ਚੰਡੀਗੜ੍ਹ, 1 ਅਕਤੂਬਰ (ਸਾਰਾ ਯਹਾਂ/ਮੁੱਖ ਸੰਪਾਦਕ): ਵਿਗਿਆਨ ਉਤਸਵ – ਪੰਜਾਬ, ਜਿਸ ਨੂੰ ਪੰਜਾਬ ਰਾਜ ਸਾਇੰਸ ਅਤੇ ਤਕਨਾਲੋਜੀ ਕੌਂਸਲ (ਪੀ.ਐਸ.ਸੀ.ਐਸ.ਟੀ) ਵੱਲੋਂ ਕਰਾਇਆ ਜਾ ਰਿਹਾ ਹੈ, ਸੂਬੇ ਦੇ ਖੋਜਾਰਥੀਆਂ, ਵਿਦਿਆਰਥੀਆਂ, ਟੀਚਿੰਗ ਫੈਕਲਟੀ ਅਤੇ ਉਦਯੋਗਾਂ ਨੂੰ ਪੰਜਾਬ ਦੇ ਸਾਇੰਸ, ਤਕਨਾਲੋਜੀ ਅਤੇ ਇਨੋਵੇਸ਼ਨ (ਐਸ.ਟੀ.ਆਈ.) ਈਕੋਸਿਸਟਮ ਦੇ ਖਾਸ ਪਹਿਲੂਆਂ ਬਾਰੇ ਡੂੰਘਾਈ ਵਿੱਚ ਸਿੱਖਣ ਦਾ ਮੌਕਾ ਪ੍ਰਦਾਨ ਕਰੇਗਾ। ਇਹ ਜਾਣਕਾਰੀ ਸਾਲ ਭਰ ਚੱਲਣ ਵਾਲੇ ਇਸ ਵਿਲੱਖਣ ਪ੍ਰੋਗਰਾਮ ਦਾ ਉਦਘਾਟਨ ਕਰਦਿਆਂ ਸਾਇੰਸ ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਦਿਲੀਪ ਕੁਮਾਰ ਨੇ ਦਿੱਤੀ।
ਇਸ ਮੌਕੇ ਸ੍ਰੀ ਕੁਮਾਰ ਨੇ ਜੀ.ਆਈ.ਜੈੱਡ. ਅਤੇ ਸਟਾਰਟਅਪ ਪੰਜਾਬ ਦੇ ਸਹਿਯੋਗ ਨਾਲ ਕੌਂਸਲ ਵੱਲੋਂ ਤਿਆਰ ਕੀਤੀ ‘ਇਨੋਵੇਸ਼ਨ ਐਂਡ ਇੰਕਿਉਬੇਸ਼ਨ ਈਕੋਸਿਸਟਮ ਆਫ਼ ਪੰਜਾਬ’ ਬਾਰੇ ਰਿਪੋਰਟ ਵੀ ਜਾਰੀ ਕੀਤੀ। ਪੀ.ਐਸ.ਸੀ.ਐਸ.ਟੀ. ਦੇ ਕਾਰਜਕਾਰੀ ਨਿਰਦੇਸ਼ਕ ਡਾ. ਜਤਿੰਦਰ ਕੌਰ ਅਰੋੜਾ ਨੇ ਦੱਸਿਆ ਕਿ ਸਾਇੰਸ ਅਤੇ ਤਕਨਾਲੋਜੀ ਵਿਭਾਗ, ਭਾਰਤ ਸਰਕਾਰ ਨੇ ਸਾਇੰਸ, ਤਕਨਾਲੋਜੀ ਅਤੇ ਇਨੋਵੇਸ਼ਨ ਈਕੋਸਿਸਟਮ ਦੀ ਮੈਪਿੰਗ ਅਤੇ ਵਿਸਥਾਰ ਲਈ ਇੱਕ ਮਾਡਲ ਫਰੇਮਵਰਕ ਵਿਕਸਤ ਕਰਨ ਲਈ ਪੰਜਾਬ ਦੀ ਚੋਣ ਕੀਤੀ ਹੈ ਜਿਸ ਨੂੰ ਦੇਸ਼ ਦੇ ਦੂਜੇ ਸੂਬਿਆਂ ਵੱਲੋਂ ਅਪਣਾਇਆ ਜਾਵੇਗਾ। ਇਹ ਫਰੇਮਵਰਕ ਸੂਬਿਆਂ ਨੂੰ ਡਾਟਾ ਆਧਾਰਤ ਯੋਜਨਾਬੰਦੀ ਲਈ ਸੰਸਥਾਗਤ ਵਿਧੀ ਸਥਾਪਤ ਕਰਨ ਵਿੱਚ ਸਹਾਇਤਾ ਕਰੇਗਾ।
ਜ਼ਿਕਰਯੋਗ ਹੈ ਕਿ ‘ਵਿਗਿਆਨ ਉਤਸਵ’ ਸਾਇੰਸ ਅਤੇ ਤਕਨਾਲੋਜੀ ਵਿਭਾਗ, ਭਾਰਤ ਸਰਕਾਰ ਵੱਲੋਂ ਸਾਇੰਸ ਤੇ ਤਕਨਾਲੋਜੀ ਕੌਂਸਲਾਂ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਗਿਆ ਜਿਸ ਦਾ ਉਦੇਸ਼ ਦੇਸ਼ ਦੇ “ਆਤਮ ਨਿਰਭਰ ਭਾਰਤ ਲਈ “ਵਿਗਿਆਨ, ਤਕਨਾਲੋਜੀ ਅਤੇ ਇਨੋਵੇਸ਼ਨ (ਐਸ.ਟੀ.ਆਈ) ਈਕੋਸਿਸਟਮ” ਨੂੰ ਪ੍ਰਦਰਸ਼ਿਤ ਕਰਨਾ ਹੈ। ਇਸ ਤਹਿਤ ਦੇਸ਼ ਦੇ ਸਾਰੇ ਸੂਬੇ ਸਾਲ ਭਰ ਲੜੀਵਾਰ ਸਮਾਗਮਾਂ ਦਾ ਆਯੋਜਨ ਕਰਕੇ ਆਪਣੇ ਸੂਬੇ ਦੇ ਐਸ.ਟੀ.ਆਈ ਈਕੋਸਿਸਟਮ ਦਾ ਪ੍ਰਦਰਸ਼ਨ ਕਰਨਗੇ। ਇਹ ਪਹਿਲਕਦਮੀ ਦੇਸ਼ ਦੀ ਆਜ਼ਾਦੀ ਦੇ 75 ਸਾਲਾਂ ਪੂਰੇ ਹੋਣ ਸਬੰਧੀ ਜਸ਼ਨ ਮਨਾਉਣ ਲਈ ਸ਼ੁਰੂ ਕੀਤੀ ਲੜੀ ‘ਅਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੇ ਵਜੋਂ ਕੀਤੀ ਗਈ ਹੈ।
ਪ੍ਰੋਗਰਾਮ ਦੇ ਉਦਘਾਟਨੀ ਸਮਾਗਮ ਦਾ ਵਿਸ਼ਾ ‘ਪੰਜਾਬ ਵਿੱਚ ਵਿਗਿਆਨ, ਤਕਨਾਲੋਜੀ ਅਤੇ ਇਨੋਵੇਸ਼ਨ ਸੰਸਥਾਵਾਂ’ ਸੀ। ਸੂਬੇ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਅਤੇ ਸੰਸਥਾਵਾਂ ਦੇ ਮੁਖੀ ਪ੍ਰੋ: ਰਾਜੀਵ ਆਹੂਜਾ, ਡਾਇਰੈਕਟਰ, ਆਈ.ਆਈ.ਟੀ ਰੋਪੜ; ਪ੍ਰੋ: ਅਸ਼ਵਨੀ ਪਰੀਕ, ਕਾਰਜਕਾਰੀ ਨਿਰਦੇਸ਼ਕ, ਨੈਸ਼ਨਲ ਐਗਰੀ-ਫੂਡ ਬਾਇਓਟੈਕਨਾਲੌਜੀ ਇੰਸਟੀਚਿਊਟ; ਪ੍ਰੋ. ਅਮਿਤਾਵਾ ਪਾਤਰਾ, ਡਾਇਰੈਕਟਰ, ਇੰਸਟੀਚਿਊਟ ਆਫ਼ ਨੈਨੋ ਸਾਇੰਸ ਐਂਡ ਟੈਕਨਾਲੌਜੀ; ਡਾ: ਐਚ.ਕੇ. ਸਰਦਾਨਾ, ਮੁੱਖ ਵਿਗਿਆਨੀ, ਸੈਂਟਰਲ ਸਾਇੰਟੀਫਿਕ ਇੰਸਟ੍ਰੂਮੈਂਟ ਆਰਗਨਾਈਜੇਸ਼ਨ; ਡਾ: ਐਨ.ਜੀ. ਪ੍ਰਸਾਦ, ਡੀਨ, ਆਈ.ਆਈ.ਐਸ.ਈ.ਆਰ-ਮੋਹਾਲੀ, ਡਾ. ਨਵਤੇਜ ਬੈਂਸ, ਡਾਇਰੈਕਟਰ, ਖੋਜ, ਪੀ.ਏ.ਯੂ; ਡਾ: ਜੇ.ਪੀ.ਐਸ. ਗਿੱਲ, ਨਿਰਦੇਸ਼ਕ, ਖੋਜ, ਗਡਵਾਸੂ ਅਤੇ ਡਾ.ਨਿਰਮਲ ਔਸੈਪਾਚਨ, ਰਜਿਸਟਰਾਰ, ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਨੇ ਆਪਣੀਆਂ ਸੰਸਥਾਵਾਂ ਦੀਆਂ ਮੁੱਖ ਪ੍ਰਾਪਤੀਆਂ ਸਾਂਝੀਆਂ ਕੀਤੀਆਂ।
ਸੈਂਟਰ ਆਫ਼ ਟੈਕਨਾਲੌਜੀ ਇਨੋਵੇਸ਼ਨ ਐਂਡ ਇਕਨਾਮਿਕ ਰਿਸਰਚ ਦੇ ਮੁੱਖ ਕਾਰਜਕਾਰੀ ਅਧਿਕਾਰੀ, ਸ੍ਰੀ ਜਨਕ ਨਾਬਰ ਵੱਲੋਂ ਸੰਚਾਲਿਤ ਇੱਕ ਇੰਟਰਐਕਟਿਵ ਪੈਨਲ ਵਿੱਚ, ਉਨ੍ਹਾਂ ਨੇ ਆਪਣੀਆਂ ਸੰਸਥਾਵਾਂ ਵੱਲੋਂ ਵਿਕਸਤ ਕੀਤੀਆਂ ਜਾ ਰਹੀਆਂ ਉੱਨਤ ਤਕਨਾਲੋਜੀਆਂ ਬਾਰੇ ਵੀ ਚਰਚਾ ਕੀਤੀ। ਸੂਬੇ ਭਰ ਤੋਂ ਲਗਭਗ 1000 ਭਾਗੀਦਾਰਾਂ ਨੇ ਵੱਖ-ਵੱਖ ਆਨਲਾਈਨ ਪਲੇਟਫਾਰਮਾਂ ਰਾਹੀਂ ਇਸ ਪ੍ਰੋਗਰਾਮ ਵਿੱਚ ਸ਼ਮੂਲੀਅਤ ਕੀਤੀ।———-