ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਅਤੇ ਡਿਪਟੀ ਕਮਿਸ਼ਨਰਵੱਲੋਂ ‘ਕੋਰੋਨਾ ਫ਼ਤਿਹ ਕਿੱਟਾਂ’ ਵੰਡਣ ਦੀ ਮੁਹਿੰਮ ਦਾ ਆਗਾਜ਼

0
79

ਮਾਨਸਾ, 30 ਸਤੰਬਰ(ਸਾਰਾ ਯਹਾ / ਮੁੱਖ ਸੰਪਾਦਕ) :  ਮਿਸ਼ਨ ਫ਼ਤਿਹ ਤਹਿਤ ਪੰਜਾਬ ਸਰਕਾਰ ਵੱਲੋਂ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਕੀਮਤੀ ਜ਼ਿੰਦਗੀ ਨੂੰ ਬਚਾਉਣ ਹਿੱਤ ‘ਕੋਰੋਨਾ ਫ਼ਤਿਹ ਕਿੱਟਾਂ’ ਮੁਫ਼ਤ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਜ਼ਿਲ੍ਹਾ ਮਾਨਸਾ ਵਿਖੇ ਕੋਰੋਨਾ ਪਾਜ਼ੀਟਿਵ ਵਿਅਕਤੀਆਂ ਨੂੰ ਇਹ ਕਿੱਟਾਂ ਦੇਣ ਦੀ ਮੁਹਿੰਮ ਦੀ ਰਸਮੀ ਸ਼ੁਰੂਆਤ ਅੱਜ ਵਿਧਾਇਕ ਮਾਨਸਾ ਸ. ਨਾਜਰ ਸਿੰਘ ਮਾਨਸ਼ਾਹੀਆ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਦੇ ਨਾਗਰਿਕਾਂ ਨੂੰ ਸਿਹਤਮੰਦ ਰੱਖਣ ਲਈ ਵਿਸ਼ੇਸ਼ ਤੌਰ ’ਤੇ ਇਹ ਫ਼ਤਿਹ ਕਿੱਟਾਂ ਤਿਆਰ ਕਰਵਾਈਆਂ ਗਈਆਂ ਹਨ ਅਤੇ ਇਸ ਕਿੱਟ ਦਾ ਮਕਸਦ ਏਕਾਂਤਵਾਸ ਵਿੱਚ ਰਹਿ ਰਹੇ ਸਾਰੇ ਕੋਵਿਡ ਮਰੀਜ਼ਾਂ ਦੇ ਸਿਹਤ ਸੂਚਕਾਂ ਦੀ ਨਿਰੰਤਰ ਸਵੈ ਨਿਗਰਾਨੀ ਨੂੰ ਯਕੀਨੀ ਬਣਾਉਣਾ ਹੈ ਤਾਂ ਕਿ ਜ਼ਿੰਦਗੀਆਂ ਬਚਾਉਣ ਲਈ ਨਾਜ਼ੁਕ ਮਾਪਦੰਡਾਂ ਦੀ ਛੇਤੀ ਪਛਾਣ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਸਰਕਾਰ ਸਿਹਤ ਵਾਸੀਆਂ ਦੀ ਚੰਗੀ ਤੇ ਖੁਸ਼ਹਾਲ ਜ਼ਿੰਦਗੀ ਨੂੰ ਯਕੀਨੀ ਬਣਾਉਣ ਲਈ ਸਾਰਥਕ ਉਪਰਾਲੇ ਕਰ ਰਹੀ ਹੈ ਅਤੇ ਲੋਕਾਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਆਪਣੀ ਅਤੇ ਸਮਾਜ ਦੀ ਸਿਹਤਯਾਬੀ ਲਈ ਸਿਹਤ ਵਿਭਾਗ ਦੀਆਂ ਕੋਵਿਡ-19 ਤੋਂ ਬਚਾਅ ਸਬੰਧੀ ਸਲਾਹਾਂ ਨੂੰ ਰੋਜ਼ਾਨਾ ਦੀ ਜਿੰਦਗੀ ਵਿੱਚ ਅਪਣਾਉਣ ਨੂੰ ਯਕੀਨੀ ਬਣਾਉਣ।  ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਨੇ ਦੱਸਿਆ ਕਿ ਜ਼ਿਲ੍ਹਾ ਮਾਨਸਾ ਲਈ ਮਿਲਣ ਵਾਲੀਆਂ 400 ਕਿੱਟਾਂ ਵਿੱਚੋਂ 300 ਕਿੱਟਾਂ ਪ੍ਰਾਪਤ ਹੋ ਗਈਆਂ ਹਨ ਅਤੇ ਇਸ ਕੋਰੋਨਾ ਫ਼ਤਿਹ ਕਿੱਟ ਵਿੱਚ 18 ਵਸਤਾਂ ਸ਼ਾਮਲ ਹਨ ਜਿਨ੍ਹਾਂ ਵਿੱਚ ਪਲਸ ਆਕਸੀਮੀਟਰ, ਜ਼ਰੂਰੀ ਦਵਾਈਆਂ ਅਤੇ ਕਾੜ੍ਹੇ ਤੋਂ ਇਲਾਵਾ ਸਬੰਧਤ ਸਿੱਖਿਆ ਸਮੱਗਰੀ ਅਤੇ ਦਵਾਈਆਂ ਦੀ ਵਰਤੋਂ ਬਾਰੇ ਹਦਾਇਤਾਂ ਸ਼ਾਮਲ ਹਨ। ਕਿੱਟ ਵੰਡਣ ਮੌਕੇ ਮੌਜੂਦ ਸੀਨੀਅਰ ਆਗੂ ਡਾ. ਮਨੋਜ ਬਾਲਾ ਨੇ ਆਖਿਆ ਕਿ ਇਹ ਸਰਕਾਰ ਦਾ ਇੱਕ ਸ਼ਲਾਘਾਯੋਗ ਉਦਮ ਹੈ ਜਿਸ ਨਾਲ ਕੋਰੋਨਾ ਪਾਜੀਟਿਵ ਵਿਅਕਤੀਆਂ ਦਾ ਮਨੋਬਲ ਉੱਚਾ ਹੋਵੇਗਾ ਅਤੇ ਉਹ ਛੇਤੀ ਹੀ ਤੰਦਰੁਸਤ ਹੋ ਸਕਣਗੇ।  ਇਸੇ ਦੌਰਾਨ ‘ਕੋਰੋਨਾ ਫ਼ਤਿਹ ਕਿੱਟਾਂ’ ਮੁਫ਼ਤ ਮਿਲਣ ’ਤੇ ਲੋੜਵੰਦਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ। ਦਸ ਕੁ ਦਿਨ ਪਹਿਲਾਂ ਪਾਜ਼ੀਟਿਵ ਪਾਏ ਗਏ ਗੁਰਚਰਨ ਸਿੰਘ ਵਾਸੀ ਮਾਨਸਾ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪ੍ਰਦਾਨ ਕੀਤੀ ਗਈ ‘ਫ਼ਤਿਹ ਕਿੱਟ’ ਲਈ ਧੰਨਵਾਦ ਕਰਦਿਆਂ ਕਿਹਾ ਕਿ ਇਹ ਕਿੱਟਾਂ ਸਿਹਤ ਸੁਰੱਖਿਆ ਲਈ ਲਾਭਦਾਇਕ ਸਾਬਤ ਹੋਣਗੀਆਂ ਅਤੇ ਸਿਹਤਯਾਬ ਹੋਣ ਮਗਰੋਂ ਉਹ ਆਪਣੇ ਆਲੇ ਦੁਆਲੇ ਵੀ ਕੋਰੋਨਾ ਦੀਆਂ ਸਾਵਧਾਨੀਆਂ ਅਪਣਾਉਣ ਬਾਰੇ ਸਾਰਿਆਂ ਨੂੰ ਜਾਗਰੂਕ ਕਰਨਗੇ।  ਇਸ ਮੌਕੇ ਐਸ.ਡੀ.ਐਮ ਡਾ. ਸ਼ਿਖਾ ਭਗਤ, ਸਹਾਇਕ ਕਮਿਸ਼ਨਰ ਸ਼੍ਰੀਮਤੀ ਸਰਬਜੀਤ ਕੌਰ, ਸਿਵਲ ਸਰਜਨ ਡਾ. ਲਾਲ ਚੰਦ ਠਕਰਾਲ, ਸੀਨੀਅਰ ਆਗੂ ਸ਼੍ਰੀਮਤੀ ਰਣਜੀਤ ਕੌਰ ਭੱਟੀ ਸਮੇਤ ਹੋਰ ਆਗੂ ਅਤੇ ਅਧਿਕਾਰੀ ਵੀ ਹਾਜ਼ਰ ਸਨ। I/84017/2020

NO COMMENTS