*ਵਾਇਸ ਆਫ ਮਾਨਸਾ ਤੇ ਸ਼੍ਰੀ ਕ੍ਰਿਸ਼ਨਾ ਪਲਾਂਟੇਸ਼ਨ ਸੋਸਾਇਟੀ ਵਲੋਂ ਗ੍ਰੀਨ ਦੀਵਾਲੀ ਲਈ ਬੂਟੇ ਵੰਡ ਕੇ ਵਾਤਾਵਰਣ ਦੀ ਸੰਭਾਲ ਲਈ ਦਿੱਤੀ ਦੁਹਾਈ*

0
58

ਮਾਨਸਾ 13 ਨਵੰਬਰ (ਸਾਰਾ ਯਹਾਂ/ਮੁੱਖ ਸੰਪਾਦਕ ): ਪਲੀਤ ਹੋ ਰਹੇ ਚੋਗਿਰਦੇ ਦੀ ਸਹੀ ਸੰਭਾਲ ਲਈ ਦੀਵਾਲੀ ਮੌਕੇ ਵੱਖ ਵੱਖ ਕੋਸ਼ਿਸ਼ਾਂ ਕਰਨ ਦੇ ਤਹਿਤ ਮਾਨਸਾ ਦੀਆਂ ਸਮਾਜਿਕ ਸੰਸਥਾਵਾਂ ਵਾਇਸ ਆਫ ਮਾਨਸਾ ਅਤੇ ਸ਼੍ਰੀ ਕ੍ਰਿਸ਼ਨਾ ਪਲਾਂਟੇਸ਼ਨ ਸੋਸਾਇਟੀ ਵਲੋਂ ਮਾਨਸਾ ਦੇ ਬੱਸ ਸਟੈਂਡ ਚੌਕ ਵਿਖੇ ਆਮ ਲੋਕਾਂ ਨੂੰ ਸਜਾਵਟੀ ਬੂਟੇ ਘਰਾਂ ਵਿਚ ਲਗਾਉਣ ਲਈ ਮੁਫਤ ਵੰਡੇ ਗਏ। ਸ਼੍ਰੀ ਕ੍ਰਿਸ਼ਨਾ ਸੋਸਾਇਟੀ ਦੇ ਮੈਬਰਾਂ ਮੁਨੀਸ਼ ਸਿੰਗਲਾ, ਜੀਵਨ ਸਿੰਗਲਾ, ਹਰੀ ਕ੍ਰਿਸ਼ਨ ਸ਼ਰਮਾ ਨੇ ਕਿਹਾ ਕਿ ਉਹਨਾਂ ਦੀ ਸੰਸਥਾ ਵਲੋਂ ਮਾਨਸਾ ਵਿਚ ਅਲੱਗ ਅਲੱਗ ਥਾਵਾਂ ਤੇ ਬੀਤੇ ਕਈ ਸਾਲਾਂ ਤੋਂ ਦਰੱਖਤ ਲਗਵਾਕੇ ਮਾਨਸਾ ਦੀ ਹਰਿਆਲੀ ਵਿਚ ਵਾਧਾ ਕੀਤਾ ਹਾ ਰਿਹਾ ਹੈ ਅਤੇ ਇਸ ਵਾਰ ਦੀਵਾਲੀ ਕਾਰਨ ਵਧਣ ਵਾਲੇ ਪ੍ਰਦੂਸ਼ਣ ਨੂੰ ਰੋਕਣ ਦੀ ਕੋਸ਼ਿਸ਼ ਵਜੋਂ ਉਹਨਾਂ ਵਲੋਂ ਇਹ ਬੂਟੇ ਵੰਡੇ ਜਾ ਰਹੇ ਹਨ।ਗ੍ਰੀਨ ਦੀਵਾਲੀ ਪ੍ਰਜੈਕਟ ਦੇ ਚੇਅਰਮੈਨ ਅਤੇ ਵਾਇਸ ਆਫ ਮਾਨਸਾ ਦੇ ਪ੍ਰਧਾਨ ਡਾ ਜਨਕ ਰਾਜ ਸਿੰਗਲਾ ਦੀ ਅਗਵਾਈ ਵਿਚ ਮਾਨਸਾ ਦੇ ਐਸ ਪੀ (ਆਈ) ਡਾ ਬਾਲ ਕ੍ਰਿਸ਼ਨ ਸਿੰਗਲਾ ਵਲੋਂ ਆਮ ਲੋਕਾਂ ਨੂੰ ਇਹ ਬੂਟੇ ਵੰਡੇ ਗਏ। ਇਸ ਮੌਕੇ ਤੇ ਮੌਜੂਦ ਲੋਕਾਂ ਨੂੰ ਸੰਬੋਧਨ ਕਰਦਿਆਂ ਐਸ ਪੀ (ਆਈ) ਨੇ ਲੋਕਾਂ ਨੂੰ ਆਪਣਾ ਆਲਾ ਦੁਆਲੇ ਹਰਿਆਲੀ ਭਰਪੂਰ ਬਣਾ ਕੇ ਅਗਲੀਆਂ ਪੀੜੀਆਂ ਲਈ ਚੰਗਾ ਵਾਤਾਵਰਣ ਸਿਰਜਣ ਲਈ ਵੱਧ ਤੋਂ ਵੱਧ ਯਤਨਸ਼ੀਲ ਰਹਿਣ ਲਈ ਕਿਹਾ। ਉਹਨਾਂ ਲੋਕਾਂ ਨੂੰ ਬੂਟੇ ਲਗਾਉਣ ਦੇ ਨਾਲ ਨਾਲ ਲੱਗੇ ਹੋਏ ਬੂਟਿਆਂ ਦੀ ਸੰਭਾਲ ਕਰਨ ਲਈ ਵੀ ਕਿਹਾ। ਡਾ ਲਖਵਿੰਦਰ ਮੂਸਾ,ਡਾ ਸ਼ੇਰ ਜੰਗ ਸਿੰਘ ਸਿੱਧੂ,ਰਾਵਿੰਦਰ ਗਰਗ ਅਤੇ ਗੁਰਮੰਤਰ ਨੇ ਦੱਸਿਆ ਕਿ ਹਵਾ,ਪਾਣੀ ਅਤੇ ਧਰਤੀ ਨੂੰ ਪਰਦੂਸ਼ਿਤ ਹੋਣ ਤੋ ਰੋਕ ਕੇ ਬਹੁਤ ਸਾਰੀਆ ਬੀਮਾਰੀਆ ਤੋ ਵੀ ਬਚਿਆ ਜਾ ਸਕਦਾ ਹੈ ।ਡਾ ਜਨਕ ਰਾਜ ਸਿੰਗਲਾ ਨੇ ਕਿਹਾ ਕਿ ਪਵਨ ਗੁਰੂ,ਪਾਣੀ ਪਿਤਾ,ਮਾਤਾ ਧਰਤਿ ਮਹਤੁ ਦੇ ਮਹਾ ਵਾਕ ਦੇ ਉਲਟ ਅਸੀ
ਹਵਾ,ਪਾਣੀ ਅਤੇ ਧਰਤੀ ਨੂੰ ਪਰਦੂਸ਼ਿਤ ਕਰਕੇ ਜਿਥੇ ਮਨੁੱਖੀ ਸਿਹਤ ਨਾਲ ਖਿਲਵਾੜ ਕਰ ਰਹੇ ਹਾ ਉਥੇ ਹੀ ਗੁਰੂ ਮਹਾਰਾਜ ਦੇ ਉਪਦੇਸ਼ ਦੀ ਉਲੰਘਣਾ ਵੀ ਕਰ ਰਹੇ ਹਾ।
ਇਸ ਮੌਕੇ ਵਾਇਸ ਆਫ ਮਾਨਸਾ ਦੇ ਮੈਂਬਰ ਹਰਿੰਦਰ ਸਿੰਘ ਮਾਨਸ਼ਾਹੀਆ, ਡਾ ਗੁਰਪ੍ਰੀਤ ਕੋਰ, ਹਰਮਨਦੀਪ ਕੌਰ ਅਤੇ ਮਾਨਸਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਬਲਵਿੰਦਰ ਕਾਕਾ ਨੇ ਵੀ ਵਾਤਾਵਰਣ ਸੰਭਾਲ ਲਈ ਸੰਸਥਾ ਵਲੋਂ ਕੀਤੇ ਜਾ ਰਹੇ ਯਤਨਾਂ ਦੀ ਜਾਣਕਾਰੀ ਦਿੰਦਿਆ ਲੋਕਾਂ ਨੂੰ ਵੱਧ ਤੋਂ ਵੱਧ ਸਾਥ ਦੇਣ ਦੀ ਅਪੀਲ ਕੀਤੀ। ਇਸ ਮੌਕੇ ਬਲਬੀਰ ਸਿੰਘ ਅਗਰੋਹੀਆ ਨੇ ਬੂਟੇ ਲਗਾਉਣ ਤੇ ਪ੍ਰਦੂਸ਼ਣ ਘਟਾਉਣ ਬਾਰੇ ਇੱਕ ਅਗਾਂਹਵਧੂ ਕਵਿਤਾ ਵੀ ਪੇਸ਼ ਕੀਤੀ। ਸ਼ਹਿਰ ਦੇ ਮੁੱਖ ਚੌਂਕ ਵਿਚ ਸੰਸਥਾ ਮੈਂਬਰਾਂ ਮੁਸਲਿਮ ਫਰੰਟ ਆਗੂ ਹੰਸ ਰਾਜ ਮੋਫਰ, ਰੋਟਰੀ ਕਲੱਬ ਦੇ ਪ੍ਰੇਮ ਅੱਗਰਵਾਲ, ਸੇਠੀ ਸਿੰਘ ਸਰਾਂ, ਕੇ ਕੇ ਸਿੰਗਲਾ, ਕੈਸ਼ੀਅਰ ਨਰੇਸ਼ ਬਿਰਲਾ, ਦਰਸ਼ਨਪਾਲ ਗਰਗ , ਓਮ ਪ੍ਰਕਾਸ਼ ਜਿੰਦਲ, ਸੀਨੀਅਰ ਸਿਟੀਜ਼ਨ ਆਗੂ ਬਿੱਕਰ ਮਘਾਣੀਆ, ਪੋਲਿਊਸ਼ਨ ਬੋਰਡ ਦੇ ਰਿਟਾਇਰਡ ਮੁਲਾਜ਼ਮ ਆਗੂ ਜਗਸੀਰ ਸਿੰਘ,ਇਕਬਾਲ ਸਿੰਘ ਅਤੇ ਵਿਸ਼ਵਦੀਪ ਬਰਾੜ ਨੇ ਚੌਕ ਵਿੱਚ ਵੱਖ ਵੱਖ ਕੋਨਿਆਂ ਵਿਚ ਖੜੇ ਹੋ ਕੇ ਲੋਕਾਂ ਨੂੰ ਬੂਟਿਆਂ ਦੀ ਵੰਡ ਕਰਨ ਦੇ ਨਾਲ ਨਾਲ ਵਾਤਾਵਰਨ ਸੰਭਾਲ ਦਾ ਹੋਕਾ ਵੀ ਦਿੱਤਾ। ਇਸ ਮੌਕੇ  ਮਨੋਜ ਕੁਮਾਰ, ਕ੍ਰਿਸ਼ਨ ਕੁਮਾਰ, ਮਨੋਜ ਸਿੰਗਲਾ, ਵਿੱਕੀ ਸਮੇਤ ਸ਼ੀ ਕ੍ਰਿਸ਼ਨਾ ਪਲਾਂਟੇਸ਼ਨ ਸੋਸਾਇਟੀ ਦੇ ਹੋਰ ਵੀ ਮੈਂਬਰ ਮੌਜੂਦ ਸਨ। ਸ਼ਹਿਰ ਵਿਚ ਆ ਰਹੇ ਲੋਕਾਂ ਵਲੋਂ ਬੂਟੇ ਲੈਣ ਲਈ ਭਾਰੀ ਉਤਸ਼ਾਹ ਪਾਇਆ ਗਿਆ ਅਤੇ ਉਹਨਾਂ ਗ੍ਰੀਨ ਦੀਵਾਲੀ ਦੀ ਪਹਿਲ ਵਜੋਂ ਸੰਸਥਾ ਦੇ ਇਸ ਉਦਮ ਦੀ ਸ਼ੰਲਾਘਾ ਵੀ ਕੀਤੀ।

NO COMMENTS