*ਵਿਧਾਇਕ ਬੁੱਧ ਰਾਮ ਨੇ ਪਿੰਡ ਆਲਮਪੁਰ ਮੰਦਰਾਂ ਵਿਖੇ ਲਗਾਏ ‘ਜਨ ਸੁਣਵਾਈ ਕੈਂਪ’ ਦੌਰਾਨ ਲੋਕਾਂ ਦੀਆਂ ਸੁਣੀਆਂ ਸਮੱਸਿਆਵਾਂ*

0
118

ਮਾਨਸਾ 06 ਸਤੰਬਰ (ਸਾਰਾ ਯਹਾਂ/ਮੁੱਖ ਸੰਪਾਦਕ) ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਨੂੰ ਪ੍ਰਸ਼ਾਸਨਿਕ ਸੇਵਾਵਾਂ ਸੁਖਾਲੇ ਢੰਗ ਨਾਲ ਉਨ੍ਹਾਂ ਦੇ ਘਰਾਂ ਤੱਕ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਪੰਜਾਬ ਸਰਕਾਰ ਦੀ ਗਰੰਟੀ ਸੀ ਕਿ ਸਰਕਾਰੀ ਅਧਿਕਾਰੀ ਪਿੰਡਾਂ ਵਿਚ ਪਹੁੰਚ ਕੇ ਲੋਕਾਂ ਦੇ ਸਰਕਾਰੀ ਵਿਭਾਗਾਂ ਨਾਲ ਸਬੰਧਤ ਕੰਮ ਅਤੇ ਲੋਕ ਮਸਲਿਆਂ ਦਾ ਹੱਲ ਕਰਿਆ ਕਰਨਗੇ। ਇਸ ਗਰੰਟੀ ਨੂੰ ਪੰਜਾਬ ਸਰਕਾਰ ਨੇ ਬਾਖ਼ੂਬੀ ਪੂਰਾ ਕੀਤਾ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਬੁਢਲਾਡਾ ਤੇ ਕਾਰਜਕਾਰੀ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ, ਪ੍ਰਿੰਸੀਪਲ ਬੁੱਧ ਰਾਮ ਨੇ ਪਿੰਡ ਆਲਮਪੁਰ ਮੰਦਰਾਂ ਵਿਖੇ ‘ਸਰਕਾਰ, ਤੁਹਾਡੇ ਦੁਆਰ’ ਤਹਿਤ ਲਗਾਏ ਜਨ ਸੁਣਵਾਈ ਕੈਂਪ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਕੀਤਾ।
ਵਿਧਾਇਕ ਬੁੱਧ ਰਾਮ ਨੇ ਕਿਹਾ ਕਿ ਸੂਬਾ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਦੀ ਯੋਗ ਅਗਵਾਈ ਹੇਠ ਜਿਲ੍ਹੇ ਅੰਦਰ ਹੁਣ ਹਰੇਕ 15 ਦਿਨਾਂ ਬਾਅਦ ਸਰਕਾਰੀ ਅਧਿਕਾਰੀਆਂ ਵੱਲੋਂ 5 ਤੋਂ 6 ਪਿੰਡਾਂ ਦਾ ਕਲੱਸਟਰ ਬਣਾ ਕੇ ਸਪੈਸ਼ਲ ਕੈਂਪ ਲਗਾਏ ਜਾ ਰਹੇ ਹਨ, ਜਿੰਨ੍ਹਾਂ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਆਪਣੇ ਸਟਾਫ ਸਮੇਤ ਬੈਠਦੇ ਹਨ ਅਤੇ ਮੌਕੇ ’ਤੇ ਹੀ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਦੇ ਹਨ। ਲੋਕਾਂ ਦੇ ਬਹੁਤ ਸਾਰੇ ਕੰਮ ਮੌਕੇ ’ਤੇ ਹੀ ਹੋ ਜਾਂਦੇ ਹਨ। ਲੋਕਾਂ ਨੂੰ ਸਬ ਡਵੀਜਨ ਪੱਧਰ ਦੇ ਦਫ਼ਤਰਾਂ ਵਿੱਚ ਜਾਣ ਦੀ ਲੋੜ ਨਹੀਂ ਪੈਂਦੀ ਅਤੇ ਉਨ੍ਹਾਂ ਦੇ ਸਮੇਂ ਅਤੇ ਪੈਸੇ ਦੀ ਬੱਚਤ ਵੀ ਹੁੰਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇੰਨ੍ਹਾਂ ਕੈਂਪਾਂ ਦਾ ਵੱਧ ਤੋਂ ਵੱਧ ਫਾਇਦਾ ਉਠਾਉਣ।
ਇਸ ਦੌਰਾਨ ਵਿਧਾਇਕ ਬੁੱਧ ਰਾਮ ਨੇ ਐਸ.ਡੀ.ਐਮ. ਬੁਢਲਾਡਾ ਗਗਨਦੀਪ ਸਿੰਘ ਅਤੇ ਮੇਜਰ ਸਿੰਘ ਧਾਲੀਵਾਲ ਬੀ.ਡੀ.ਪੀ.ਓ. ਨੂੰ ਕੈਂਪ ਵਿੱਚ ਆਉਣ ਵਾਲੇ ਹਰੇਕ ਵਿਅਕਤੀ ਦੇ ਕੰਮ ਲਈ ਸਬੰਧਿਤ ਮਹਿਕਮੇ ਦੇ ਕਰਮਚਾਰੀ ਨੂੰ ਸਹਿਯੋਗ ਵਾਲੀ ਭਾਵਨਾ ਨਾਲ ਕੰਮ ਕਰਨ ਲਈ ਵੀ ਪ੍ਰੇਰਿਤ ਕਰਨ ਲਈ ਕਿਹਾ।
ਕੈਂਪ ਦੌਰਾਨ ਪਿੰਡ ਆਲਮਪੁਰ ਮੰਦਰਾਂ, ਲਖਮੀਰਵਾਲਾ, ਜੋਈਆਂ, ਕਾਸਮਪੁਰ ਛੀਨਾ, ਮਲਕੋਂ, ਸੰਦਲੀ ਅਤੇ ਫਰੀਦਕੇ ਦੇ ਲੋਕ ਆਪਣੀਆਂ ਸਾਂਝੀਆਂ ਤੇ ਨਿੱਜੀ ਸਮੱਸਿਆਵਾਂ ਲੈ ਕੇ ਪਹੁੰਚੇ, ਜਿੰਨ੍ਹਾਂ ’ਚ ਮਾਲ ਵਿਭਾਗ ਤੋਂ ਇਲਾਵਾ ਮਗਨਰੇਗਾ, ਪੈਨਸ਼ਨਾਂ, ਛੱਪੜਾਂ ਤੇ ਗਲੀਆਂ-ਨਾਲੀਆਂ ਦੇ ਪਾਣੀ ਦੀ ਨਿਕਾਸੀ, ਪੀਣ ਵਾਲੇ ਪਾਣੀ, ਨਹਿਰੀ ਪਾਣੀ ਤੇ ਖਾਲੇ, ਵੱਖ ਵੱਖ ਤਰ੍ਹਾਂ ਦੀਆਂ ਪੈਨਸ਼ਨਾਂ ਆਦਿ ਤੋਂ ਇਲਾਵਾ ਵਿਕਾਸ ਕਾਰਜਾਂ ਨਾਲ ਸਬੰਧਤ ਸਮੱਸਿਆਵਾਂ ਸਨ। ਇਨ੍ਹਾਂ ’ਚੋਂ ਬਹੁਤੀਆਂ ਸਮੱਸਿਆਵਾਂ ਦਾ ਨਿਪਟਾਰਾ ਮੌਕੇ ’ਤੇ ਹੀ ਕੀਤਾ ਗਿਆ ਤੇ ਰਹਿੰਦੀਆਂ ਸਮੱਸਿਆਵਾਂ ਦੇ ਹੱਲ ਲਈ ਸਬੰਧਤ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ ਗਏ।
ਇਸ ਮੌਕੇ ਰਣਜੀਤ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਬੋਹਾ, ਸੋਹਣ ਸਿੰਘ ਕਲੀਪੁਰ ਚੇਅਰਮੈਨ ਸੈਂਟਰਲ ਕੋ-ਆਪਰੇਟਿਵ ਬੈਂਕ ਜ਼ਿਲ੍ਹਾ ਮਾਨਸਾ, ਗੁਰਦਰਸ਼ਨ ਸਿੰਘ ਪਟਵਾਰੀ, ਕੈਂਪ ਪ੍ਰਬੰਧਕ ਬਲਜਿੰਦਰ ਸਿੰਘ, ਧਰਵਿੰਦਰ ਸਿੰਘ, ਹਰਪ੍ਰੀਤ ਸਿੰਘ, ਜਗਤਾਰ ਸਿੰਘ, ਬਲਵੀਰ ਸਿੰਘ, ਹਰਦੀਪ ਸਿੰਘ ਪਿੰਡ ਆਲਮਪੁਰ ਮੰਦਰਾਂ, ਧਰਮਿੰਦਰ ਸਿੰਘ ਮਲਕੋਂ, ਮੱਖਣ ਸਿੰਘ ਮਲਕਪੁਰ ਭੀਮੜਾ, ਗੁਰਤੇਜ ਸਿੰਘ ਲਖਮੀਰਵਾਲਾ, ਸੁਖਵਿੰਦਰ ਸਿੰਘ ਜੋਈਆਂ, ਨੈਬ ਸਿੰਘ ਅਤੇ ਜਸਵਿੰਦਰ ਸਿੰਘ ਅੱਕਾਂਵਾਲੀ ਆਦਿ ਹਾਜ਼ਰ ਸਨ।

NO COMMENTS