ਮਾਨਸਾ 2 ਮਈ (ਹੀਰਾ ਸਿੰਘ ਮਿੱਤਲ) : ਕਰੋਨਾ ਵਾਇਰਸ ਦੀਆਂ ਅਨੇਕਾਂ ਦਿੱਕਤਾਂ ਦੇ ਬਾਵਜ਼ੂਦ ਸਰਕਾਰੀ ਸੈਕੰਡਰੀ ਸਕੂਲ ਮਲਕੋਂ ਚੜ੍ਹਦੀਕਲਾਂ ਚ ਹੈ,ਗਿਆਰਵੀਂ, ਬਾਰਵੀਂ ਕਲਾਸ ਲਈ ਹੋਰਨਾਂ ਵਿਸ਼ਿਆਂ ਤੋਂ ਇਲਾਵਾ ਹਿਸਾਬ, ਅੰਗਰੇਜ਼ੀ ਲਿਟਰੇਚਰ ਅਤੇ ਛੇਵੀਂ, ਸੱਤਵੀਂ,ਅੱਠਵੀਂ ਕਲਾਸ ਨੂੰ ਅੰਗਰੇਜ਼ੀ ਮੀਡੀਅਮ ਰਾਹੀਂ ਪੜ੍ਹਾਉਣਾ ਵਿਦਿਆਰਥੀਆਂ ਅਤੇ ਮਾਪਿਆਂ ਦੀ ਖਿੱਚ ਦਾ ਕੇਂਦਰ ਬਣਿਆਂ ਹੋਇਆ ਹੈ,ਸਰਕਾਰ ਅਤੇ ਦਾਨੀ ਸੱਜਣਾਂ ਦੇ ਵੱਡੇ ਸਹਿਯੋਗ ਨਾਲ ਸਕੂਲ ਨੂੰ ਦੇਖਣ ਪੱਖੋ ਸਮਾਰਟ ਹੀ ਨਹੀੰ ਬਣਾਇਆ ਗਿਆ ਸਗੋਂ ਪੜ੍ਹਾਈ ਪੱਖੋਂ ਵੀ ਨਤੀਜੇ 100 ਫੀਸਦੀ ਆ ਰਹੇ ਹਨ।
ਸਕੂਲ ਦੇ ਇੰਚਾਰਜ ਪ੍ਰਿੰਸੀਪਲ ਅਤੇ ਪੰਜਾਬੀ ਦੇ ਅਧਿਆਪਕ ਜਸਮੇਲ ਸਿੰਘ ਗਿੱਲ ਹਮੇਸ਼ਾ ਹੋਂਸਲੇ ਚ ਰਹਿੰਦੇ ਹਨ, ਉਹ ਸਕੂਲ ਦੀਆਂ ਵਿਭਾਗੀ ਘਾਟਾਂ ਕਾਰਨ ਐਵੇ ਝੁਰਦੇ ਨਹੀੰ ਰਹਿੰਦੇ ਸਗੋਂ ਸਾਰੇ ਇਕਜੁਟਤਾ ਨਾਲ ਸਕੂਲ ਦੀ ਬੇਹਤਰੀ ਲਈ ਭੱਜੇ ਫਿਰਦੇ ਰਹਿੰਦੇ ਹਨ, ਹੁਣ ਤੱਕ ਬਿਨਾਂ ਕਿਸੇ ਰੋਲੇ ਰੱਪੇ ਤੋਂ ਸਕੂਲ ਦੇ ਬੁੱਕ ਬੈਂਕ ਚੋਂ ਲਗਭਗ ਹਰ ਬੱਚੇ ਕੋਲ ਕਿਤਾਬਾਂ ਪਹੁੰਚਾ ਚੁੱਕੇ ਹਨ,ਉਨ੍ਹਾਂ ਦੀਆਂ ਹੋਰ ਦੁੱਖ ਤਕਲੀਫਾਂ ਲਈ ਨਿਤ ਦਿਨ ਫੋਨ ਕਰਦੇ ਨੇ ਅਤੇ ਨਵੇਂ ਦਾਖਲਿਆਂ ਲਈ ਮਲਕੋ, ਸੰਦਲੀ,ਫਰੀਦ ਕੇ,ਮੋਫਰ,ਨੰਦਗੜ੍ਹ ਗੁਰੂ ਘਰਾਂ ਚ ਭਾਈ ਜੀ ਦੋ ਵੇਲੇ ਬੋਲਦੇ ਨੇ ਅਤੇ ਸਾਰੇ ਅਧਿਆਪਕ ਵੀ ਕਿਸੇ ਨਾ ਕਿਸੇ ਰੂਪ ਵਿੱਚ ਦਾਖਲਿਆਂ ਲਈ ਡਟੇ ਹੋਏ ਨੇ।ਜਿਸ ਕਰਕੇ ਪਿਛਲੇ ਸਾਲ 248 ਤੋਂ ਗਿਣਤੀ ਹੁਣ ਟੱਪਕੇ 255 ਹੋ ਗਈ,ਅਜੇ ਹੋਰ ਦਾਖਲਿਆਂ ਦੀ ਵੱਡੀ ਉਮੀਦ ਹੈ।
ਸਕੂਲ ਕਮੇਟੀ ਦੇ ਚੇਅਰਮੈਨ ਬੋਹੜ ਸਿੰਘ,ਕਮੇਟੀ ਮੈਂਬਰ ਨਾਜ਼ਰ ਸਿੰਘ ਦਾ ਵੀ ਵੱਡਾ ਯੋਗਦਾਨ ਹੈ,ਉਨ੍ਹਾਂ ਨੇ ਤਿੰਨ ਲੱਖ ਰੁਪਏ ਤੋਂ ਵੱਧ ਦਾਨ ਇਸ ਸਕੂਲ ਲਈ ਇਕੱਠਾ ਕਰਕੇ ਸ਼ਾਨਦਾਰ ਗੇਟ ਅਤੇ ਹੋਰਨਾਂ ਕੰਮਾਂ ਤੇ ਲਾਇਆ ਹੈ,ਇਸ ਤੋ ਵੱਖਰੇ ਰੂਪ ਚ ਸਾਰੀ ਬਿਲਡਿੰਗ ਨੂੰ ਰੰਗ ਰੋਗਣ ਕਰਕੇ ਚਮਕਾ ਦਿੱਤਾ ਹੈ,ਬੱਚਿਆਂ ਲਈ 10 ਪੱਖੇ ਅਤੇ ਹੋਰ ਲੋੜੀਦੇ ਕੰਮਾਂ ਲਈ ਭੱਜੇ ਹੀ ਰਹਿੰਦੇ ਨੇ,ਸਕੂਲ ਚ ਦੋ ਸਮਾਰਟ ਪ੍ਰੋਜੇਕਟਰ ਨੇ ਅਤੇ ਬੱਚਿਆਂ ਨੂੰ ਹੁਣ ਕਿਤਾਬਾਂ ਦੇਣ ਤੋਂ ਇਲਾਵਾ ਆਨਲਾਈਨ ਪੜ੍ਹਾਈ ਲਈ ਵੀ ਫੋਨ,ਰੇਡੀਓ, ਟੀ ਵੀ ਅਤੇ ਹੋਰਨਾਂ ਸਾਧਨਾਂ ਰਾਹੀ ਪੜ੍ਹਾਈ ਲਈ ਉਪਰਾਲੇ ਕੀਤੇ ਗਏ ਹਨ।ਸਕੂਲ ਚ ਮਨਰੇਗਾ ਤਹਿਤ 7.35 ਲੱਖ ਨਾਲ ਸਕੂਲ ਦੀ ਚਾਰ ਦੀਵਾਰੀ, ਸ਼ਾਨਦਾਰ ਪਾਰਕ ਲਈ ਲਗਭਗ ਸੱਤ ਲੱਖ ਰੁਪਏ ਲਗਾਏ ਗਏ ਹਨ ਅਤੇ ਇਸ ਤੋਂ ਵਿਦਿਆਰਥੀਆਂ ਲਈ ਸ਼ਾਨਦਾਰ ਖੇਡ ਗਰਾਉਂਡ ਵੀ ਉਪਲਬਧ ਹੈ।