*ਵਾਇਸ ਆਫ ਮਾਨਸਾ ਵਲੋਂ ਉਠਾਈਆਂ ਸ਼ਹਿਰ ਦੀਆਂ ਸਭ ਮੰਗਾਂ ਤੇ ਅਨਮੋਲ ਗਗਨ ਮਾਨ ਕੈਬਨਿਟ ਮੰਤਰੀ ਪੰਜਾਬ ਵਲੋਂ ਹਰ ਕਾਰਵਾਈ ਦਾ ਭਰੋਸਾ*

0
123

ਮਾਨਸਾ 16 ਅਗਸਤ (ਸਾਰਾ ਯਹਾਂ/ਮੁੱਖ ਸੰਪਾਦਕ ):

ਕੈਬਨਿਟ ਮੰਤਰੀ ਬੀਬਾ ਅਨਮੋਲ ਗਗਨ ਮਾਨ ਨੇ ਮਾਨਸਾ ਦੇ ਸ਼ਹਿਰੀਆਂ ਨਾਲ ਵਾਇਸ ਆਫ ਮਾਨਸਾ ਦੀ ਅਗਵਾਈ ਵਿਚ ਸ਼ਹਿਰ ਦੀਆਂ ਸਮੱਸਿਆਵਾਂ ਬਾਰੇ ਮੀਟਿੰਗ ਬਣਾਵਾਲੀ ਥਰਮਲ ਪਲਾਂਟ ਵਿਖੇ ਕੀਤੀ ਜਿਸ ਵਿਚ ਮਾਨਸਾ ਦੇ ਐਮ ਐਲ ਏ ਡਾ ਵਿਜੈ ਸਿੰਗਲਾ, ਸਰਦੂਲਗੜ੍ਹ ਦੇ ਐਮ ਐਲ ਏ ਗੁਰਪ੍ਰੀਤ ਸਿੰਘ ਬਣਾਵਾਲੀ ਸਮੇਤ ਪਰਮਵੀਰ ਸਿੰਘ ਡਿਪਟੀ ਕਮਿਸ਼ਨਰ ਅਤੇ ਨਾਨਕ ਸਿੰਘ ਐਸ ਐਸ ਪੀ ਮਾਨਸਾ ਵੀ ਸ਼ਾਮਿਲ ਸਨ। ਸੰਸਥਾ ਦੇ ਜਰਨਲ ਸਕੱਤਰ ਵਿਸ਼ਵਦੀਪ ਬਰਾੜ ਨੇ ਮਾਨਸਾ ਸ਼ਹਿਰ ਦੇ ਵਿਚ ਜਨਮੇ ਪਲੇ ਹੋਣ ਕਰਕੇ ਮਾਨਸਾ ਦੀ ਧੀ ਦੇ ਮੰਤਰੀ ਵਜੋਂ ਮਾਨਸਾ ਆਉਣ ਤੇ ਸਵਾਗਤ ਕੀਤਾ ਅਤੇ ਨਾਲ ਹੀ ਪ੍ਰੋ ਅਜਮੇਰ ਸਿੰਘ ਔਲਖ ਯਾਦਗਾਰੀ ਆਡੀਟੋਟੀਅਮ ਦੀ ਮੰਗ ਕੀਤੀ ।

ਪ੍ਰਧਾਨ ਡਾ ਜਨਕ ਰਾਜ ਸਿੰਗਲਾ ਵਲੋ ਮੰਤਰੀ ਜੀ ਦੀ ਵਫਦ ਨਾਲ ਜਾਣ ਪਛਾਣ ਕਰਵਾਈ ਗਈ ਅਤੇ ਮੰਤਰੀ ਜੀ ਵਲੋਂ ਸਭ ਨਾਲ ਆਪਣੀ ਸਾਂਝ ਬਾਰੇ ਵੀ ਸਭ ਨੂੰ ਦਸਦਿਆਂ ਮਾਣ ਮਹਿਸੂਸ ਕੀਤਾ ਕਿ ਇਹ ਮੇਰੇ ਸ਼ਹਿਰ ਦੀਆਂ ਉਹ ਸਖਸ਼ੀਅਤਾਂ ਹਨ ਜੋ ਹਰ ਕੰਮ ਵਿਚ ਅੱਗੇ ਹੁੰਦੀਆਂ ਹਨ। ਡਾ ਜਨਕ ਨੇ ਸੀਵੇਰਜ ਦੇ ਪਾਣੀ ਦੀ ਨਿਕਾਸੀ ਅਤੇ ਆਵਾਰਾ ਪਸ਼ੂਆਂ ਦਾ ਮੁੱਦਾ ਪਹਿਲ ਦੇ ਆਧਾਰ ਤੇ ਹੱਲ ਕਰਨ ਲਈ ਬੇਨਤੀ ਕੀਤੀ। ਉਹਨਾਂ ਦੀ ਮੰਗ ਤੇ ਹੋਈ ਵਿਚਾਰ ਚਰਚਾ ਵਿਚ ਡਾ ਵਿਜੇ ਸਿੰਗਲਾ ਅਤੇ ਡਿਪਟੀ ਕਮਿਸ਼ਨਰ ਮਾਨਸਾ ਨੇ ਬਣਾਵਾਲੀ ਥਰਮਲ ਨਾਲ ਅਗਲੀ ਮੀਟਿੰਗ ਰੱਖ ਕੇ ਮਸਲੇ ਦੇ ਸਾਰਥਕ ਮਸਲੇ ਦਾ ਭਰੋਸਾ ਦਵਾਇਆ। ਸੋਸ਼ਲਿਸਟ ਪਾਰਟੀ ਆਗੂ ਅਤੇ ਸਭਿਆਚਾਰਕ ਚੇਤਨਾ ਮੰਚ ਦੇ ਵਫਦ ਦੀ ਅਗਵਾਈ ਕਰਦਿਆਂ ਹਰਿੰਦਰ ਮਾਨਸ਼ਾਹੀਆ ਸਰਬਜੀਤ ਕੋਸ਼ਲ ਅਤੇ ਬਲਰਾਜ ਨੰਗਲ ਵਲੋਂ ਪ੍ਰੋ ਅਜਮੇਰ ਸਿੰਘ ਔਲਖ ਯਾਦਗਾਰੀ ਆਡੀਟੋਟੀਅਮ ਦੀ ਮੰਗ ਤੇ ਵਿਚਾਰ ਚਰਚਾ ਕਰਦੇ ਹੋਏ ਇਸ ਵਿਚ ਵੱਡੀ ਜਿਲਾ ਲਾਇਬਰੇਰੀ ਅਤੇ ਵੱਖ ਵੱਖ ਕਲਾਵਾਂ ਦੀ ਸੰਭਾਲ ਲਈ ਕਲਾ ਕੇਂਦਰ ਬਣਾਏ ਜਾਣ ਦੀ ਵੀ ਮੰਗ ਕੀਤੀ।

ਮੰਤਰੀ ਬੀਬਾ ਅਨਮੋਲ ਗਗਨ ਜੀ ਨੇ ਨਾਟਕਕਾਰ ਪ੍ਰੋ ਅਜਮੇਰ ਔਲਖ ਅਤੇ ਮਾਨਸਾ ਦੀਆਂ ਕਲਾ ਦੇ ਖੇਤਰ ਦੀਆਂ ਸਖਸ਼ੀਅਤਾਂ ਵਲੋਂ ਪਾਏ ਗਏ ਯੋਗਦਾਨ ਨੂੰ ਉਹਨਾਂ ਦੀ ਯਾਦ ਵਿਚ ਇਕ ਆਡੀਟੋਰੀਅਮ ਤੇ ਕਲਾ ਕੇਂਦਰ ਵਜੋਂ ਵਿਕਸਤ ਕਰਕੇ ਮਾਨਸਾ ਨੂੰ ਸੈਰ ਸਪਾਟੇ ਦੇ ਨਕਸ਼ੇ ਤੇ ਵੀ ਉਭਾਰਨ ਦਾ ਵੀ ਐਲਾਨ ਕੀਤਾ ।ਉਹਨਾਂ ਵਲੋਂ ਇਸ ਮੌਕੇ ਤੇ ਉਹਨਾਂ ਵਲੋਂ ਉਹਨਾਂ ਦੇ ਵਿਭਾਗ ਵਲੋਂ ਮਾਨਸਾ ਵਿਚ ਰਾਜਪੱਧਰੀ ਟਿੱਬਿਆਂ ਦਾ ਫੈਸਟੀਵਲ ਕਰਵਾਏ ਜਾਣ ਬਾਰੇ ਵੀ ਜਾਣਕਾਰੀ ਦਿੱਤੀ।ਮਾਨਸਾ ਵਿਚ ਸਾਫ ਸਫਾਈ ਤੇ ਲਾਇਟਾਂ ਦੇ ਸੁਚਾਰੂ ਪ੍ਰਬੰਧ ਕਰਨ ਲਈ ਕਿਹਾ ਉਹਨਾਂ ਵਲੋਂ ਨਗਰ ਕੋਂਸਲ ਦੇ ਪ੍ਰਧਾਨ ਵਿਜੇ ਸਿੰਗਲਾ ਨੂੰ ਤੇ ਡਿਪਟੀ ਕਮਿਸ਼ਨਰ ਨੂੰ ਆਦੇਸ਼ ਦਿੱਤੇ ਅਤੇ ਸਵੱਛ ਭਾਰਤ ਅਭਿਆਨ ਤਹਿਤ ਨਰੇਸ਼ ਬਿਰਲਾ, ਨਰਿੰਦਰ ਗੁਪਤਾ, ਭਰਪੂਰ ਸਿੰਘ , ਕੇ ਕੇ ਸਿੰਗਲਾ ਵਲੋਂ ਉਠਾਈ ਗਈ ਸ਼ਹਿਰ ਵਿਚ ਪੈਖਾਨਿਆਂ ਦੀ ਮੰਗ ਨੂੰ ਫੌਰਨ ਪੂਰਾ ਕਰਨ ਲਈ ਕਿਹਾ ਅਤੇ ਨਾਲ ਹੀ ਸਮੂਹ ਸ਼ਹਿਰ ਵਾਸੀਆਂ ਨੂੰ ਹਰ ਕੰਮ ਲਈ ਚੇਤੰਨ ਹੋ ਕੇ ਪੂਰਨ ਸਹਿਯੋਗ ਲਈ ਸਾਥ ਦੇਣ ਦੀ ਬੇਨਤੀ ਕੀਤੀ। ਸੰਸਥਾ ਦੇ ਪ੍ਰੈਸ ਸਕੱਤਰ ਡਾ ਲਖਵਿੰਦਰ ਸਿੰਘ ਮੂਸਾ ਵਲੋਂ ਮਾਨਸਾ ਵਿਚ ਜ਼ਮੀਨਾਂ ਤੇ ਪਲਾਂਟਾਂ ਦੀ ਖਰੀਦ ਵੇਚ ਲਈ ਐਨ ਓ ਸੀ ਨਾ ਮਿਲਣ ਕਰਕੇ ਲੋਕਾਂ ਦੀ ਖੱਜਲ ਖੁਆਰੀ ਦਾ ਮੁੱਦਾ ਉਠਾਏ ਜਾਣ ਤੇ ਕੈਬਨਿਟ ਮੰਤਰੀ ਨੇ ਮਸਲੇ ਦੇ ਹੱਲ ਲਈ ਅਸ਼ੋਕ ਬਾਂਸਲ ਮਾਨਸਾ, ਈਸ਼ਵਰ ਦਾਸ ਗੋਇਲ, ਬਿੱਕਰ ਮਘਾਣੀਆਂ, ਦਰਸ਼ਨਪਾਲ ਗਰਗ ਅਤੇ ਨਗਰ ਕੋਂਸਲ ਦੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਦੇ ਵਿਚਾਰ ਸੁਣਦੇ ਹੋਏ ਡਿਪਟੀ ਕਮਿਸ਼ਨਰ ਮਾਨਸਾ ਨੂੰ ਸਿੰਗਲ ਵਿੰਡੋ ਤੇ ਐਨ ਓ ਸੀ ਜਾਰੀ ਕਰਨਾ ਯਕੀਨੀ ਬਣਾਉਣ ਲਈ ਕਿਹਾ ।

ਉਹਨਾਂ ਵਲੋਂ ਇਸ ਮਸਲੇ ਤੇ ਕੈਬਨਿਟ ਮੀਟਿੰਗ ਵਿਚ ਵੀ ਵਿਚਾਰ ਕਰਕੇ ਲੋਕਾਂ ਦੀ ਸਹੂਲਤ ਲਈ ਹੋਰ ਸੋਖਾਲਾ ਪ੍ਰਬੰਧ ਕੀਤੇ ਜਾਣ ਦਾ ਵੀ ਭਰੋਸਾ ਦਿੱਤਾ। ਇਸ ਮੌਕੇ ਮੁਸਲਿਮ ਭਾਈਚਾਰੇ ਦੀ ਮੁੱਖ ਮੰਗ ਕਬਰਸਤਾਨਾਂ ਦੀ ਚਾਰਦੀਵਾਰੀ ਕਰਾਉਣੀ ਨੂੰ ਮੁਸਲਿਮ ਫਰੰਟ ਪੰਜਾਬ ਦੇ ਪ੍ਰਧਾਨ ਹੰਸ ਰਾਜ ਮੋਫਰ ਨੇ ਮੰਤਰੀ ਜੀ ਨੂੰ ਇਕ ਮੈਮੋਰੈਡਮ ਰਾਹੀਂ ਪੇਸ਼ ਕੀਤਾ ਜਿਸ ਤੇ ਉਹਨਾਂ ਸੰਜੀਦਗੀ ਨਾਲ ਵਿਚਾਰ ਕਰਕੇ ਇਸ ਦਾ ਪ੍ਰਬੰਧ ਕੀਤੇ ਜਾਣ ਦਾ ਭਰੋਸਾ ਦਿੱਤਾ। ਇਸ ਮੌਕੇ ਨਹਿਰੂ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਦੀ ਸੰਸਥਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਬਣਾਵਾਲੀ ਅਤੇ ਮਾਰਕਿਟ ਕਮੇਟੀ ਮਾਨਸਾ ਦੇ ਚੇਅਰਮੈਂਨ ਗੁਰਪ੍ਰੀਤ ਸਿੰਘ ਭੁੱਚਰ ਨੇ ਕਾਲਜ ਵਿਚ ਪ੍ਰੋਫੈਸਰਾਂ ਦੀ ਗਿਤਣੀ ਪੂਰੀ ਕਰਨ ਤੇ ਸਹੂਲਤਾਂ ਦੇਣ ਦੀ ਮੰਗ ਤੇ ਵੀ ਬੀਬਾ ਜੀ ਨੇ ਉਚ ਸਿੱਖਿਆ ਵਿਭਾਗ ਨਾਲ ਤਾਲਮੇਲ ਕਰਕੇ ਜਲਦੀ ਇਹ ਪ੍ਰਬੰਧ ਕੀਤੇ ਜਾਣ ਦਾ ਭਰੋਸਾ ਦਿੱਤਾ।, ਹਰਦੀਪ ਸਿੰਘ ਸਿੱਧੂ ਨੇ ਅਧਿਆਪਕਾਂ ਦੀ ਅਗਵਾਈ ਕਰਦਿਆਂ ਮਾਨਸਾ ਦੀਆਂ ਵਿਦਿਅਕ ਪ੍ਰਾਪਤੀਆਂ ਬਾਰੇ ਮੰਤਰੀ ਜੀ ਨੂੰ ਜਾਣਕਾਰੀ ਦਿੱਤੀ। ਬੜੇ ਖੁਸ਼ਗਵਾਰ ਮਾਹੌਲ ਵਿਚ ਚੱਲੀ ਇਹ ਮੀਟਿੰਗ ਲਗਭਗ ਦੋ ਘੰਟੇ ਚੱਲੀ ਅਤੇ ਇਸ ਵਿਚ ਬੀਬਾ ਅਨਮੋਲ ਗਗਨ ਮਾਨ ਦੇ ਪਿਤਾ ਯੋਧਾ ਸਿੰਘ ਮਾਨ, ਗੁਰਤੇਜ ਸਿੰਘ ਜਗਰੀ, ਰਜਿੰਦਰ ਕੁਮਾਰ, ਅੰਮ੍ਰਿਤ ਸਿੱਧੂ, ਰਿਸ਼ੀਪਾਲ ਅਤੇ ਆਪ ਦੇ ਮਾਨਸਾ ਦਫਤਰ ਇੰਚਾਰਜ ਗੁਰਮੀਤ ਸਿੰਘ ਨੇ ਵੀ ਭਾਗ ਲਿਆ। ਅੰਤ ਵਿਚ ਬੀਬਾ ਅਨਮੋਲ ਗਗਨ ਮਾਨ ਨੇ ਸੰਸਥਾ ਮੈਂਬਰਾਂ ਨੂੰ ਮਾਨਸਾ ਵਿਚ ਸਰਕਟ ਹਾਊਸ ਤੇ ਹੋਰ ਸਹੂਲਤਾਂ ਦੇ ਨਾਲ ਨਾਲ ਮੈਡੀਕਲ ਕਾਲਜ ਅਤੇ ਇੰਜੀਨੀਅਰਿੰਗ ਕਾਲਜ ਨੂੰ ਵੀ ਸਰਕਾਰ ਵਲੋਂ ਵਿਚਾਰੇ ਜਾਣ ਦਾ ਵੀ ਭਰੋਸਾ ਦਿੱਤਾ ਅਤੇ ਜਲਦੀ ਹੀ ਇਕ ਹੋਰ ਮੀਟਿੰਗ ਕਰਕੇ ਸਾਰੀ ਕਾਰਵਾਈ ਰੀਵਿਊ ਕਰਵਾਉਣ ਲਈ ਕਿਹਾ । ਅੰਤ ਵਿਚ ਅਸ਼ੋਕ ਬਾਂਸਲ ਮਾਨਸਾ ਨੇ ਉਹਨਾਂ ਨੂੰ ਆਪਣੀ ਕਿਤਾਬ ਮਿੱਟੀ ਨੂੰ ਫਰੋਲ ਜੋਗੀਆ ਵੀ ਭੇਂਟ ਕੀਤੀ ਗਈ।

NO COMMENTS