ਨਵੀਂ ਦਿੱਲੀ: ਭਾਰਤ ਤੋਂ ਫਰਾਰ ਵਿਜੇ ਮਾਲਿਆ (vijay mallya) ਨੂੰ ਬ੍ਰਿਟਿਸ਼ ਕੋਰਟ ਤੋਂ ਵੱਡਾ ਝਟਕਾ ਲੱਗਿਆ ਹੈ। ਹਵਾਲਗੀ ਦੇ ਕੇਸ (extradition to India) ‘ਚ ਉਸ ਨੂੰ ਹਾਰ ਮਿਲੀ ਹੈ। ਅਜਿਹੀ ਸਥਿਤੀ ਵਿੱਚ ਵਿਜੇ ਮਾਲਿਆ ਨੂੰ ਭਾਰਤ ਲਿਆਉਣ ਦਾ ਰਸਤਾ ਸਾਫ਼ ਹੋ ਗਿਆ ਹੈ। ਭਗੌੜਾ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੇ ਭਾਰਤ ਨੂੰ ਸੌਂਪੇ ਜਾਣ ਦੇ ਹੁਕਮ ਖਿਲਾਫ ਬ੍ਰਿਟੇਨ ਦੀ ਹਾਈਕੋਰਟ (UK High Court) ‘ਚ ਅਪੀਲ ਦਾਇਰ ਕੀਤੀ ਸੀ, ਜਿਸ ਨੂੰ ਅੱਜ ਅਦਾਲਤ ਨੇ ਠੁਕਰਾ ਦਿੱਤਾ।
ਰਾਇਲ ਕੋਰਟ ਆਫ਼ ਜਸਟਿਸ ਜੱਜ ਸਟੀਫਨ ਇਰਵਿਨ ਤੇ ਜੱਜ ਐਲੀਜ਼ਾਬੈਥ ਲੋਂਗ ਦੇ ਦੋ ਮੈਂਬਰੀ ਬੈਂਚ ਨੇ ਆਪਣੇ ਫੈਸਲੇ ‘ਚ ਮਾਲਿਆ ਦੀ ਅਪੀਲ ਖਾਰਜ ਕਰ ਦਿੱਤੀ। ਕੋਰੋਨਾਵਾਇਰਸ ਮਹਾਮਾਰੀ ਕਾਰਨ ਲੌਕਡਾਊਨ ਹੋਣ ਕਾਰਨ ਇਸ ਕੇਸ ਦੀ ਸੁਣਵਾਈ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ ਗਈ।
ਭਾਰਤ ਵਿਜੇ ਮਾਲਿਆ ਦੇ ਹਵਾਲੇ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਵਿਜੇ ਮਾਲਿਆ ਲੰਡਨ ‘ਚ ਕਰੀਬ ਪੰਜ ਸਾਲ ਤੋਂ ਰਿਹਾ ਹੈ, ਜਿੱਥੇ ਉਸ ‘ਤੇ ਹਵਾਲਗੀ ਦਾ ਕੇਸ ਚੱਲ ਰਿਹਾ ਸੀ। ਮਾਲਿਆ ਦਾ 13 ਭਾਰਤੀ ਬੈਂਕਾਂ ਦਾ ਕਰੀਬ 9 ਹਜ਼ਾਰ ਕਰੋੜ ਦਾ ਬਕਾਇਆ ਹੈ।
ਭਾਰਤ ਦੀ ਅਦਾਲਤ ਨੇ ਮਾਲਿਆ ਨੂੰ ਭਗੌੜਾ ਆਰਥਿਕ ਅਪਰਾਧੀ ਕਰਾਰ ਦਿੱਤਾ ਹੈ ਤੇ ਮਨੀ ਲਾਂਡਰਿੰਗ ਰੋਕੂ ਐਕਟ (ਪੀਐਮਐਲਏ) ਨਾਲ ਸਬੰਧਤ ਮਾਮਲਿਆਂ ‘ਚ ਉਸ ਦੀ ਜਾਇਦਾਦ ਨੂੰ ਜ਼ਬਤ ਕਰਨ ਦੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ।