*ਵਿਧਾਇਕ ਡਾ. ਵਿਜੈ ਸਿੰਗਲਾ ਜੀ ਨੇ ਕੀਤਾ ਰੱਲਾ ਵਿਖੇ ਮੁਹੱਲਾ ਕਲੀਨਿਕ ਦਾ ਉਦਘਾਟਨ*

0
107

ਮਾਨਸਾ, 14 ਅਗਸਤ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)

76ਵੇਂ ਅਜ਼ਾਦੀ ਦਿਵਸ ਮੌਕੇ ਪੰਜਾਬ ਸਰਕਾਰ ਵੱਲੋਂ 76 ਨਵੇਂ ‘ਆਮ ਆਦਮੀ ਮੁਹੱਲਾ ਕਲੀਨਿਕ’ ਸ਼ੁਰੂ ਕੀਤੇ ਗਏ ਹਨ ਅਤੇ ਵਿਧਾਨ ਸਭਾ ਹਲਕਾ ਮਾਨਸਾ ਦੇ ਪਿੰਡ ਰੱਲਾ ਵਿਖੇ ਵੀ ਲੋਕਾਂ ਨੂੰ ਮੁੱਢਲੀਆਂ ਸਿਹਤ ਸਹੂਲਤਾਂ ਦੇਣ ਲਈ ‘ਆਮ ਆਦਮੀ ਮੁਹੱਲਾ ਕਲੀਨਿਕ’ ਬਣਾਇਆ ਗਿਆ ਹੈ। ਜਿਸ ਦਾ ਉਦਘਾਟਨ ਹਲਕਾ ਵਿਧਾਇਕ ਡਾ. ਵਿਜੈ ਸਿੰਗਲਾ ਜੀ ਵੱਲੋਂ ਰੀਬਨ ਕੱਟਕੇ ਪੂਰੇ ਜ਼ਾਹੋ-ਜ਼ਲਾਲ ਨਾਲ ਕੀਤਾ ਗਿਆ। ਇਸ ਮੌਕੇ ਉਹਨਾ ਦੇ ਨਾਲ ਮਾਨਸਾ ਦੇ ਡਿਪਟੀ ਕਮਿਸ਼ਨਰ ਸ਼੍ਰੀ ਪਰਮਵੀਰ ਸਿੰਘ IAS ਮੌਕੇ ਤੇ ਮੌਜੂਦ ਸਨ।ਇਸ ਮੌਕੇ ਵਿਧਾਇਕ ਡਾ. ਵਿਜੈ ਸਿੰਗਲਾ ਜੀ ਨੇ ਆਖਿਆ ਕਿ ਹੁਣ ਮੱਧਵਰਗੀ ਅਤੇ ਗਰੀਬ਼ ਲੋਕਾਂ ਨੂੰ ਸਿਹਤ ਸਹੂਲਤਾਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ ਅਤੇ ਹੁਣ ਕੋਈ ਵੀ ਮਰੀਜ਼ ਦਵਾਈ ਤੋਂ ਵਾਂਝਾ ਨਹੀਂ ਰਹੇਗਾ। ਉਹਨਾਂ ਆਖਿਆ ਕਿ ਇਸ ਮੁਹੱਲਾ ਕਲੀਨਿਕ ਵਿੱਚ ਇੱਕ ਐਮ.ਬੀ.ਬੀ.ਐਸ.ਡਾਕਟਰ, ਇੱਕ ਕਲੀਨੀਕਲ ਸਹਾਇਕ, ਇੱਕ ਫਾਰਮੇਸੀ ਅਫ਼ਸਰ ਅਤੇ ਲੈਬਾਟਰੀ ਸਟਾਫ ਲੋਕਾਂ ਦੀ ਸਹੂਲਤ ਲਈ ‘ਆਮ ਆਦਮੀ ਮੁਹੱਲਾ ਕਲੀਨਿਕ’ ਵਿੱਚ ਹਾਜ਼ਰ ਰਹੇਗਾ। ‘ਆਮ ਆਦਮੀ ਮੁਹੱਲਾ ਕਲੀਨਿਕਾਂ’ ਵਾਸਤੇ ਇਹ ਸਟਾਫ਼ ਪੰਜਾਬ ਸਰਕਾਰ ਵੱਲੋਂ ਹਸਪਤਾਲਾਂ ਨਾਲੋਂ ਵੱਖਰੇ ਤੌਰਤੇ ਤੈਨਾਤ ਕੀਤਾ ਗਿਆ ਹੈ। ਵਿਧਾਇਕ ਨੇ ਦੱਸਿਆ ਇਸ ਮੁਹੱਲਾ ਕਲੀਨਿਕ ਵਿੱਚ 100 ਤੋਂ ਵੱਧ ਟੈਸਟ ਮੁਫ਼ਤ ਹੋਣਗੇ, ਦਵਾਈਆਂ ਮੁਫ਼ਤ ਮਿਲਣਗੀਆਂ, ਅਤਿ-ਅਧੁਨਿਕ ਤਰੀਕੇ ਨਾਲ ਮੁਢਲਾ ਇਲਾਜ਼ ਹੋਵੇਗਾ, ਇਲਾਜ਼ ਲਈ ਦੂਰ ਜਾਣ ਦੀ ਲੋੜ ਨਹੀਂ ਪਵੇਗੀ ਅਤੇ ਖੱਜਲ-ਖੁਆਰੀ ਖਤਮ ਹੋਵੇਗੀ, ਆਸ ਪਾਸ ਦੇ ਪਿੰਡਾਂ ਦੇ ਲੋਕ ਇਲਾਜ਼ ਤੋਂ ਬਾਅਦ ਇਸ ਮੁਹੱਲਾ ਕਲੀਨਿਕ ਤੋਂ ਹੀ ਠੀਕ ਹੋ ਜਾਣਗੇ। ਉਹਨਾਂ ਦਾਅਵਾ ਕਰਦਿਆਂ ਆਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੋ ਕਿਹਾ ਸੀ, ਉਹ ਕਰ ਵਿਖਾਇਆ ਹੈ ਅਤੇ ਲੋਕ ਹੁਣ ਬਿਨਾਂ ਕਿਸੇ ਮਹਿੰਗੇ ਟੈਸਟਾਂ ਦੇ ਡਰ-ਭੈਅ ਤੋਂ ਆਮ ਆਦਮੀ ਕਲੀਨਿਕਾਂ ਤੋਂ ਮੁਫ਼ਤ ਵਿੱਚ ਇਲਾਜ਼ ਕਰਵਾ ਸਕਣਗੇ।

NO COMMENTS