ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਸੁਮੇਧ ਸੈਣੀ ਤੇ ਕਾਰਵਾਈ ਨੂੰ ਦੱਸਿਆ ਡਰਾਮਾ, ਕਿਹਾ ਅੱਖਾਂ ‘ਚ ਘੱਟਾ ਪਾਉਣ ਵਾਲੀ ਸਰਕਾਰ ਦੀ ਕਾਰਵਾਈ

0
42

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਬੁਲਾਰੇ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਬਹੁਚਰਚਿਤ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਖ਼ਿਲਾਫ਼ ਦਰਜ ਹੋਏ 29 ਸਾਲ ਪੁਰਾਣੇ ਸੰਵੇਦਨਸ਼ੀਲ ਮਾਮਲੇ ‘ਤੇ ਪੰਜਾਬ ਸਰਕਾਰ ਦੀ ਕਾਰਵਾਈ ਨੂੰ ਮਹਿਜ਼ ਡਰਾਮਾ ਕਰਾਰ ਦਿੱਤਾ ਹੈ।

ਸੰਧਵਾਂ ਨੇ ਸਵਾਲ ਉਠਾਏ ਕਿ ਆਮ ਲੋਕਾਂ ਨੂੰ ਐਫਆਈਆਰ ਦਰਜ਼ ਹੋਣ ਸਾਰ ਚੁੱਕ ਲਿਆ ਜਾਂਦਾ ਹੈ। ਇਨ੍ਹਾਂ ਹੀ ਨਹੀਂ ਬਹੁਤ ਕੇਸਾਂ ‘ਚ ਆਮ ਬੰਦਾ ਪਹਿਲਾਂ ਥਾਣੇ ਬੰਦ ਕਰਕੇ ਫਿਰ ਮੁਕੱਦਮਾ ਦਰਜ਼ ਕਰਨ ਦੀ ਕਾਰਵਾਈ ਹੁੰਦੀ ਹੈ। ਪਰੰਤੂ ਸੁਮੇਧ ਸਿੰਘ ਸੈਣੀ ਵਰਗੇ ਚਰਚਿਤ ਅਤੇ ਪ੍ਰਭਾਵਸ਼ਾਲੀ ਸ਼ਖ਼ਸ ਨੂੰ ਮੁਕੱਦਮਾ ਦਰਜ਼ ਕਰਨ ਉਪਰੰਤ ਤੁਰੰਤ ਗਿਰਫਤਾਰ ਕਰਨ ਦੀ ਥਾਂ ਜਾਣ ਬੁੱਝ ਕੇ ਐਨਾ ਸਮਾਂ ਕਿਉਂ ਦਿੱਤਾ ਗਿਆ ਕਿ ਉਹ ਅਗਾਊਂ ਜ਼ਮਾਨਤ ਲੈ ਕੇ ਗਿਰਫਤਾਰੀ ਤੋਂ ਬਚ ਸਕੇ?

ਕੁਲਤਾਰ ਸਿੰਘ ਸੰਧਵਾਂ ਨੇ ਕਿਹਾ, ”ਅਸੀਂ ਕਾਨੂੰਨ ਅਤੇ ਅਦਾਲਤਾਂ ‘ਚ ਅਟੁੱਟ ਵਿਸ਼ਵਾਸ ਰੱਖਦੇ ਹਾਂ। ਅਦਾਲਤਾਂ ਦੇ ਫ਼ੈਸਲਿਆਂ ਦਾ ਸਨਮਾਨ ਕਰਦੇ ਹਾਂ, ਪਰੰਤੂ ਆਮ ਆਦਮੀ ਹੋਣ ਦੇ ਨਾਤੇ ਮਨ ‘ਚ ਇਹ ਸਵਾਲ ਜ਼ਰੂਰ ਆਉਂਦਾ ਹੈ ਕਿ ਪੁਲਿਸ, ਕਾਨੂੰਨ ਅਤੇ ਅਦਾਲਤ ਸਾਧਾਰਨ ਲੋਕਾਂ ਪ੍ਰਤੀ ਇਸ ਪੱਧਰ ਦੀ ਸੰਵੇਦਨਾ ਰੱਖਣ ‘ਚ ਕਿਉਂ ਉੱਕ ਜਾਂਦੀਆਂ ਹਨ?”
ਸੰਧਵਾਂ ਨੇ ਕਿਹਾ ਕਿ ਸੁਮੇਧ ਸਿੰਘ ਸੈਣੀ ਦਾ ਵਿਵਾਦਾਂ ਭਰਿਆ ਅਤੇ ਦਾਗ਼ੀ ਪਿਛੋਕੜ ਹੋਣ ਦੇ ਬਾਵਜੂਦ ਅਤਿ ਗੰਭੀਰ ਅਤੇ ਸੰਵੇਦਨਸ਼ੀਲ ਮਾਮਲਿਆਂ ‘ਚ ਘਿਰ ਜਾਣ ਦੇ ਬਾਵਜੂਦ ਗਿਰਫਤਾਰੀਆਂ ਤੋਂ ਕਿਵੇਂ ਬਚ ਜਾਂਦਾ ਹੈ? ਉਨ੍ਹਾਂ ਕਿਹਾ ਕਿ ਜੇਕਰ ਸਰਕਾਰਾਂ ਗੰਭੀਰਤਾ ਨਾਲ ਨਿਰਪੱਖ ਕਾਰਵਾਈ ਕਰਦੀਆਂ ਤਾਂ ਸੁਮੇਧ ਸਿੰਘ ਸੈਣੀ ਵੱਲੋਂ ਕੀਤੇ ਗਏ ਗੁਨਾਹਾਂ ਦੇ ਬਦਲੇ ਹੁਣ ਤੱਕ ਸੁਮੇਧ ਸਿੰਘ ਸੈਣੀ ਨੂੰ ਫਾਂਸੀ ਹੋ ਚੁੱਕੀ ਹੁੰਦੀ। ਪਰ ਪਹਿਲਾਂ ਬਾਦਲ ਸਰਕਾਰ ਅਤੇ ਹੁਣ ਕੈਪਟਨ ਸਰਕਾਰ ਨੇ ਸੁਮੇਧ ਸਿੰਘ ਸੈਣੀ ਨੂੰ ਹਰ ਕਦਮ ‘ਤੇ ਬਚਾਇਆ ਹੈ।

NO COMMENTS