨ ਭਰਾਵਾਂ ਦੇ ਕਾਗਜ਼ ਰੱਦ ਕਰਵਾਏ ਤੇ ਪਰਚੇ ਕਰਵਾਏ, ਮੈਂ ਉਨ੍ਹਾਂ ਦੇ ਹੱਕ ‘ਚ ਨਹੀਂ ਹਾਂ। ਮੈਂ ਆਪਣੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਰਿਹਾ ਹਾਂ।’

ਦੱਸ ਦੇਈਏ ਕਿ ਅਕਾਲੀ ਦਲ ਲਈ ਇਹ ਹੋਰ ਵੀ ਵੱਡਾ ਝਟਕਾ ਹੈ। ਕਿਉਂਕਿ ਕਿਸਾਨ ਪਹਿਲਾਂ ਹੀ ਨਰਾਜ ਹਨ ਤੇ ਉੱਤੋਂ ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਹਨ। ਦੱਸ ਦੇਈਏ ਕਿ ਚੋਣਾਂ ਦੇ ਮਾਹੌਲ ‘ਚ ਅਜਿਹੀਆਂ ਸੁਰਖੀਆਂ ਨਾਲ ਸਿਆਸੀ ਬਜ਼ਾਰ ਗਰਮ ਰਹੇਗਾ।

NO COMMENTS