*ਵਿਧਾਇਕਾਂ ਦੇ ਫਰਜ਼ੰਦਾਂ ਨੂੰ ਅਫਸਰ ਬਣਾਉਣ ‘ਤੇ ਕਾਂਗਰਸ ‘ਚ ਘਮਸਾਣ, ਕੁਲਬੀਰ ਜ਼ੀਰਾ ਨੇ ਲਾਈਵ ਹੋ ਕੇ ਕਹੀ ਵੱਡੀ ਗੱਲ*

0
83

ਚੰਡੀਗੜ੍ਹ 20,ਜੂਨ (ਸਾਰਾ ਯਹਾਂ/ਬਿਊਰੋ ਰਿਪੋਰਟ): ਆਪਣੇ ਵਿਧਾਇਕਾਂ ਦੇ ਫਰਜ਼ੰਦਾਂ ਨੂੰ ਅਫਸਰ ਬਣਾ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਸੂਤੇ ਘਿਰ ਗਏ ਹਨ। ਵਿਰੋਧੀ ਧਿਰਾਂ ਦੇ ਨਾਲ-ਨਾਲ ਪਾਰਟੀ ਅੰਦਰੋਂ ਵੀ ਵਿਰੋਧ ਹੋਣ ਲੱਗਾ ਹੈ। ਸੋਸ਼ਲ ਮੀਡੀਆ ਉੱਪਰ ਵੀ ਕੈਪਟਨ ਸਰਕਾਰ ਦੀ ਕਾਫੀ ਅਲੋਚਨਾ ਹੋ ਰਹੀ ਹੈ।

ਦੱਸ ਦਈਏ ਕਿ ਪੰਜਾਬ ਕੈਬਨਿਟ ਨੇ ਵਿਧਾਇਕ ਫ਼ਤਹਿਜੰਗ ਸਿੰਘ ਬਾਜਵਾ ਤੇ ਵਿਧਾਇਕ ਰਾਕੇਸ਼ ਪਾਂਡੇ ਦੇ ਲੜਕੇ ਨੂੰ ਤਰਸ ਦੇ ਅਧਾਰ ’ਤੇ ਕ੍ਰਮਵਾਰ ਪੁਲਿਸ ਇੰਸਪੈਕਟਰ ਤੇ ਨਾਇਬ ਤਹਿਸੀਲਦਾਰ ਦੀ ਨੌਕਰੀ ਦੇਣ ਦਾ ਫੈਸਲਾ ਲਿਆ ਸੀ। ਇਸ ਦਾ ਹੁਣ ਕਾਫੀ ਵਿਰੋਧ ਹੋ ਰਿਹਾ ਹੈ।

ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਵਿਧਾਇਕ ਕੁਲਜੀਤ ਸਿੰਘ ਨਾਗਰਾ ਤੇ ਨਵਜੋਤ ਕੌਰ ਸਿੱਧੂ ਮਗਰੋਂ ਕੁਲਬੀਰ ਸਿੰਘ ਜ਼ੀਰਾ ਨੇ ਵੀ ਇਸ ਫੈਸਲੇ ਖਿਲਾਫ ਆਵਾਜ਼ ਉਠਾਈ ਹੈ। ਵਿਧਾਇਕ ਜ਼ੀਰਾ ਨੇ ਫੇਸਬੁੱਕ ‘ਤੇ ਕਿਹਾ ਹੈ ਕਿ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ  ਉਸ ਫੈਸਲੇ ਨੂੰ ਵਾਪਸ ਲਿਆ ਜਾਵੇ ਜਿਸ ਵਿੱਚ ਕੈਬਨਿਟ ਨੇ ਦੋ ਕਰੋੜਪਤੀ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀਆਂ ਦੇਣ ਦੀ ਮਨਜ਼ੂਰੀ ਦਿੱਤੀ ਸੀ।

ਉਨ੍ਹਾਂ ਕਿਹਾ ਕਿ ਮੈਂ ਇਸ ਕੈਬਨਿਟ ਫੈਸਲੇ ਦਾ ਵਿਰੋਧ ਕਰਦਾ ਹਾਂ ਤੇ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਪੂਨਮਜੀਤ ਕੌਰ ਪੁਤਰੀ ਬਲਵਿੰਦਰ ਸਿੰਘ ਵਾਸੀ ਰਟੌਲ ਬੇਟ, ਜ਼ੀਰਾ ਜਿਸ ਦੀ ਪੜ੍ਹਾਈ ਐਮਏ ਪੰਜਾਬੀ, ਗੇਮ ਸੋਫਟ ਬਾਲ ਵਿੱਚ ਨੈਸ਼ਨਲ ਲੈਵਲ 7 ਵਾਰ , 4 ਗੋਲਡ ਮੈਡਲ, 2 ਸਲਿਵਰ ਮੈਡਲ ਤੇ ਕੁੱਲ 42 ਮੈਡਲ ਜਿੱਤੇ ਹਨ। ਮੈਂ ਪੁਰਜ਼ੋਰ ਸਿਫਾਰਿਸ਼ ਕਰਦਾ ਹਾਂ ਕਿ ਇਹੋ ਜਿਹੇ ਖਿਡਾਰੀ ਨੂੰ ਨੌਕਰੀ ਦੇ ਕੇ ਨਿਵਾਜਿਆ ਜਾਵੇ।

ਮੰਨਿਆ ਜਾ ਰਿਹਾ ਹੈ ਕਿ ਕੈਪਟਨ ਸਰਕਾਰ ਨੂੰ ਵਿਧਾਇਕਾਂ ਦੇ ਪੁੱਤਰਾਂ ਨੂੰ ਅਫ਼ਸਰ ਲਾਉਣਾ ਸਿਆਸੀ ਤੌਰ ’ਤੇ ਮਹਿੰਗਾ ਪੈ ਸਕਦਾ ਹੈ। ਪਤਾ ਲੱਗਾ ਹੈ ਕਿ ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ ਵੀ ਲੰਘੇ ਦਿਨ ਕੁਝ ਵਜ਼ੀਰਾਂ ਨੇ ਇਨ੍ਹਾਂ ਨੌਕਰੀਆਂ ਖ਼ਿਲਾਫ਼ ਸਖ਼ਤ ਸਟੈਂਡ ਲਿਆ।

ਉਧਰ, ਵਿਰੋਧੀ ਧਿਰਾਂ ਤੇ ਪਾਰਟੀ ਅੰਦਰੋਂ ਵਿਰੋਧ ਹੋਣ ਦੇ ਬਾਵਜੂਦ ਕੈਪਟਨ ਟੱਸ ਤੋਂ ਮੱਸ ਹੋਣ ਲਈ ਤਿਆਰ ਨਹੀਂ ਹਨ। ਉਨ੍ਹਾਂ ਨੇ ਸਪਸ਼ਟ ਕੀਤਾ ਹੈ ਕਿ ਨੌਕਰੀਆਂ ਦੇਣ ਦਾ ਫੈਸਲਾ ਕਿਸੇ ਵੀ ਕੀਮਤ ‘ਤੇ ਰੱਦ ਨਹੀਂ ਕੀਤਾ ਜਾਵੇਗਾ। ਕੈਪਟਨ ਨੇ ਵਿਰੋਧੀ ਧਿਰਾਂ ਤੇ ਪਾਰਟੀ ਅੰਦਰੋਂ ਉੱਠੇ ਵਿਰੋਧ ਮਗਰੋਂ ਸਖਤ ਸਟੈਂਡ ਲੈਂਦਿਆਂ ਕਿਹਾ ਕਿ ਇਨ੍ਹਾਂ ਪਰਿਵਾਰਾਂ ਦੀ ਕੁਰਬਾਨੀ ਦਾ ਮੁੱਲ ਪਾਇਆ ਗਿਆ ਹੈ। ਪੰਜਾਬ ਕੈਬਨਿਟ ਨੇ ਵਿਧਾਇਕ ਫ਼ਤਹਿਜੰਗ ਸਿੰਘ ਬਾਜਵਾ ਤੇ ਵਿਧਾਇਕ ਰਾਕੇਸ਼ ਪਾਂਡੇ ਦੇ ਲੜਕੇ ਨੂੰ ਤਰਸ ਦੇ ਅਧਾਰ ’ਤੇ ਕ੍ਰਮਵਾਰ ਪੁਲਿਸ ਇੰਸਪੈਕਟਰ ਤੇ ਨਾਇਬ ਤਹਿਸੀਲਦਾਰ ਦੀ ਨੌਕਰੀ ਦੇਣ ਦਾ ਫੈਸਲਾ ਲਿਆ ਸੀ।

ਮੁੱਖ ਮੰਤਰੀ ਨੇ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਨ੍ਹਾਂ ਦੋਵੇਂ ਵਿਰੋਧੀ ਪਾਰਟੀਆਂ ਵਿੱਚ ਵੀ ਅਜਿਹੇ ਵਿਅਕਤੀ ਲੱਭਣ ਦੀ ਕੋਸ਼ਿਸ਼ ਕੀਤੀ ਗਈ ਸੀ ਜਿਨ੍ਹਾਂ ਦੇ ਪਿਓ ਜਾਂ ਦਾਦੇ ਨੇ ਮੁਲਕ ਲਈ ਕੁਰਬਾਨੀ ਕੀਤੀ ਹੋਵੇ ਪਰ ਦੋਹਾਂ ਪਾਰਟੀਆਂ ’ਚ ਅਜਿਹਾ ਕੋਈ ਨਹੀਂ ਮਿਲਿਆ। ਕੈਪਟਨ ਨੇ ਸਪੱਸ਼ਟ ਕੀਤਾ ਕਿ ਅਜਿਹੀਆਂ ਕੁਰਬਾਨੀਆਂ ਦੇਣ ਵਾਲੇ ਪਰਿਵਾਰ ਵਿੱਚੋਂ ਆਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਨੌਕਰੀ ਦਿੱਤੀ ਜਾਵੇਗੀ।

NO COMMENTS