ਮਾਨਸਾ 22 ,ਮਾਰਚ (ਸਾਰਾ ਯਹਾਂ /ਹਿਤੇਸ਼ ਸ਼ਰਮਾ) : ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਮਾਨਸਾ ਵੱਲੋਂ ਸਟੇਟ ਪ੍ਰੋਗਰਾਮ ਅਨੁਸਾਰ ਪੰਜਾਬ ਸਰਕਾਰ ਨੂੰ ਵਾਅਦਾ ਯਾਦ ਕਰਵਾਉਣ ਸੰਬੰਧੀ ਐਮ.ਐਲ.ਏ. ਨਾਜਰ ਸਿੰਘ ਮਾਨਸ਼ਾਹੀਆ ਮਾਨਸਾ ਨੂੰ ਧਿਆਨ ਦਵਾਊ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਜਿਲ੍ਹਾ ਕਨਵੀਨਰ ਦਰਸ਼ਨ ਸਿੰਘ ਅਲੀਸ਼ੇਰ ਨੇ ਵਿਧਾਇਕ ਮਾਨਸਾ ਦੇ ਧਿਆਨ ਵਿੱਚ ਲਿਆਂਦਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਚੋਣ ਮਨੋਰਥ ਪੱਤਰ ਸਮੇਂ ਮੁਲਾਜਮਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਸਰਕਾਰ ਬਣਨ ਉਪਰੰਤ ਮੁਲਾਜਮਾਂ ਦੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇਗੀ। ਪਰ ਅਜਿਹਾ ਨਹੀਂ ਕੀਤਾ ਗਿਆ। ਕੋ ਕਨਵੀਨਰ ਗੁਰਪ੍ਰੀਤ ਸਿੰਘ ਦਲੇਲ ਵਾਲਾ ਨੇ ਕਿਹਾ ਕਿ ਸਰਕਾਰ ਦਾ ਕਾਰਜਕਾਲ ਪੂਰਾ ਹੋਣ ਤੇ ਆ ਗਿਆ ਹੈ ਅਤੇ ਸਰਕਾਰ ਜਾਣ ਬੁੱਝ ਕੇ ਇਸ ਮਸਲੇ ਨੂੰ ਹੱਲ ਨਹੀਂ ਕਰ ਰਹੀ। ਵਿਧਾਇਕ ਨੂੰ ਜਾਣਕਾਰੀ ਦਿੰਦਿਆਂ ਨਵੀਂ ਪੈਨਸ਼ਨ ਸਕੀਮ ਦੇ ਮਾਰੂ ਪ੍ਰਭਾਵਾਂ ਬਾਰੇ ਜਾਣੂ ਕਰਵਾਇਆ ਗਿਆ ਤੇ ਦੱਸਿਆ ਗਿਆ ਕਿ ਮੌਜੂਦਾ ਵਿਧਾਇਕ ਪੁਰਾਣੀ ਪੈਨਸ਼ਨ ਲੈ ਰਹੇ ਹਨ, ਸਿਰਫ 2004 ਤੋਂ ਬਾਅਦ ਭਰਤੀ ਹੋਏ ਮੁਲਾਜਮਾਂ ਨਾਲ ਹੀ ਇਹ ਵਿਤਕਰਾ ਹੋ ਰਿਹਾ ਹੈ। ਉਹਨਾਂ ਜੋਰ ਦਿੰਦੇ ਹੋਏ ਕਿਹਾ ਕਿ 24 ਮਾਰਚ ਨੂੰ ਪੰਜਾਬ ਸਰਕਾਰ ਨਾਲ ਇਸ ਸੰਬੰਧੀ ਗੱਲਬਾਤ ਦੌਰਾਨ ਮੁਲਾਜਮਾਂ ਦੇ ਪੱਖ ਨੂੰ ਗੰਭੀਰਤਾ ਨਾਲ ਵਿਚਾਰਿਆ ਜਾਵੇ। ਇਸ ਮੌਕੇ ਨਾਜਰ ਸਿੰਘ ਮਾਨਸ਼ਾਹੀਆ ਨੇ ਐਨ.ਪੀ.ਐਸ. ਮੁਲਾਜਮਾਂ ਨੂੰ ਵਿਸ਼ਵਾਸ ਦਵਾਇਆ ਕਿ ਉਹਨਾਂ ਦਾ ਪੱਖ ਸਰਕਾਰ ਕੋਲ ਜੋਰਸ਼ੋਰ ਨਾਲ ਰੱਖਿਆ ਜਾਵੇਗਾ। ਇਸ ਮੌਕੇ ਗੁਰਜੀਤ ਸਿੰਘ ਰੜ੍ਹ, ਜਗਤਾਰ ਸਿੰਘ ਝੱਬਰ, ਅਮਰੀਕ ਸਿੰਘ, ਜੱਗਾ ਸਿੰਘ, ਗੁਰਜੰਟ ਸਿੰਘ, ਹਰਦੀਪ ਸਿੰਘ, ਰਵੀ ਕੁਮਾਰ, ਗੁਰਸੇਵਕ ਸਿੰਘ ਆਦਿ ਹਾਜਰ ਸਨ।