*ਵਿਜੀਲੈਂਸ ਬਿਊਰੋ ਵਲੋਂ ਐਸ.ਏ.ਐਸ.ਨਗਰ ਵਿੱਚ ਧੋਖੇ ਨਾਲ ਪਿੰਡ ਦੀ ਸਾਂਝੀ 578 ਏਕੜ ਜ਼ਮੀਨ ਵੇਚਣ ਵਾਲੇ ਦੋ ਪ੍ਰਾਪਰਟੀ ਡੀਲਰ ਗ੍ਰਿਫਤਾਰ*

0
154

ਚੰਡੀਗੜ, 5 ਜੁਲਾਈ  (ਸਾਰਾ ਯਹਾਂ/ ਮੁੱਖ ਸੰਪਾਦਕ ): ਪੰਜਾਬ ਵਿਜੀਲੈਂਸ ਬਿਊਰੋ ਨੇ ਮੰਗਲਵਾਰ ਨੂੰ ਐਸ.ਏ.ਐਸ.ਨਗਰ ਜ਼ਿਲੇ ਦੇ ਪਿੰਡ ਮਾਜਰੀਆਂ ਦੀ ਲਗਭਗ 578 ਏਕੜ (4624 ਕਨਾਲ) ਜ਼ਮੀਨ ਦੇ ਇੰਤਕਾਲ ਮੌਕੇ ਮਾਲ ਵਿਭਾਗ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਮਾਲ ਰਿਕਾਰਡ ਵਿੱਚ ਛੇੜਛਾੜ ਕਰਨ ਦੇ ਦੋਸ਼ਾਂ ਹੇਠ ਦੋ ਪ੍ਰਾਪਰਟੀ ਡੀਲਰਾਂ ਰੱਬੀ ਸਿੰਘ ਅਤੇ ਬਨਾਰਸੀ ਦਾਸ ਨੂੰ ਗ੍ਰਿਫਤਾਰ ਕੀਤਾ ਹੈ। 
ਇਸ ਸਬੰਧੀ ਜਾਣਕਾਰੀ ਦਿੰਦਿਆਂ  ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਪਿੰਡ ਮਾਜਰੀਆਂ, ਤਹਿਸੀਲ ਖਰੜ ਦੇ ਮਾਲ ਰਿਕਾਰਡ ਨਾਲ ਛੇੜਛਾੜ ਕਰਨ ਸਬੰਧੀ ਐਸ.ਏ.ਐਸ.ਨਗਰ ਵਿਖੇ ਸਾਲ 2019 ਦੀ ਸ਼ਿਕਾਇਤ ਨੰਬਰ 370 ਦੀ ਪੜਤਾਲ ਉਪਰੰਤ ਮੁਕੱਦਮਾ ਨੰਬਰ 06 ਮਿਤੀ 08.05.2020 ਅਧੀਨ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਅਤੇ ਆਈਪੀਸੀ ਦੀ ਧਾਰਾ 409, 420, 467, 468, 471, 477 ਏ, 201, 120-ਬੀ ਤਹਿਤ ਵਿਜੀਲੈਂਸ ਬਿਊਰੋ ਦੇ ਉਡਣ ਦਸਤਾ-1, ਪੰਜਾਬ ਐਸ.ਏ.ਐਸ.ਨਗਰ ਦੇ ਪੁਲਿਸ ਥਾਣੇ ਵਿੱਚ ਮਾਲ ਵਿਭਾਗ ਦੇ ਅਧਿਕਾਰੀਆਂ ਅਤੇ ਪ੍ਰਾਪਰਟੀ ਡੀਲਰਾਂ ਵਜੋਂ ਕੰਮ ਕਰਨ ਵਾਲੇ ਨਿੱਜੀ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਸੀ।
ਬੁਲਾਰੇ ਨੇ ਦੱਸਿਆ ਕਿ ਉਕਤ ਮਾਮਲੇ ਦੀ ਪੜਤਾਲ ਦੌਰਾਨ ਵਿਜੀਲੈਂਸ ਬਿਊਰੋ ਦੇ ਆਰਥਿਕ ਅਪਰਾਧ ਵਿੰਗ ਨੇ ਪਾਇਆ ਕਿ ਨੰ: 3159 ਮਿਤੀ 21.05.2004 ਦੇ ਇੰਤਕਾਲ ਮੌਕੇ ਮਾਲ ਰਿਕਾਰਡ ਵਿੱਚ ਛੇੜਛਾੜ ਅਤੇ ਫਰਜ਼ੀ ਇੰਦਰਾਜ ਕੀਤੇ ਗਏ ਸੀ ਜੋ ਕਿ ਪਿੰਡ ਮਾਜਰੀ ਦੇ ਲੋਕਾਂ ਵੱਲੋਂ ਆਪਣੀ ਸਬੰਧਤ ਜਮੀਨ, ਜਿਸਦੇ ਉਹ ਮੁਹਾਲੀ ਦੇ ਤਤਕਾਲੀ ਕਲਸਾਲੀਡੇਸ਼ਨ ਅਫਸਰ ਵਲੋਂ ਕੀਤੇ ਇੰਤਕਾਲ ਨੰਬਰ: 2026, ਮਿਤੀ 7 ਮਈ 1991 ਮੁਤਾਬਕ, ਅਸਲ ਮਾਲਕ ਸਨ, ਲਈ ਦਰਜ ਕਰਵਾਈ ਗਈ ਸੀ। ਉਕਤ ਦੋਸ਼ੀ ਪ੍ਰਾਪਰਟੀ ਡੀਲਰਾਂ ਨੇ ਮਾਲ ਅਧਿਕਾਰੀਆਂ ਨਾਲ ਮਿਲੀਭੁਗਤ ਕਰਕੇ ਧੋਖੇ ਨਾਲ ਉਕਤ ਪਿੰਡ ਦੀ ਜ਼ਮੀਨ ਦਾ ਇੰਤਕਾਲ ਹੀ ਬਦਲ ਦਿੱਤਾ, ਜਿਸ ਵਿੱਚ 14 ਵਿਅਕਤੀਆਂ ਨੂੰ ਪਿੰਡ ਮਾਜਰੀ ਦੀ 558 ਏਕੜ (4464 ਕਨਾਲ) ਜ਼ਮੀਨ ਦੇ ਮਾਲਕ ਦਿਖਾਇਆ ਗਿਆ।
ਜਾਂਚ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਇਨਾਂ 14 ਵਿਅਕਤੀਆਂ ਵਿਚੋਂ 12 ਬਿਲਕੁਲ ਫਰਜ਼ੀ ਸਨ। ਉਹ ਉਕਤ ਜਮੀਨ ਦੇ ਮਾਲਕ, ਪਿੰਡ ਮਾਜਰੀ ਦੇ ਵਸਨੀਕ ਜਾਂ ਕਾਸ਼ਤਕਾਰ ਵੀ ਨਹੀਂ ਹਨ। ਬਾਕੀ 2 ਵਿਅਕਤੀ ਪਿੰਡ ਮਾਜਰੀ ਦੇ ਵਸਨੀਕ ਹਨ ਅਤੇ ਥੋੜੇ ਰਕਬੇ ਦੀ ਜਮੀਨ ਦੇ ਮਾਲਕ ਹਨ, ਪਰ ਦੋਸ਼ੀ ਮਾਲ ਅਧਿਕਾਰੀਆਂ ਵੱਲੋਂ ਉਨਾਂ ਦੇ ਹਿੱਸੇ ਅਸਲ ਹਿੱਸੇ ਤੋਂ ਵਧਾ ਦਿੱਤੇ ਗਏ। ਇਸ ਤੋਂ ਇਲਾਵਾ 18.06.2014 ਅਤੇ 19.06.2014 ਨੂੰ ਲਗਭਗ 578 ਏਕੜ (4624 ਕਨਾਲ) ਜਮੀਨ ਧੋਖੇ ਨਾਲ ਅਜਿਹੇ ਵਿਅਕਤੀਆਂ ਦੇ ਨਾਮ ਤਬਦੀਲ ਕੀਤੀ ਗਈ ਸੀ ਜੋ ਅਸਲ ਵਿੱਚ ਜ਼ਮੀਨ ਦੇ ਮਾਲਕ ਹੀ ਨਹੀਂ ਸਨ।
ਬੁਲਾਰੇ ਨੇ ਅੱਗੇ ਕਿਹਾ ਕਿ ਉਕਤ ਮਾਮਲੇ ਦੀ ਜਾਂਚ ਦੇ ਆਧਾਰ ‘ਤੇ ਵਿਜੀਲੈਂਸ ਬਿਓਰੋ ਨੇ ਦੋਸ਼ੀ ਪ੍ਰਾਪਰਟੀ ਡੀਲਰਾਂ ਰੱਬੀ ਸਿੰਘ ਅਤੇ ਬਨਾਰਸੀ ਦਾਸ ਨੂੰ ਗ੍ਰਿਫਤਾਰ ਕੀਤਾ ਹੈ। ਦੋਵਾਂ ਮੁਲਜਮਾਂ ਦਾ ਸਬੰਧਤ ਅਦਾਲਤ ਤੋਂ ਪੁਲੀਸ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ।
ਇਸ ਕੇਸ ਦਾ ਹੋਰ ਖੁਲਾਸਾ ਕਰਦਿਆਂ  ਉਨਾਂ ਦੱਸਿਆ ਕਿ ਮੁਲਜਮ ਰੱਬੀ ਸਿੰਘ ਨੇ ਇੱਕ ਫਰਜੀ ਵਿਅਕਤੀ ਅਮਰੀਕ ਸਿੰਘ ਦੇ ਨਾਂ ‘ਤੇ 69.68 ਏਕੜ (557 ਕਨਾਲ) ਜਮੀਨ ਦੀ ਜਨਰਲ ਪਾਵਰ ਆਫ ਅਟਾਰਨੀ (ਜੀਪੀਏ) ਖਰੀਦੀ ਸੀ ਅਤੇ ਬਾਅਦ ਵਿੱਚ ਇਸ ਆਧਾਰ ‘ਤੇ ਜੀ.ਪੀ.ਏ.ਲਗਭਗ 42 ਏਕੜ (336.5  ਕਨਾਲ) ਜਮੀਨ ਵੱਖ-ਵੱਖ ਵਿਅਕਤੀਆਂ ਨੂੰ ਵੇਚ ਦਿੱਤੀ। 
ਦੂਜੇ ਦੋਸ਼ੀ ਬਨਾਰਸੀ ਦਾਸ ਨੇ ਜਮੀਨ ਦੇ ਫਰਜੀ ਇੰਤਕਾਲ ਦੇ ਆਧਾਰ ‘ਤੇ ਕਰੀਬ 53 ਏਕੜ ਜਮੀਨ (424 ਕਨਾਲ) ਵੱਖ-ਵੱਖ ਵਿਅਕਤੀਆਂ ਨੂੰ ਵੇਚ ਦਿੱਤੀ। ਮੁਲਜਮ ਬਨਾਰਸੀ ਦਾਸ ਕਦੇ ਵੀ ਵੇਚੀ ਗਈ ਜਮੀਨ, ਜਿਸ ਨੂੰ ਮਾਲ ਰਿਕਾਰਡ ਵਿੱਚ ਧਰਮਪਾਲ ਦੇ ਨਾਂ ‘ਤੇ ਦਰਸਾਇਆ ਗਿਆ ਹੈ, ਦਾ ਅਸਲ ਮਾਲਕ ਨਹੀਂ ਸੀ। ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਅਗਲੇਰੀ ਜਾਂਚ ਜਾਰੀ ਹੈ।———

NO COMMENTS