ਚੰਡੀਗੜ੍ਹ 11,ਨਵੰਬਰ (ਸਾਰਾ ਯਹਾਂ/ਬਿਊਰੋ ਨਿਊਜ਼) : ਬਠਿੰਡਾ ਦਿਹਾਤੀ ਤੋਂ ਵਿਧਾਇਕਾ ਰੁਪਿੰਦਰ ਕੌਰ ਰੂਬੀ ਵੱਲੋਂ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇਣ ਮਗਰੋਂ ਕਾਂਗਰਸ ‘ਚ ਸ਼ਾਮਲ ਹੋਣ ਨਾਲ ‘ਆਪ’ ‘ਚ ਵੱਡਾ ਧਮਾਕਾ ਹੋਇਆ ਹੈ। ਅਚਾਨਕ ਵਿਧਾਇਕਾ ਦੇ ਅਸਤੀਫੇ ਮਗਰੋਂ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ 14 ਨਵੰਬਰ ਦਾ ਮੋਗਾ ਦੌਰਾ ਰੱਦ ਕਰ ਦਿੱਤਾ ਹੈ।
ਆਮ ਆਦਮੀ ਪਾਰਟੀ ਦੇ ਬੁਲਾਰੇ ਨਵਦੀਪ ਸਿੰਘ ਨੇ ਕੇਜਰੀਵਾਲ ਦਾ ਦੌਰਾ ਰੱਦ ਹੋਣ ਦੀ ਜਾਣਕਾਰੀ ਦਿੱਤੀ ਹੈ। ਨਵਦੀਪ ਸਿੰਘ ਨੇ ਹਾਲਾਂਕਿ ਸਪੱਸ਼ਟ ਕੀਤਾ ਹੈ ਕਿ ਅਰਵਿੰਦ ਕੇਜਰੀਵਾਲ 18 ਨਵੰਬਰ ਨੂੰ ਮੋਗਾ ਦਾ ਦੌਰਾ ਕਰ ਸਕਦੇ ਹਨ।
ਦੱਸ ਦਈਏ ਕਿ ਪੰਜਾਬ ਵਿੱਚ ਕੁਝ ਮਹੀਨਿਆਂ ਬਾਅਦ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਪੰਜਾਬ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਕਾਫੀ ਸਰਗਰਮ ਨਜ਼ਰ ਆ ਰਹੇ ਹਨ। ਕੇਜਰੀਵਾਲ ਨੇ 14 ਨਵੰਬਰ ਨੂੰ ਮੋਗਾ ਦੌਰਾ ਕਰਨਾ ਸੀ। ਚਰਚਾ ਸੀ ਕਿ ਅਭਿਨੇਤਾ ਸੋਨੂੰ ਸੂਦ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ।
ਇਸ ਚਰਚਾ ਉੱਪਰ ਲਗਾਮ ਲਾਉਂਦਿਆਂ ਸੋਨੂੰ ਸੂਦ ਨੇ ਸਪਸ਼ਟ ਕੀਤਾ ਹੈ ਕਿ ਉਹ ਸਿਆਸਤ ਵਿੱਚ ਨਹੀਂ ਆ ਰਹੇ। ਅੰਗਰੇਜ਼ੀ ਅਖਬਾਰ ‘ਦ ਟ੍ਰਿਬਿਊਨ’ ਦੀ ਰਿਪੋਰਟ ਮੁਤਾਬਕ ਅਦਾਕਾਰ ਸੋਨੂੰ ਸੂਦ ਮੋਗਾ ਦੌਰੇ ‘ਤੇ ਕੇਜਰੀਵਾਲ ਨਾਲ ਮੁਲਾਕਾਤ ਨਹੀਂ ਕਰਨਗੇ। ਸੋਨੂੰ ਸੂਦ ਨੇ ਉਨ੍ਹਾਂ ਖਬਰਾਂ ਦਾ ਖੰਡਨ ਕੀਤਾ ਹੈ, ਜਿਨ੍ਹਾਂ ‘ਚ ਉਨ੍ਹਾਂ ਦੇ ਰਾਜਨੀਤੀ ‘ਚ ਆਉਣ ਦਾ ਦਾਅਵਾ ਕੀਤਾ ਜਾ ਰਿਹਾ ਸੀ।
ਸੋਨੂੰ ਸੂਦ ਨੇ ਕਿਹਾ ਕਿ ‘ਮੇਰਾ ਰਾਜਨੀਤੀ ‘ਚ ਆਉਣ ਦਾ ਕੋਈ ਇਰਾਦਾ ਨਹੀਂ। ਮੇਰੀ ਤਰਜੀਹ ਫਿਲਮਾਂ ‘ਚ ਕੰਮ ਕਰਨਾ ਹੈ। ਦੱਸ ਦੇਈਏ ਕਿ ਕੁਝ ਮਹੀਨੇ ਪਹਿਲਾਂ ਸੋਨੂੰ ਸੂਦ ਅਰਵਿੰਦ ਕੇਜਰੀਵਾਲ ਨੂੰ ਮਿਲਣ ਪਹੁੰਚੇ ਸਨ। ਇਸ ਤੋਂ ਬਾਅਦ ਸੋਨੂੰ ਸੂਦ ਦੇ ਰਾਜਨੀਤੀ ਵਿੱਚ ਆਉਣ ਦੀਆਂ ਖਬਰਾਂ ਤੇਜ਼ ਹੋ ਗਈਆਂ।