*ਵਾਤਾਵਰਣ ਦੀ ਸ਼ੁੱਧਤਾ ਨੂੰ ਯਕੀਨੀ ਬਣਾਉਣਾ ਸਾਡਾ ਸਾਰਿਆਂ ਦਾ ਸਾਂਝਾ ਫ਼ਰਜ਼: ਡਾ. ਵਿਜੈ ਸਿੰਗਲਾ*

0
15

ਚੰਡੀਗੜ੍ਹ/ ਮੋਹਾਲੀ, 7 ਅਪ੍ਰੈਲ (ਸਾਰਾ ਯਹਾਂ/ ਮੁੱਖ ਸੰਪਾਦਕ ) : ਵਾਤਾਵਰਣ ਵਿੱਚ ਆ ਰਹੇ ਵਿਗਾੜ ਕਾਰਨ ਦਿਨੋਂ ਦਿਨ ਬੀਮਾਰੀਆਂ ਦਾ ਪ੍ਰਭਾਵ ਵੱਧਦਾ ਜਾ ਰਿਹਾ ਹੈ, ਜਿਸ ਨੂੰ ਠੱਲ੍ਹ ਪਾਉਣ ਲਈ ਵਾਤਾਵਰਣ ਦੀ ਸ਼ੁੱਧਤਾ ਨੂੰ ਯਕੀਨੀ ਬਣਾਉਣਾ ਸਾਡਾ ਸਾਰਿਆਂ ਦਾ ਸਾਂਝਾ ਫ਼ਰਜ਼ ਹੈ। ਉਕਤ ਪ੍ਰਗਟਾਵਾ ਅੱਜ ਇੱਥੇ ਅੰਬੇਦਕਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਵਿਖੇ ਵਿਸ਼ਵ ਸਿਹਤ ਦਿਵਸ ਮੌਕੇ ਕਰਵਾਏ ਗਏ ਰਾਜ ਪੱਧਰੀ  ਸਮਾਗਮ ਨੂੰ ਸੰਬੋਧਨ ਕਰਦਿਆਂ ਪੰਜਾਬ ਰਾਜ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਡਾਕਟਰੀ ਸਿੱਖਿਆ ਤੇ ਖੋਜ ਬਾਰੇ ਮੰਤਰੀ ਡਾ. ਵਿਜੈ ਸਿੰਗਲਾ ਨੇ ਕੀਤਾ।
ਡਾ. ਸਿੰਗਲਾ ਨੇ ਕਿਹਾ ਕਿ ਦਿਨੋਂ ਦਿਨ ਲੋਕਾਂ ਵਿੱਚ ਬੀਮਾਰੀ ਦੇ ਵੱਧ ਰਹੇ ਪ੍ਰਭਾਵ ਦਾ ਵੱਡਾ ਕਾਰਨ ਵਾਤਾਵਰਣ ਵਿੱਚ ਆ ਰਹੀਆਂ ਤਬਦੀਲੀਆਂ ਹਨ ਜਿਸ ਨਾਲ ਮਨੁੱਖੀ ਸਰੀਰ ਵਿੱਚ ਕਈ ਬੀਮਾਰੀਆਂ ਉਪਜ ਰਹੀਆਂ ਹਨ। ਉਹਨਾਂ ਸੂਬਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵਾਤਾਵਰਣ ਨੂੰ ਸ਼ੁੱਧ ਬਣਾਉਣ ਵਿੱਚ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਉਣ। 
ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਹਫ਼ਤੇ ਵਿੱਚ ਘੱਟੋ-ਘੱਟ ਇੱਕ ਦਿਨ ਸਾਈਕਲ ਜਾਂ ਪਬਲਿਕ ਟਰਾਂਸਪੋਰਟ ਦੀ ਵਰਤੋਂ ਆਪਣੇ ਕੰਮਕਾਰ ਵਾਲੇ ਸਥਾਨ ‘ਤੇ ਜਾਣ ਦੀ ਸ਼ੁਰੂਆਤ ਕਰਨ। ਇਸ ਤੋਂ ਇਲਾਵਾ ਵਸਤਾਂ ਨੂੰ ਮੁੜ ਵਰਤੋਂ ਵਿੱਚ ਲਿਆਉਣ ਲਈ ਵੀ ਯਤਨ ਕਰਨੇ ਚਾਹੀਦੇ ਹਨ।
ਉਹਨਾਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕਣਕ ਝੋਨੇ ਦੇ ਫ਼ਸਲ ਵਿੱਚੋਂ ਨਿਕਲਣ ਦਾ ਯਤਨ ਕਰਨ ਕਿਉਂਕਿ ਮੌਜੂਦਾ ਸਮੇਂ ਝੋਨੇ ਦੀ ਖੇਤੀ ਕਾਰਨ ਪੰਜਾਬ ਰਾਜ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਦਿਨੋਂ ਦਿਨ ਡੂੰਘਾ ਹੁੰਦਾ ਜਾ ਰਿਹਾ ਹੈ, ਜਦਕਿ ਕਣਕ ਦੀ ਪੈਦਾਵਾਰ ਨੂੰ ਵਧਾਉਣ ਲਈ ਕੈਮੀਕਲ ਖਾਦਾਂ ਅਤੇ ਸਪਰੇਆਂ ਦੀ ਵਰਤੋਂ ਕਾਰਨ ਪੰਜਾਬ ਵਾਸੀ ਵੀ ਮੱਧ ਪ੍ਰਦੇਸ਼ ਤੋਂ ਮਹਿੰਗੀ ਕਣਕ ਮੰਗਾ ਕੇ ਖਾ ਰਹੇ ਹਨ। 
ਡਾ. ਸਿੰਗਲਾ ਨੇ ਕਿਹਾ ਕਿ ਸਾਨੂੰ ਪੰਜਾਬ ਰਾਜ ਵਿੱਚੋਂ ਹੋ ਰਹੇ ਪ੍ਰਵਾਸ ਬਾਰੇ ਵੀ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ। ਇਸ ਲਈ ਵਧੀਆ ਉਚੇਰੀ ਸਿੱਖਿਆ, ਵਧੀਆ ਰਹਿਣ ਸਹਿਣ ਅਤੇ ਸਾਫ਼ ਸੁਥਰਾ ਵਾਤਾਵਰਣ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਮੁਹੱਈਆ ਕਰਵਾਉਣਾ ਸਾਡਾ ਸਾਰਿਆਂ ਦਾ ਸਾਂਝਾ ਫ਼ਰਜ਼ ਹੈ।
ਇਸ ਮੌਕੇ ਪੰਜਾਬ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਅਸੀਂ ਬਹੁਤ ਜਲਦ ਸੂਬੇ ਦੇ ਲੋਕਾਂ ਨੂੰ ਮੁਫ਼ਤ ਅਤੇ ਮਿਆਰੀ ਸਿਹਤ ਸਹੂਲਤਾਂ ਜਲਦ ਮੁਹੱਈਆ ਕਰਵਾਵਾਂਗੇ ਅਤੇ ਇਸ ਤੋਂ ਇਲਾਵਾ ਹਰੇਕ ਪੰਜਾਬ ਵਾਸੀ ਨੂੰ ਹੈਲਥ ਕਾਰਡ ਵੀ ਜਾਰੀ ਕਰਾਂਗੇ। 
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁਹੱਲਾ ਕਲੀਨਿਕ ਸ਼ੁਰੂ ਕਰਨ ਬਾਰੇ ਵੀ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸੂਬੇ ਦੇ ਸਾਰੇ ਹਸਪਤਾਲਾਂ ਨੂੰ ਲੋੜ ਅਨੁਸਾਰ ਅਪਗ੍ਰੇਡ ਕੀਤਾ ਜਾਵੇਗਾ ਅਤੇ ਮੈਡੀਕਲ ਕਾਲਜਾਂ ਨੂੰ ਵੀ ਵਿਸ਼ਵ ਪੱਧਰੀ ਸਹੂਲਤਾਂ ਨਾਲ ਲੈੱਸ ਕੀਤਾ ਜਾਵੇਗਾ।
ਡਾ. ਸਿੰਗਲਾ ਨੇ ਕਿਹਾ ਕਿ ਮੋਹਾਲੀ ਵਿੱਚ ਬਣਨ ਵਾਲਾ ਅੰਬੇਦਕਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਨੂੰ ਇਸ ਤਰ੍ਹਾਂ ਬਣਾਵਾਂਗੇ ਕਿ ਉਹ ਪੀ.ਜੀ.ਆਈ., ਚੰਡੀਗੜ੍ਹ ਨੂੰ ਟੱਕਰ ਦੇਵੇਗਾ। 
ਸਿਹਤ ਮੰਤਰੀ ਨੇ ਇਸ ਮੌਕੇ ਪੰਜਾਬ ਵਾਸੀਆਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਹਿੱਤ ਵਿਸ਼ੇਸ਼ ਤੌਰ ‘ਤੇ ਤਿਆਰ ਕਰਵਾਈਆਂ ਗਈਆਂ ਵੈਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਇਸ ਮੌਕੇ ਸ੍ਰੀ ਰਾਜ ਕਮਲ ਚੌਧਰੀ ਪ੍ਰਮੁੱਖ ਸਕੱਤਰ ਸਿਹਤ ਤੇ ਪਰਿਵਾਰ ਭਲਾਈ, ਸ੍ਰੀ ਭੁਪਿੰਦਰ ਸਿੰਘ ਐਮ.ਡੀ. ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ, ਡਾ. ਜੀ.ਬੀ. ਸਿੰਘ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ, ਡਾ. ਅਵਿਨੀਸ਼ ਕੁਮਾਰ ਡਾਇਰੈਕਟਰ ਡਾਕਟਰੀ ਸਿੱਖਿਆ ਤੇ ਖੋਜ ਵਿਭਾਗ ਅਤੇ ਕਈ ਹੋਰ ਹਾਜ਼ਰ ਸਨ। 

NO COMMENTS