ਮਾਨਸਾ,,/ਬੋਹਾ , 9 ਫਰਵਰੀ (ਸਾਰਾ ਯਹਾਂ/ ਮੁੱਖ ਸੰਪਾਦਕ) : ਜਲ ਸਰੋਤ ਤੇ ਮਾਈਨਿੰਗ ਵਿਭਾਗ ਪੰਜਾਬ ਵੱਲੋਂ ਬੋਹਾ ਰਜਬਾਹਾ ਨੂੰ ਪੱਕਾ ਕਰਨ ਦੇ 30 ਕਰੋੜ ਲਾਗਤ ਵਾਲੇ ਪ੍ਰੋਜੈਕਟ ਦਾ ਉਦਘਾਟਨ ਕਰਨ ਲਈ ਇਕ ਸਮਾਰੋਹ ਬੋਹਾ-ਬੁਢਲਾਡਾ ਮੁੱਖ ਸੜਕ ਤੇ ਬਣੇ ਰਜਬਾਹਾ ਪੁੱਲ ਕੋਲ ਕਰਵਾਇਆ ਗਿਆ। ਪ੍ਰੋਜੈਕਟ ਦਾ ਉਦਘਾਟਨ ਕਰਨ ਉਪਰੰਤ ਵਿਧਾਨ ਸਭਾ ਬੁਢਲਾਡਾ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਸ ਰਜਬਾਹੇ ਦੇ ਪੱਕਾ ਹੋਣ ਨਾਲ ਜਿੱਥੇ ਇਸ ਖੇਤਰ ਵਿਚ ਨਹਿਰੀ ਪਾਣੀ ਦੀ ਘਾਟ ਪੂਰੀ ਹੋਵੇਗੀ ਉੱਥੇ ਇਸ ਖੇਤਰ ਦੇ ਜਲ ਘਰਾਂ ਨੂੰ ਪੂਰੀ ਮਾਤਰਾ ਵਿਚ ਪਾਣੀ ਮਿਲਣ ਨਾਲ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਹੱਲ ਵੀ ਹੋਵੇਗਾ । ਉਨ੍ਹਾਂ ਕਿਹਾ ਕਿ ਬਖਸ਼ੀਵਾਲਾ ਵੱਲੋਂ ਹੈਡ ਤੋਂ ਬੋਹਾ ਰਜਬਾਹੇ ਦੀ ਦਲੇਲ ਸਿੰਘ ਵਾਲਾ ਟੇਲ ਤੱਕ 43 ਕਿਲੋ ਮੀਟਰ ਲੰਬੇ ਰਜਬਾਹੇ ਨੂੰ ਪੱਕਿਆ ਕਰਵਾਉਣਾ ਉਨ੍ਹਾ ਦਾ ਡਰੀਮ ਪ੍ਰੋਜੈਕਟ ਹੈ ।ਉਨ੍ਹਾਂ ਕਿਹਾ ਕਿ ਭਾਵੇਂ ਇਸ ਨੂੰ ਪੱਕਿਆ ਕਰਨ ਲਈ ਤਿੰਨ ਸਾਲ ਦੀ ਸੀਮਾਂ ਹੱਦ ਮਿੱਥੀ ਗਈ ਹੈ ਪਰ ਉਨ੍ਹਾਂ ਦੀ ਕੌਸ਼ਿਸ਼ ਰਹੇਗੀ ਕਿ ਇਹ ਪ੍ਰੋਜੈਕਟ ਦੋ ਸਾਲ ਤੋਂ ਪਹਿਲਾਂ ਹੀ ਪੂਰਾ ਹੋ ਜਾਵੇ। ਉਨਾਂ ਕਿਹਾ ਕਿ ਇਸ ਤੋਂ ਬਾਅਦ ਬੁਢਲਾਡਾ ਰਜਬਾਹੇ ਨੂੰ ਪੱਕਾ ਕਰਾਉਣ ਲਈ ਵੀ ਉਨ੍ਹਾਂ ਵੱਲੋਂ ਪੁਰਜ਼ੋਰ ਯਤਨ ਕੀਤੇ ਜਾਣਗੇ। ਜਲ ਸਰੋਤ ਤੇ ਮਾਈਨਿੰਗ ਵਿਭਾਗ ਦੇ ਐਸ ਈ ਸੁਖਜੀਤ ਸਿੰਘ ਭੁੱਲਰ ਨੇ ਕਿਹਾ ਕਿ ਰਜਬਾਹੇ ਨੂੰ ਪੱਕਿਆਂ ਕਰਨ ਦਾ ਕੰਮ ਪੜਾਅ ਵਾਰ ਕੀਤਾ ਜਾਵੇਗਾ ਕਿਸੇ ਵੀ 25 ਦਿਨਾਂ ਤੋਂ ਵੱਧ ਪਾਣੀ ਦੀ ਬੰਦੀ ਨਹੀਂ ਲਾਈ ਜਾਵੇਗੀ । ਜ਼ਿਲ੍ਹਾ ਯੋਯਨਾ ਬੋਰਡ ਦੇ ਚੇਅਰਮੈਨ ਚਰਨਜੀਤ ਸਿੰਘ ਅੱਕਾਂਵਾਲੀ ਨੇ ਕਿਹਾ ਕਿ ਵਿਧਾਇਕ ਬੁੱਧ ਰਾਮ ਦੇ ਯਤਨਾਂ ਨਾਲ ਸ਼ੁਰੂ ਇਸ ਪ੍ਰੋਜੈਕਟ ਦੇ ਨੇਪਰੇ ਚੜ੍ਹਣ ਤੇ ਇਸ ਖੇਤਰ ਲੋਕਾ ਦੀ ਇਕ ਵੱਡੀ ਮੰਗ ਪੂਰੀ ਹੋ ਜਾਵੇਗੀ । ਇਸ ਸਮੇਂ ਨਗਰ ਪੰਚਾਇਤ ਬੋਹਾ ਦੇ ਪ੍ਰਧਾਨ ਸੁਖਜੀਤ ਕੌਰ ,ਕੋਆਪਰੇਟਿਵ ਬੈਂਕ ਦੇ ਜ਼ਿਲ੍ਹਾ ਚੇਅਰਮੈਨ ਸੋਹਣਾ ਸਿੰਘ ਕਲੀਪੁਰ ,ਸਿਨੇਮਾ ਅਦਾਕਾਰ ਦਰਸ਼ਨ ਘਾਰੂ , ਲਾਟ ਸਿੰਘ ਐਮ. ਸੀ .ਕਰਮਜੀਤ ਸਿੰਹ ਫੌਜੀ ,ਸੁਖਾ ਸਿੰਘ ਭੋਡੀਪੁਰੀਆ , ਕਾਮਰੇਡ ਜਗਨ ਨਾਥ , ਗੁਰਦਰਸਨ ਸਿੰਘ ਮੰਢਾਲੀ , ਰਣਜੀਤ ਸਿੰਘ ਫਰੀਦਕੇ, ਵਿਨੋਦ ਕੁਮਾਰ ਮੰਗਲਾ ਤੇ ਬੰਤ ਸਿੰਘ ਮਘਾਣੀਆਂ ਆਦਿ ਵੀ ਹਾਜ਼ਰ ਸਨ ।