*ਵਧੀਕ ਡਿਪਟੀ ਕਮਿਸ਼ਨਰ ਨੇ ਪਰਾਲੀ ਨੂੰ ਅੱਗ ਨਾ ਲਾ ਕੇ ਯੋਗ ਪ੍ਰਬੰਧਨ ਕਰਨ ਵਾਲੇ ਖੇਤਾਂ ਦਾ ਕੀਤਾ ਦੌਰਾ*

0
7

ਮਾਨਸਾ, 09 ਨਵੰਬਰ (ਸਾਰਾ ਯਹਾਂ/ ਮੁੱਖ ਸੰਪਾਦਕ ) : ਵਧੀਕ ਡਿਪਟੀ ਕਮਿਸ਼ਨਰ(ਵਿਕਾਸ), ਸ਼੍ਰੀ ਟੀ. ਬੈਨਿਥ ਆਈ.ਏ.ਐਸ. ਵੱਲੋ ਪਿੰਡ ਉੱਭਾ ਵਿਖੇ ਝੋਨੇ ਦੀ ਪਰਾਲੀ ਦੀਆਂ ਬੇਲਰ ਮਸ਼ੀਨਰੀ ਰਾਹੀ ਗੰਢਾਂ ਬਣਾਕੇ ਕੀਤੀ ਜਾ ਰਹੀ ਸਾਂਭ ਸੰਭਾਲ ਵਾਲੇ ਖੇਤਾਂ ਦਾ ਦੌਰਾ ਕੀਤਾ ਗਿਆ।
ਇਸ ਮੌਕੇ ਉਨ੍ਹਾਂ ਕਿਹਾ ਕਿ ਪਰਾਲੀ ਨੂੰ ਅੱਗ ਨਾ ਲਗਾ ਕੇ ਇਸ ਦਾ ਯੋਗ ਪ੍ਰਬੰਧਨ ਕਰਨ ਵਾਲੇ ਕਿਸਾਨ ਵਾਤਾਵਰਣ ਦੇ ਹਿਤ ਵਿਚ ਬਹੁਤ ਨੇਕ ਉਪਰਾਲਾ ਕਰ ਰਹੇ ਹਨ। ਉਨ੍ਹਾਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਅਪੀਲ ਕਰਦਿਆ ਕਿਹਾ ਕਿ ਵਾਤਾਵਰਣ ਨੂੰ ਪ੍ਰਦੂਸ਼ਣ ਰਹਿਤ ਰੱਖਣ ਲਈ ਵੱਧ ਤੋਂ ਵੱਧ ਬੇਲਰ, ਸੁਪਰ ਸੀਡਰ ਅਤੇ ਹੈਪੀ ਸੀਡਰ ਵਰਗੀਆਂ ਮਸ਼ੀਨਾਂ ਦੀ ਵਰਤੋਂ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਕਿਸਾਨ ਮਸ਼ੀਨਰੀ ਕਿਰਾਏ ’ਤੇ ਲੈਣ ਲਈ ਸਬੰਧਤ ਬਲਾਕ ਖੇਤੀਬਾੜੀ ਦਫਤਰ ਵਿਖੇ ਸਥਾਪਿਤ ਕੀਤੇ ਗਏ ਮਸ਼ੀਨਰੀ ਬੂਥਾਂ ’ਤੇ ਸੰਪਰਕ ਕਰ ਸਕਦੇ ਹਨ।
ਮੌਕੇ ’ਤੇ ਮੌਜੂਦ ਬੇਲਰ ਮਾਲਕ ਹਰਦੀਪ ਸਿੰਘ ਨੇ ਦੱਸਿਆ ਕਿ ਉਹ ਕਰੀਬ 40 ਏਕੜ ਪ੍ਰਤੀ ਦਿਨ ਬੇਲਰ ਰਾਹੀ ਗੰਢਾਂ ਬਣਾ ਰਿਹਾ ਹੈ ਅਤੇ ਇਸ ਸੀਜ਼ਨ ਵਿੱਚ ਤਕਰੀਬਨ 1000 ਏਕੜ ਤੋਂ ਜਿਆਦਾ ਰਕਬੇ ਵਿੱਚ ਗੰਢਾਂ ਬਣਾਕੇ ਵਾਤਾਵਰਣ ਨੂੰ ਪ੍ਰਦੂਸ਼ਣ ਰਹਿਤ ਰੱਖਣ ਵਿੱਚ ਆਪਣਾ ਯੋਗਦਾਨ ਪਾਵੇਗਾ। ਕਿਸਾਨ ਸੁਖਪਾਲ ਸਿੰਘ ਨੇ ਦੱਸਿਆ ਕਿ ਗੰਢਾਂ ਬਣਾਉਣ ਤੋਂ ਬਾਅਦ ਘੱਟ ਖਰਚੇ ਵਿੱਚ ਝੋਨੇ ਦੀ ਪਰਾਲੀ ਨੂੰ ਬਿਨ੍ਹਾ ਅੱਗ ਲਗਾਏ ਜੀਰੋ ਟਿੱਲ ਡਰਿੱਲ ਰਾਹੀ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ।
ਇਸ ਮੌਕੇ ਖੇਤੀਬਾੜੀ ਵਿਭਾਗ, ਮਾਨਸਾ ਤੋਂ ਸਹਾਇਕ ਖੇਤੀਬਾੜੀ ਇੰਜੀਨੀਅਰ ਸ਼੍ਰੀ ਪ੍ਰਭਦੀਪ ਸਿੰਘ ਮੌਜੂਦ ਸਨ।

NO COMMENTS