ਮਾਨਸਾ 22 ਅਪ੍ਰੈਲ (ਸਾਰਾ ਯਹਾਂ/ਜੋਨੀ ਜਿੰਦਲ) :ਅੱਜ”ਵਿਸ਼ਵ ਧਰਤੀ ਦਿਵਸ” ਮੌਕੇ ਮਾਨਸਾ ਸਾਇਕਲ ਗਰੁੱਪ ਦੇ ਮੈਂਬਰਾਂ ਵੱਲੋਂ ਸਾਇਕਲਿੰਗ ਉਪਰੰਤ ਸ਼ਹਿਰ ਦੇ ਰਾਮਬਾਗ ਵਿਖੇ ਛਾਂਦਾਰ ਰੁੱਖ ਲਗਾਏ ਗਏ। ਇਹ ਜਾਣਕਾਰੀ ਦਿੰਦਿਆਂ ਵਾਤਾਵਰਣ ਪ੍ਰੇਮੀ ਬਲਵੀਰ ਸਿੰਘ ਅਗਰੋਈਆ ਨੇ ਦੱਸਿਆ ਕਿ ਲਗਾਤਾਰ ਹੋ ਰਹੀ ਰੁੱਖਾਂ ਦੀ ਕਟਾਈ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਸਾਫ ਸੁਥਰੇ ਵਾਤਾਵਰਣ ਲਈ ਰੁੱਖਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਰੁੱਖ ਵਾਤਾਵਰਨ ਵਿੱਚੋਂ ਕਾਰਬਨਡਾਈਆਕਸਾਈਡ ਲੈ ਕੇ ਆਕਸੀਜਨ ਛੱਡਦੇ ਹਨ ਜੋਂ ਕਿ ਇਨਸਾਨ ਨੂੰ ਸਾਂਹ ਲੈਣ ਲਈ ਲੋੜੀਂਦੀ ਹੈ ਇਸ ਲਈ ਹਰੇਕ ਇਨਸਾਨ ਨੂੰ ਰੁੱਖ ਲਗਾਉਣੇ ਚਾਹੀਦੇ ਹਨ ਅਤੇ ਉਨ੍ਹਾਂ ਦੀ ਸੰਭਾਲ ਵੀ ਕਰਨੀ ਚਾਹੀਦੀ ਹੈ।
ਸੰਜੀਵ ਪਿੰਕਾ ਨੇ ਕਿਹਾ ਕਿ ਮਿ੍ਤਕ ਦੇਹ ਦੇ ਸੰਸਕਾਰ ਸਮੇਂ ਨੌਂ ਮਣ ਲੱਕੜ ਜਲਾਈ ਜਾਂਦੀ ਹੈ ਜਿਸ ਲਈ ਜ਼ਿਆਦਾ ਦਰਖ਼ਤ ਕੱਟਣੇ ਪੈਂਦੇ ਹਨ ਜਦਕਿ ਮਾਨਸਾ ਵਿੱਚ ਐਲ.ਪੀ.ਜੀ.ਗੈਸ ਨਾਲ ਸੰਸਕਾਰ ਕਰਨ ਵਾਲੀਆਂ ਚਿਤਾਵਾਂ ਦਾ ਨਿਰਮਾਣ ਕੀਤਾ ਹੋਇਆ ਹੈ ਜਿਸ ਰਾਹੀਂ ਸੰਸਕਾਰ ਕਰਨ ਲਈ ਸਿਰਫ ਪੰਜਾਹ ਕਿੱਲੋ ਲੱਕੜ ਅਤੇ ਸੱਤ ਕਿਲੋ ਗੈਸ ਲੱਗਦੀ ਹੈ ਜਿਸ ਨਾਲ ਜਿੱਥੇ ਰੁੱਖਾਂ ਦੀ ਕਟਾਈ ਘੱਟਦੀ ਹੈ ਉੱਥੇ ਧੁੰਆਂ ਘਟਣ ਨਾਲ ਵਾਤਾਵਰਣ ਦਾ ਪ੍ਰਦੂਸ਼ਣ ਵੀ ਘੱਟਦਾ ਹੈ ਇਸ ਲਈ ਸੰਸਕਾਰ ਸਮੇਂ ਗੈਸ ਵਾਲੀ ਚਿਤਾ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਉਹਨਾਂ ਦੱਸਿਆ ਕਿ ਮਾਨਸਾ ਸਾਇਕਲ ਗਰੁੱਪ ਵਲੋਂ ਅਜਿਹੇ ਉਪਰਾਲੇ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ।
ਇਸ ਮੌਕੇ ਰਮਨ ਗੁਪਤਾ, ਨਰਿੰਦਰ ਗੁਪਤਾ, ਪਰਵੀਨ ਟੋਨੀ ਸ਼ਰਮਾਂ, ਆਲਮ ਸਿੰਘ,ਜਤਿਨ ਕੁਮਾਰ, ਬਲਵੀਰ ਅਗਰੋਈਆ, ਸੰਜੀਵ ਪਿੰਕਾ ਹਾਜ਼ਰ ਸਨ।