ਮਾਨਸਾ, 3 ਮਾਰਚ (ਸਾਰਾ ਯਹਾਂ/ ਮੁੱਖ ਸੰਪਾਦਕ ): ਵਾਈਸ ਆਫ ਮਾਨਸਾ ਸੰਸਥਾ ਵੱਲੋਂ ਸ਼ਹਿਰ ਦੀਆਂ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਨਾਲ ਮਿਲਕੇ ਯੂਕਰੇਨ ਅਤੇ ਰੂਸ ਦੀ ਜੰਗ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਦੀ ਸਹੀ ਸਲਾਮਤ ਵਤਨ ਵਾਪਸੀ ਅਤੇ ਉਥੋਂ ਦੇ ਨਾਗਰਿਕਾਂ ਦੇ ਭਲੇ ਲਈ ਦੁਆਵਾਂ ਕਰਨ ਵਜੋਂ ਮੋਮਬੱਤੀਆਂ ਜਗਾਕੇ ਮਾਰਚ ਕੱਢਿਆ ਗਿਆ। ਸ਼ਹਿਰ ਦੇ ਗੁਰਦੁਆਰਾ ਚੌਂਕ ਤੋਂ ਸ਼ੁਰੂ ਹੋਕੇ ਇਹ ਮਾਰਚ ਬੱਸ ਸਟੈਂਡ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਚੌਂਕ ਵਿੱਚ ਸਮਾਪਤ ਹੋਇਆ।
ਸੰਸਥਾ ਦੇ ਮੋਢੀ ਡਾ. ਜਨਕ ਰਾਜ ਨੇ ਕਿਹਾ ਕਿ ਭਾਰਤ ਵਿੱਚ ਮੈਡੀਕਲ ਸਿੱਖਿਆ ਦਾ ਹੋਰ ਵਿਸਥਾਰ ਕਰਨ ਦੀ ਸਖ਼ਤ ਲੋੜ ਹੈ ਤਾਂ ਜੋ ਸਿਹਤ ਸਿੱਖਿਆ ਵਿੱਚ ਹੋਰ ਸੀਟਾਂ ਪੈਦਾ ਹੋ ਸਕਣ ਅਤੇ ਵਿਦਿਆਰਥੀ ਆਪਣੇ ਮੁਲਕ ਵਿੱਚ ਹੀ ਪੜ੍ਹਾਈ ਕਰਨ। ਉਨ੍ਹਾਂ ਇਸ ਮਾਰਚ ਦੇ ਮਕਸਦ ਬਾਰੇ ਦੱਸਦਿਆਂ ਕਿਹਾ ਕਿ ਇਹ ਮਾਰਚ ਸਰਬੱਤ ਦਾ ਭਲਾ ਮੰਗਣ ਲਈ ਅਰਦਾਸ ਕਰਨ ਵਜੋਂ ਕੱਢਿਆ ਗਿਆ ਹੈ ਤਾਂ ਜੋ ਪੂਰੀ ਦੁਨੀਆ ਵਿੱਚ ਅਮਨ-ਅਮਾਨ ਰਹੇ।
ਇਸ ਮਾਰਚ ਵਿੱਚ ਸ਼ਹਿਰ ਦੀਆਂ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਸਮੇਤ ਸ਼ਹਿਰ ਦੇ ਉਘੇ ਡਾਕਟਰਾਂ ਅਤੇ ਵਕੀਲ ਸਾਹਿਬਾਨ ਨੇ ਸਮੂਲੀਅਤ ਕੀਤੀ।
ਸ਼ੋਸਲਿਸਟ ਪਾਰਟੀ ਦੇ ਹਰਿੰਦਰ ਸਿੰਘ ਮਾਨਸ਼ਾਹੀਆ ਨੇ ਕਿਹਾ ਕਿ ਯੁੱਧ ਮਨੁੱਖਤਾ ਲਈ ਖ਼ਤਰਨਾਕ ਹੈ ਅਤੇ ਇਸ ਦਾ ਮਾਨਵਤਾ ਦਾ ਭਲਾ ਚਾਹੁੰਣ ਵਾਲਿਆਂ ਵੱਲੋਂ ਸਖ਼ਤ ਵਿਰੋਧ ਕਰਨਾ ਚਾਹੀਦਾ ਹੈ।
ਮਾਨਸਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਵਿਜੈ ਸਿੰਗਲਾ ਨੇ ਜੰਗ ਵਿੱਚ ਮਾਰੇ ਗਏ ਭਾਰਤੀ ਵਿਦਿਆਰਥੀਆਂ ਨੂੰ ਸ਼ਰਧਾਂਜਲੀ ਭੇਂਟ ਕਰਨ ਦੇ ਨਾਲ ਸਾਰੇ ਵਿਦਿਆਰਥੀਆਂ ਨੂੰ ਜਲਦੀ ਮੁਲਕ ਵਾਪਸ ਲਿਆਉਣ ਲਈ ਯਤਨ ਤੇਜ਼ ਕਰਨ ਲਈ ਕਿਹਾ।
ਪ੍ਰਗਤੀਸ਼ੀਲ ਇਸਤਰੀ ਸਭਾ ਦੇ ਸੂਬਾਈ ਆਗੂ ਜਸਵੀਰ ਕੌਰ ਨੱਤ ਨੇ ਸ਼ਹਿਰ ਵਾਸੀਆਂ ਦੇ ਇਸ ਮਾਨਵਤਾਵਾਦੀ ਉਦੱਮ ਦੀ ਸ਼ਲਾਘਾ ਕੀਤੀ।
ਇਸ ਮੌਕੇ ਵਿਸ਼ਵਦੀਪ ਸਿੰਘ ਬਰਾੜ,ਐਡਵੋਕੇਟ ਕੁਲਵਿੰਦਰ ਸਿੰਘ ਉਡਤ,ਹੰਸ ਰਾਜ ਮੋਫ਼ਰ,ਅਸ਼ੋਕ ਸਪੋਲੀਆ,ਅਸ਼ੋਕ ਗਰਗ, ਗੁਰਪ੍ਰੀਤ ਭੁੱਚਰ, ਅਸ਼ੋਕ ਬਾਂਸਲ ਮਾਨਸਾ, ਯੂਕਰੇਨ ਤੋਂ ਪਰਤੇ ਵਿਦਿਆਰਥੀ ਮੁਕੇਸ ਕੁਮਾਰ ਨੰਦਗੜ੍ਹੀਆ ਨੇ ਵੀ ਸੰਬੋਧਨ ਕੀਤਾ।