ਮਾਨਸਾ 27 ਅਗਸਤ (ਸਾਰਾ ਯਹਾਂ/ਮੁੱਖ ਸੰਪਾਦਕ ):
ਸਮਾਜਿਕ ਸੰਸਥਾ ਵਾਇਸ ਆਫ ਮਾਨਸਾ ਤੇ ਈਕੋ ਵੀਹਲਰਜ਼ ਮਾਨਸਾ ਦਾ ਵਫਦ ਪਰਧਾਨ ਡਾ ਜਨਕ ਰਾਜ ਸਿੰਗਲਾ ਅਤੇ ਬਲਵਿੰਦਰ ਕਾਕਾ ਦੀ ਅਗਵਾਈ ਵਿਚ ਡਿਪਟੀ ਕਮਿਸ਼ਨਰ ਮਾਨਸਾ ਪਰਮਵੀਰ ਸਿੰਘ ਆਈ ਏ ਐਸ ਨੂੰ ਮਿਲਿਆ। ਡਿਪਟੀ ਕਮਿਸ਼ਨਰ ਮਾਨਸਾ ਪਰਮਵੀਰ ਸਿੰਘ ਨੇ ਇਸ ਮੌਕੇ ਉਹਨਾਂ ਨੂੰ ਦੱਸਿਆ ਕਿ ਸ਼ਹਿਰ ਵਿਚ ਪ੍ਰੋ ਅਜਮੇਰ ਔਲਖ ਯਾਦਗਾਰੀ ਆਡੀਟੋਰੀਅਮ ਤੇ ਆਲਾ ਦਰਜੇ ਦੀ ਲਾਇਬਰੇਰੀ ਲਈ ਯੋਜਨਾਬੰਦੀ ਪੂਰਨ ਰੂਪ ਵਿਚ ਤਿਆਰ ਕੀਤੀ ਜਾ ਰਹੀ ਹੈ ਅਤੇ ਇਹ ਕੰਮ ਜਲਦੀ ਹੀ ਪੂਰਨ ਕਰਕੇ ਮਾਨਸਾ ਜਿਲ੍ਹੇ ਦੀ ਸ਼ਾਨ ਵਿਚ ਵਾਧਾ ਕੀਤਾ ਜਾਵੇਗਾ। ਉਹਨਾਂ ਵਾਇਸ ਆਫ ਮਾਨਸਾ ਦੇ ਪ੍ਰਧਾਨ ਡਾ ਜਨਕ ਰਾਜ ਸਿੰਗਲਾ ਵਲੋਂ ਆਵਾਰਾ ਪਸ਼ੂਆਂ ਦੇ ਹੱਲ ਲਈ ਪੇਸ਼ ਕੀਤੇ ਸੁਝਾਵਾਂ ਦਾ ਸਵਾਗਤ ਕੀਤਾ ਅਤੇ ਇਕੱਲੇ ਇਕੱਲੇ ਸੁਝਾਅ ਤੇ ਲੰਬੀ ਵਿਚਾਰ ਚਰਚਾ ਕਰਕੇ ਇਹਨਾਂ ਅਨੁਸਾਰ ਸ਼ਹਿਰ ਵਿਚੋਂ ਆਵਾਰਾ ਪਸ਼ੂਆਂ ਦੇ ਖਾਤਮੇ ਦਾ ਭਰੋਸਾ ਦਿੱਤਾ ।ਸੰਸਥਾ ਮੈਂਬਰ ਅਤੇ ਸੋਸ਼ਲਿਸਟ ਪਾਰਟੀ ਆਗੂ ਹਰਿੰਦਰ ਮਾਨਸ਼ਾਹੀਆਂ ਨੇ ਕੋਰਟ ਕੰਪਲੈਕਸ ਤੋਂ ਛੋਟੀ ਮਾਨਸਾ ਤੱਕ ਰੋਡ ਦੀ ਮੁਰੰਮਤ ਕਰਵਾਉਣ ਦੀ ਮੰਗ ਰੱਖੀ। ਸਿਨੀਅਰ ਸਿਟੀਜ਼ਨ ਆਗੂ ਬਿੱਕਰ ਸਿੰਘ ਮਘਾਣੀਆਂ ਅਤੇ ਨਰਿੰਦਰ ਗੁਪਤਾ ਸਮੇਤ ਈਸ਼ਵਰ ਗੋਇਲ ਵਲੋਂ ਸ਼ਹਿਰ ਵਿਚ ਪਲਾਂਟਾਂ ਅਤੇ ਜ਼ਮੀਨਾਂ ਦੀ ਖਰੀਦ ਵੇਚ ਵਿਚ ਐਨ ਓ ਸੀ ਕਰਕੇ ਆ ਰਹੀਆਂ ਦਿੱਕਤਾਂ ਬਾਰੇ ਵਿਸਥਾਰ ਵਿਚ ਡਿਪਟੀ ਕਮਿਸ਼ਨਰ ਨੂੰ ਜਾਣਕਾਰੀ ਦਿੱਤੀ ਅਤੇ ਉਹਨਾਂ ਵਲੋਂ ਸਮੱਸਿਆ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ। ਡਿਪਟੀ ਕਮਿਸ਼ਨਰ ਨੇ ਐਨ ਓ ਸੀ ਸਬੰਧੀ ਸਰਕਾਰ ਦੀਆਂ ਸਾਰੀਆਂ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕਰਨ ਲਈ ਵੀ ਅਫਸਰਾਂ ਨੂੰ ਆਦੇਸ਼ ਦਿੱਤੇ। ਸੰਸਥਾ ਮੈਂਬਰ ਨਰੇਸ਼ ਬਿਰਲਾ, ਦਰਸ਼ਨਪਾਲ ਗਰਗ ਅਤੇ ਸਕੱਤਰ ਵਿਸ਼ਵਦੀਪ ਬਰਾੜ ਨੇ ਸ਼ਹਿਰ ਅੰਦਰ ਆਉਦੀ ਸੜਕਾਂ ਜਿਵੇਂ ਗਰੀਨ ਵੈਲੀ ਰੋਡ, ਚਕੇਰੀਆਂ ਰੋਡ ਅਤੇ ਸੂਏ ਦੇ ਨਾਲ ਨਾਲ ਦੀ ਸੜਕ ਦੀ ਫੌਰਨ ਮੁਰੰਮਤ ਕਰਵਾਉਣ ਦੀ ਮੰਗ ਕੀਤੀ ਜਿਸ ਤੇ ਡਿਪਟੀ ਕਮਿਸ਼ਨਰ ਨੇ ਜਲਦੀ ਆਪ ਮੁਆਇਨਾ ਕਰਨ ਦਾ ਭਰੋਸਾ ਦੇ ਕੇ ਲੋੜ ਅਨੁਸਾਰ ਕਾਰਵਾਈ ਕਰਵਾਉਣ ਦਾ ਕਿਹਾ। ਇਸ ਮੌਕੇ ਈਕੋ ਵੀਹਲਰਜ਼ ਦੇ ਵਫਦ ਦੀ ਅਗਵਾਈ ਕਰਦਿਆਂ ਮਾਨਸਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਬਲਵਿੰਦਰ ਕਾਕਾ ਨੇ ਸ਼ਹਿਰ ਵਿਚ ਸਾਈਕਲਿੰਗ ਬਾਰੇ ਜਾਣਕਾਰੀ ਦਿੱਤੀ ਅਤੇ ਨਾਲ ਹੀ ਆਉਣ ਵਾਲੇ ਸਮੇਂ ਵਿਚ ਇਕ 10 ਕਿਲੋਮੀਟਰ ਦਾ ਸਾਇਕਲਿੰਗ ਮੁਕਾਬਲਾ ਡਿਪਟੀ ਕਮਿਸ਼ਨਰ ਮਾਨਸਾ ਦੀ ਅਗਵਾਈ ਵਿਚ ਕਰਵਾਏ ਜਾਣ ਦੀ ਪੂਰਨ ਰੂਪ ਰੇਖਾ ਸਭ ਨਾਲ ਸਾਂਝੀ ਕੀਤੀ ।ਵਾਇਸ ਆਫ ਮਾਨਸਾ ਦੇ ਪ੍ਰੈਸ ਸਕੱਤਰ ਡਾ ਲਖਵਿੰਦਰ ਸਿੰਘ ਮੂਸਾ ਅਤੇ ਰੌਕੀ ਸ਼ਰਮਾ ਨੇ ਸ਼ਹਿਰ ਵਿਚ ਕੂੜੇ ਦੇ ਵੱਡੇ ਢੇਰਾਂ ਦੀ ਸਫਾਈ ਕਰਵਾਉਣ ਦੀ ਮੰਗ ਕੀਤੀ ਤੇ ਨਾਲ ਹੀ ਡਿਪਟੀ ਕਮਿਸ਼ਨਰ ਮਾਨਸਾ ਨਾਲ ਮਾਨਸਾ ‘ਚ ਕੂੜੇ ਦੀ ਸਫਾਈ ਲਈ ਚਲ ਰਹੇ 3 ਡੀ ਪ੍ਰੋਜੈਕਟ ਦੇ ਵਿਸਥਾਰ ਕਰਨ ਦੀ ਵੀ ਸਲਾਹ ਦਿੱਤੀ ਕਿਉਂਕਿ ਇਸ ਨਾਲ ਮਾਨਸਾ ਜਿਲ੍ਹਾ ਸਫਾਈ ਵਿਚ ਮੂਹਰਲੀ ਕਤਾਰ ਵਿਚ ਰਿਹਾ ਹੈ। ਅੰਤ ਵਿਚ ਪਰਮਵੀਰ ਸਿੰਘ ਡਿਪਟੀ ਕਮਿਸ਼ਨਰ ਮਾਨਸਾ ਨੇ ਨਗਰ ਵਾਸੀਆਂ ਤੋਂ ਹਰ ਕਾਰਜ ਪੂਰਨ ਕਰਨ ਲਈ ਸਹਿਯੋਗ ਦੇਣ ਦੀ ਮੰਗ ਵੀ ਕੀਤੀ ਅਤੇ ਨਾਲ ਹੀ ਲਗਾਤਾਰ ਮੀਟਿੰਗਾਂ ਕਰਕੇ ਉਹਨਾਂ ਨੂੰ ਸਮੱਸਿਆਵਾਂ ਤੋਂ ਸਮੇਂ ਸਮੇਂ ਤੇ ਜਾਣੂ ਕਰਵਾਉਦੇ ਰਹਿਣ ਲਈ ਵੀ ਕਿਹਾ। ਇਸ ਮੌਕੇ ਸ਼ਹਿਰ ਦੀਆਂ ਹੋਰ ਸੰਸਥਾਵਾਂ ਦੇ ਪਤਵੰਤੇ ਵੀ ਮੌਜੂਦ ਸਨ।