*’ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਤੇ ਉਸ ਦੇ ਸਾਥੀਆਂ ਖਿਲਾਫ ਐਨਐਸਏ ਨੂੰ ਚੁਣੌਤੀ ਦੇਣ ਦੀ ਤਿਆਰੀ*

0
51

(ਸਾਰਾ ਯਹਾਂ/ਬਿਊਰੋ ਨਿਊਜ਼ ) : ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਖਿਲਾਫ ਸੁਰੱਖਿਆ ਏਜੰਸੀਆਂ ਵੱਲੋਂ ਲਾਏ ਗਏ ਐਨਐਸਏ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਜਾਏਗੀ। ਸੂਤਰਾਂ ਮੁਤਾਬਕ ਐਡਵਾਈਜ਼ਰੀ ਬੋਰਡ ਦੀ ਰਿਪੋਰਟ ਤੋਂ ਬਾਅਦ ਐਨਐਸਏ ਨੂੰ ਚੁਣੌਤੀ ਦੇਣ ਲਈ ਪਟੀਸ਼ਨਾਂ ਦਾਇਰ ਕੀਤੀਆਂ ਜਾਣਗੀਆਂ। 

ਉਧਰ, ਵਕੀਲਾਂ ਨੇ ਅੰਮ੍ਰਿਤਪਾਲ ਦੇ ਪੰਜ ਸਾਥੀਆਂ ਦੇ ਮਾਮਲੇ ਵਿੱਚ ਹਾਈਕੋਰਟ ਵਿੱਚ ਦਾਇਰ ਰਿੱਟ ਪਟੀਸ਼ਨ ਵਾਪਸ ਲੈ ਲਈ ਹੈ। ਇਸ ਦਾ ਕਾਰਨ ਵਕੀਲਾਂ ਨੂੰ ਡਿਬਰੂਗੜ੍ਹ ਜੇਲ੍ਹ ਵਿੱਚ ਮੁਲਜ਼ਮਾਂ ਨੂੰ ਮਿਲਣ ਦੀ ਇਜਾਜ਼ਤ ਦੇਣਾ ਤੇ ਨਜ਼ਰਬੰਦੀ ਦੇ ਆਧਾਰ ਬਾਰੇ ਜਾਣਕਾਰੀ ਦੇਣਾ ਹੈ। 

ਹਾਸਲ ਜਾਣਕਾਰੀ ਮੁਤਾਬਕ ਜਿਨ੍ਹਾਂ ਪੰਜ ਵਿਅਕਤੀਆਂ ਦੀ ਰਿੱਟ ਪਟੀਸ਼ਨ ਵਾਪਸ ਲਈ ਗਈ ਹੈ, ਉਨ੍ਹਾਂ ਵਿੱਚ ਗੁਰਮੀਤ ਸਿੰਘ ਬੁੱਕਣਵਾਲਾ, ਕੁਲਵੰਤ ਸਿੰਘ ਰਾਉਕੇ, ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇਕੇ, ਬਸੰਤ ਸਿੰਘ ਦੌਲਤਪੁਰਾ ਤੇ ਵਰਿੰਦਰ ਸਿੰਘ ਫੌਜੀ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਦਲਜੀਤ ਕਲਸੀ ਦੇ ਸਬੰਧ ਵਿੱਚ ਦਾਇਰ ਰਿੱਟ ਪਟੀਸ਼ਨ ਵੀ ਹਾਈ ਕੋਰਟ ਵਿੱਚੋਂ ਵਾਪਸ ਲੈ ਲਈ ਗਈ ਹੈ। ਹੁਣ ਉਸ ਵਿਰੁੱਧ ਐਨਐਸਏ ਲਾਏ ਜਾਣ ਨੂੰ ਚੁਣੌਤੀ ਦੇਣ ਲਈ ਨਵੀਂ ਪਟੀਸ਼ਨ ਦਾਇਰ ਕੀਤੀ ਜਾਵੇਗੀ।

ਦਰਅਸਲ ਬੀਤੇ ਦਿਨੀਂ ਮੁਲਜ਼ਮਾਂ ਦੇ ਵਕੀਲ ਡਿਬਰੂਗੜ੍ਹ ਜੇਲ੍ਹ ਵਿੱਚ ਜਾ ਕੇ ਉਨ੍ਹਾਂ ਨੂੰ ਮਿਲੇ ਸਨ। ਇਸ ਦੇ ਨਾਲ ਹੀ ਬੰਦੀ ਬਣਾਉਣ ਦੇ ਆਧਾਰ ਬਾਰੇ ਵੀ ਜਾਣਕਾਰੀ ਲਈ ਗਈ ਸੀ। ਇਸ ਮਗਰੋਂ ਵਕੀਲਾਂ ਵੱਲੋਂ ਨਜ਼ਰਬੰਦੀ ਦੇ ਆਧਾਰ ‘ਤੇ ਸਲਾਹਕਾਰ ਬੋਰਡ ਦੀ ਰਿਪੋਰਟ ਤੋਂ ਬਾਅਦ ਐਨਐਸਏ ਨੂੰ ਚੁਣੌਤੀ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। 

ਹਾਸਲ ਜਾਣਕਾਰੀ ਮੁਤਾਬਕ ਨਜ਼ਰਬੰਦੀ ਦੇ ਸੱਤ ਹਫ਼ਤਿਆਂ ਦੇ ਅੰਦਰ ਐਡਵਾਈਜ਼ਰੀ ਬੋਰਡ ਨੂੰ ਰਿਪੋਰਟ ਦੇਣੀ ਪੈਂਦੀ ਹੈ। ਅੰਮ੍ਰਿਤਸਰ ਦੇ ਜ਼ਿਲ੍ਹਾ ਮੈਜਿਸਟਰੇਟ ਤੇ ਜ਼ਿਲ੍ਹਾ ਦਿਹਾਤੀ ਪੁਲਿਸ ਨੇ ਇਸ ਮਾਮਲੇ ਵਿੱਚ ਐਡਵਾਈਜ਼ਰੀ ਬੋਰਡ ਨੂੰ ਐਨਐਸਏ ਲਾਉਣ ਦੇ ਕਾਰਨ ਦੱਸੇ ਹਨ। ਇਸ ਮਗਰੋਂ ਹੁਣ ਐਡਵਾਈਜ਼ਰੀ ਬੋਰਡ ਆਪਣੀ ਰਿਪੋਰਟ ਦੇਵੇਗਾ।

NO COMMENTS