ਬੁਢਲਾਡਾ 13,ਮਾਰਚ (ਸਾਰਾ ਯਹਾਂ /ਅਮਨ ਮਹਿਤਾ)-ਸੂਬਾ ਸਰਕਾਰ ਵੱਲੋਂ ਸਕੂਲੀ ਵਿਦਿਆਰਥੀਆਂ ਦੀ ਸਿਹਤ ਸੁਰੱਖਿਆ ਦੇ ਮੱਦੇਨਜ਼ਰ ਪ੍ਰੀਖਿਆ ਤਿਆਰੀ ਛੁੱਟੀਆਂ ਦੇ ਐਲਾਨ ਨਾਲ ਵਿਦਿਆਰਥੀਆਂ ਨੂੰ ਘਰਾਂ ਵਿੱਚ ਰਹਿਣ ਲਈ ਕਿਹਾ ਗਿਆ ਹੈ।ਪਰ ਸਮੂਹ ਜਮਾਤਾਂ ਦੇ ਵਿਦਿਆਰਥੀਆਂ ਦੀਆਂ ਸਾਲਾਨਾ ਪ੍ਰੀਖਿਆਵਾਂ ਕੋਵਿਡ-19 ਹਦਾਇਤਾਂ ਦੇ ਪਾਲਣ ਨਾਲ ਸਕੂਲਾਂ ਵਿੱਚ ਹੀ ਹੋਣਗੀਆਂ। ਸੰਜੀਵ ਕੁਮਾਰ ਬਾਂਸਲ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਮਾਨਸਾ ਅਤੇ ਸੰਜੀਵ ਕੁਮਾਰ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਮਾਨਸਾ ਨੇ ਵਿਦਿਆਰਥੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਲਾਨਾ ਪ੍ਰੀਖਿਆਵਾਂ ਦੀ ਤਿਆਰੀ ਪੂਰੀ ਲਗਨ ਨਾਲ ਜਾਰੀ ਰੱਖੀ ਜਾਵੇ।ਸਿੱਖਿਆ ਅਧਿਕਾਰੀਆਂ ਨੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਪ੍ਰੀਖਿਆਵਾਂ ਨਾ ਹੋਣ ਬਾਰੇ ਖੁਦ ਦੇ ਜਾਂਂ ਬੱਚਿਆਂ ਦੇ ਮਨ੍ਹਾਂ ਵਿੱਚ ਕੋਈ ਖਿਆਲ ਨਾ ਲਿਆਂਦਾ ਜਾਵੇ, ਸਗੋਂ ਬੱਚਿਆਂ ਨੂੰ ਘਰਾਂ ਵਿੱਚ ਸਾਲਾਨਾ ਪ੍ਰੀਖਿਆਵਾਂ ਦੀ ਤਿਆਰੀ ਲਈ ਪ੍ਰੇਰਿਤ ਕੀਤਾ ਜਾਵੇ।ਸਿੱਖਿਆ ਅਧਿਕਾਰੀਆਂ ਨੇ ਕੋਰੋਨਾ ਦੇ ਵਧਦੇ ਖਤਰੇ ਦੌਰਾਨ ਮਾਪਿਆਂ ਨੂੰ ਬੱਚਿਆਂ ਦੀ ਸਿਹਤ ਦਾ ਵੀ ਖਿਆਲ ਰੱਖਣ ਦੀ ਅਪੀਲ ਕੀਤੀ। ਅਧਿਕਾਰੀਆਂ ਨੇ ਕਿਹਾ ਕਿ ਜੇਕਰ ਵਿਦਿਆਰਥੀਆਂ ਨੂੰ ਸਾਲਾਨਾ ਪ੍ਰੀਖਿਆਵਾਂ ਦੀ ਤਿਆਰੀ ਸੰਬੰਧੀ ਕਿਸੇ ਵਿਸ਼ੇ ਦੇ
ਅਧਿਆਪਕ ਦੀ ਸਹਾਇਤਾ ਦੀ ਜਰੂਰਤ ਹੋਵੇ ਤਾਂ ਕੋਵਿਡ-19 ਹਦਾਇਤਾਂ ਦਾ ਪਾਲਣ ਕਰਦਿਆਂ ਉਹ ਬਿਨਾਂ ਇਕੱਠ ਕੀਤੇ ਇਕੱਲੇ ਇਕੱਲੇ ਤੌਰ ‘ਤੇ ਥੋੜ੍ਹੇ ਸਮੇਂ ਲਈ ਅਧਿਆਪਕ ਕੋਲ ਸਕੂਲ ਆ ਸਕਦੇ ਹਨ। ਜਗਰੂਪ ਭਾਰਤੀ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਮਾਨਸਾ ਅਤੇ ਗੁਰਲਾਭ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਮਾਨਸਾ ਨੇ ਵਿਦਿਆਰਥੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਸਮੇਂ ਆਪਣੇ- ਆਪ ਨੂੰ ਮਾਨਸਿਕ ਤੌਰ ‘ਤੇ ਮਜਬੂਤ ਰੱਖਦਿਆਂ ਸਾਰਾ ਧਿਆਨ ਪ੍ਰੀਖਿਆਵਾਂ ਦੀ ਤਿਆਰੀ ਵੱਲ ਲਗਾਉਣ ਦੀ ਜਰੂਰਤ ਹੈ।ਸਾਲਾਨਾ ਪ੍ਰੀਖਿਆਵਾਂ ਸੰਬੰਧੀ ਕਿਸੇ ਕਿਸਮ ਦਾ ਅਵੇਸਲਾਪਣ ਪ੍ਰਾਪਤੀਆਂ ਨੂੰ ਨਾਕਾਰਤਮਿਕ ਰੂਪ ਵਿੱਚ ਪ੍ਰਭਾਵਿਤ ਕਰ ਸਕਦਾ ਹੈ।ਸਿੱਖਿਆ ਅਧਿਕਾਰੀਆਂ ਨੇ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਵੀ ਆਨਲਾਈਨ ਤਰੀਕੇ ਵਿਦਿਆਰਥੀਆਂ ਦੇ ਲਗਾਤਾਰ ਸੰਪਰਕ ਵਿੱਚ ਰਹਿਣ ਦੀ ਅਪੀਲ ਕਰਦਿਆਂ ਵਿਦਿਆਰਥੀਆਂ ਦਾ ਮਨੋਬਲ ਬਣਾਈ ਰੱਖਣ ਲਈ ਕਿਹਾ।।
ਬਲਵਿੰਦਰ ਸਿੰਘ (ਸਟੇਟ ਐਵਾਲਡੀ)ਜ਼ਿਲ੍ਹਾ ਮੀਡੀਆ ਕੋ-ਆਰਡੀਨੇਟਰ ਨੇ ਕਿਹਾ ਕਿ ਸਾਲਾਨਾ ਪ੍ਰੀਖਿਆਵਾਂ ਦੀ ਤਿਆਰੀ ਲਈ ਹੋਈਆਂ ਛੁੱਟੀਆਂ ਦਾ ਵਿਦਿਆਰਥੀਆਂ ਨੂੰ ਵੱਧ ਤੋ ਵੱਧ ਸਦਉਪਯੋਗ ਕਰਨਾ ਚਾਹੀਦਾ ਹੈ।ਇਸ ਸਮੇਂ ਜਦੋਂ ਅਧਿਆਪਕਾਂ ਵੱਲੋਂ ਸਾਰਾ ਪਾਠਕ੍ਰਮ ਕਰਵਾ ਦੀਆਂ ਗਿਆ ਹੈ ਤਾਂ ਵਿਦਿਆਰਥੀ ਘਰ ਵਿੱਚ ਰਹਿ ਕੇ ਦੁਹਰਾਈ ਕਰਨ ਵੱਲ ਵੱਧ ਤੋਂ ਵੱਧ ਧਿਆਨ ਦੇ ਸਕਦੇ ਹਨ।ਸ੍ਰ ਤਰਸੇਮ ਸਿੰਘ ਜ਼ਿਲ੍ਹਾ ਮੈਂਟਰ ਵਿਗਿਆਨ, ਸ੍ਰ ਬਲਜਿੰਦਰ ਜੌੜਕੀਆ ਜ਼ਿਲ੍ਹਾ ਮੈਂਟਰ ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ, ਸ੍ਰ ਰੁਪਿੰਦਰ ਸਿੰਘ ਜ਼ਿਲ੍ਹਾ ਮੈਂਟਰ ਗਣਿਤ, ਜ਼ਿਲ੍ਹਾ ਕੋ-ਆਰਡੀਨੇਟਰ ਪੜ੍ਹੋ ਪੰਜਾਬ ਅਤੇ ਸਮੂਹ ਵਿਸ਼ਿਆਂ ਦੇ ਜਿਲ੍ਹਾ ਰਿਸੋਰਸ ਪਰਸਨਾਂ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਪੜ੍ਹਾਈ ਸੰਬੰਧੀ ਕਿਸੇ ਵੀ ਕਿਸਮ
ਦੀ ਦਿੱਕਤ ਦੂਰ ਕਰਨ ਲਈ ਉਹ ਆਪਣੇ ਅਧਿਆਪਕਾਂ ਸਮੇਤ ਕਿਸੇ ਵੀ ਪੜ੍ਹੋ ਪੰਜਾਬ ਟੀਮ ਮੈਂਬਰ ਨਾਲ ਸੰਪਰਕ ਕਰ ਸਕਦੇ ਹਨ।