ਵਿਧਾਇਕ ਨਾਜਰ ਸਿੰਘ ਮਾਨਸਾਹੀਆ ਵੱਲੋਂ ਸ਼ਹਿਰੀ ਵਾਤਾਵਰਣ ਸੁਧਾਰ

0
96

ਮਾਨਸਾ, 9 ਨਵੰਬਰ(ਸਾਰਾ ਯਹਾ / ਮੁੱਖ ਸੰਪਾਦਕ) : ਪੰਜਾਬ ਸਰਕਾਰ ਮਾਨਸਾ ਦੀ ਨੁਹਾਰ ਸੰਵਾਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਜਿਸ ਦੇ ਚਲਦਿਆਂ ਇਥੋਂ ਦੇ ਨਿਵਾਸੀਆਂ ਨੂੰ ਹਰੇਕ ਤਰ੍ਹਾਂ ਦੀਆਂ ਸੁਵਿਧਾਵਾਂ ਮੁਹੱਈਆ ਕਰਵਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ । ਇਹ ਪ੍ਰਗਟਾਵਾ ਵਿਧਾਇਕ ਸ. ਨਾਜਰ ਸਿੰਘ ਮਾਨਸਾਹੀਆ ਨੇ ਅੱਜ ਪੰਜਾਬ ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ ਦੇ ਦੂਜੇ ਪੜਾਅ ਤਹਿਤ ਸ਼ਹਿਰ ਦੀਆਂ ਦੋ ਗਲੀਆਂ ਵਿੱਚ ਇੰਟਰਲਾਕ ਟਾਇਲਾਂ ਲਗਾਉਣ ਦੇ ਕੰਮ ਦਾ ਰਸਮੀ ਆਗਾਜ਼ ਕਰਨ ਮਗਰੋਂ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਮਾਨਸਾ ਦੇ ਵਿਕਾਸ ਕੰਮਾਂ ਲਈ ਕਰੀਬ 7 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ ਜਿਸ ਨਾਲ 50 ਤੋਂ ਵੀ ਵਧੇਰੇ ਵਿਕਾਸ ਕਾਰਜ ਕਰਵਾਉਣ ਦਾ ਟੀਚਾ ਮਿਥਿਆ ਗਿਆ ਹੈ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਤਰਜੀਹ ਦੇ ਆਧਾਰ ‘ਤੇ ਕਾਰਜ ਆਰੰਭ ਕਰਵਾ ਕੇ ਅਗਲੇ 3 ਮਹੀਨਿਆਂ ਅੰਦਰ ਇਨ੍ਹਾਂ ਕੰਮਾਂ ਨੂੰ ਨੇਪਰੇ ਚੜ੍ਹਾਇਆ ਜਾਵੇ।


ਸ. ਮਾਨਸਾਹੀਆ ਨੇ ਵਾਰਡ ਨੰਬਰ 5 ਦੀ ਗੋਲਡਨ ਕੂਲਰ ਵਾਲੀ ਗਲੀ ਅਤੇ ਵਾਰਡ ਨੰ: 20 ਦੀ ਡਾਕਖਾਨੇ ਵਾਲੀ ਗਲੀ ਵਿੱਚ ਟਾਇਲਾਂ ਲਗਾਉਣ ਦੇ ਕਾਰਜਾਂ ਦੀ ਕਹੀ ਨਾਲ ਟੱਕ ਲਗਾ ਕੇ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਸਮੁੱਚੇ ਕਾਰਜਾਂ ਨੂੰ ਪਾਰਦਰਸ਼ੀ ਢੰਗ ਨਾਲ ਸਮੇਂ ਸਿਰ ਮੁਕੰਮਲ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ ਦੇ ਤਹਿਤ ਮਾਨਸਾ ਦਾ ਲਗਭਗ 7 ਕਰੋੜ ਰੁਪਏ ਦੀ ਲਾਗਤ ਨਾਲ ਸਰਵਪੱਖੀ ਵਿਕਾਸ ਕਰਨ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਗਈ ਹੈ ਜਿਸ ਤਹਿਤ ਸੜਕਾਂ, ਗਲੀਆਂ ਨਾਲੀਆਂ, ਐਲ.ਈ.ਡੀ. ਸਟਰੀਟ ਲਾਈਟਾਂ ਸਮੇਤ ਹੋਰ ਅਨੇਕਾਂ ਸੁਵਿਧਾਵਾਂ ਨੂੰ ਯਕੀਨੀ ਬਣਾਇਆ ਜਾਵੇਗਾ। ਸ. ਮਾਨਸਾਹੀਆ ਨੇ ਕਿਹਾ ਕਿ ਵਿਕਾਸ ਕੰਮਾਂ ਲਈ ਸਰਕਾਰ ਕੋਲ ਫੰਡਾਂ ਦੀ ਕੋਈ ਕਮੀ ਨਹੀਂ ਹੈ ਅਤੇ ਲੋਕਾਂ ਦੀਆਂ ਲੋੜਾਂ ਨੂੰ ਮੁੱਖ ਰੱਖਦੇ ਹੋਏ ਪਹਿਲ ਦੇ ਆਧਾਰ ‘ਤੇ ਸਾਰੇ ਕੰਮ ਕਰਵਾਏ ਜਾ ਰਹੇ ਹਨ।


ਇਸ ਮੌਕੇ ਕਾਰਜਸਾਧਕ ਅਫ਼ਸਰ ਵਿਸ਼ਾਲਦੀਪ ਬਾਂਸਲ, ਜੇ.ਈ ਜਤਿੰਦਰ ਮਿੱਤਲ, ਜਗਦੀਸ਼ ਕੁਮਾਰ, ਗੌਰਵ ਬਜਾਜ, ਰਘਬੀਰ ਸਿੰਘ ਰਿਟਾ ਕਾਨੂੰਗੋ, ਰੌਬਿਨ ਗੋਗਨਾ, ਅਮਰਜੀਤ ਸਿੰਘ ਪ੍ਰਧਾਨ ਸਮੇਤ ਹੋਰ ਪਤਵੰਤੇ ਹਾਜ਼ਰ ਸਨ।

NO COMMENTS