ਮਾਨਸਾ, 17 ਅਪ੍ਰੈਲ(ਸਾਰਾ ਯਹਾ, ਬਲਜੀਤ ਸ਼ਰਮਾ) : ਨੋਵਲ ਕੋਰੋਨਾ ਵਾਇਰਸ (ਕੋਵਿਡ-19) ਦੀ ਮਹਾਂਮਾਰੀ ਦੇ ਚੱਲਦਿਆਂ ਜਿੱਥੇ ਲੋਕਾਂ ਦੀ ਸਿਹਤ ਅਤੇ ਜਾਨ ਦੀ ਸੁਰੱਖਿਆ ਲਈ ਪੰਜਾਬ ਸਰਕਾਰ ਨੇ ਕਰਫਿਊ ਲਗਾਇਆ ਹੋਇਆ ਹੈ, ਉਥੇ ਹੀ ਲੋਕਾਂ ਨੂੰ ਗੰਦਗੀ ਨਾਲ ਫੈਲਣ ਵਾਲੀਆਂ ਬਿਮਾਰੀਆਂ ਤੋਂ ਨਿਜ਼ਾਤ ਦਿਵਾਉਣ ਲਈ ਸਫਾਈ ਸੇਵਕਾਂ ਵੱਲੋਂ ਲਗਾਤਾਰ ਗਲੀਆਂ-ਨਾਲੀਆਂ ਦੀ ਸਾਫ਼-ਸਫਾਈ ਕੀਤੀ ਜਾ ਰਹੀ ਹੈ।
ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਗੁਰਮੀਤ ਸਿੰਘ ਸਿੱਧੂ ਨੇ ਅੱਜ ਕੇ.ਐਸ.ਸਵੀਟਸ ਵਾਲੀ ਗਲੀ ਵਿਖੇ ਸਫਾਈ ਸੇਵਕਾਂ ਨੂੰ ਸਨਮਾਨਿਤ ਕਰਦਿਆਂ ਕੀਤਾ। ਇਨ੍ਹਾਂ ਸਫਾਈ ਸੇਵਕਾਂ ਵੱਲੋਂ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ ਸਦਕਾ ਅੱਜ ਨਗਰ ਸੁਧਾਰ ਸਭਾ ਅਤੇ ਸੇਵਾ ਭਾਰਤੀ ਵੱਲੋਂ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਗਿਆ ਅਤੇ ਇਸ ਦੀ ਸ਼ੁਰੂਆਤ ਉਨ੍ਹਾਂ ਵੱਲੋਂ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਗੁਰਮੀਤ ਸਿੰਘ ਸਿੱਧੂ ਤੋਂ ਕਰਵਾਈ ਗਈ।
ਸ਼੍ਰੀ ਸਿੱਧੂ ਨੇ ਕਿਹਾ ਕਿ ਸ਼ਹਿਰ ਨੂੰ ਸੁੰਦਰ ਦਿੱਖ ਪ੍ਰਦਾਨ ਕਰਨ ਵਿੱਚ ਇਨ੍ਹਾਂ ਸਫਾਈ ਸੇਵਕਾਂ ਦਾ ਅਹਿਮ ਰੋਲ ਹੁੰਦਾ ਹੈ। ਅੱਜ ਇਨ੍ਹਾਂ ਸਫਾਈ ਸੇਵਕਾਂ ਦੇ ਗਲ ਵਿੱਚ ਹਾਰ ਪਾ ਕੇ ਅਤੇ ਇਨ੍ਹਾਂ ਨੂੰ ਫਲ, ਹੱਥਾਂ ਦੇ ਦਸਤਾਨੇ ਅਤੇ ਸਾਬਨ ਦੇ ਕੇ ਇਨ੍ਹਾਂ ਦੀ ਹੌਂਸਲਾ ਅਫ਼ਜਾਈ ਕੀਤੀ ਗਈ।
ਇਸ ਮੌਕੇ ਪ੍ਰਧਾਨ ਨਗਰ ਸੁਧਾਰ ਸਭਾ ਸ਼੍ਰੀ ਕੇ.ਸੀ. ਬਾਂਸਲ, ਸ਼੍ਰੀ ਭੂਸ਼ਣ ਗੋਇਲ (ਸੇਵਾ ਭਾਰਤੀ), ਸ਼੍ਰੀ ਕੇ.ਕੇ. ਸਿੰਗਲਾ, ਸ਼੍ਰੀ ਕ੍ਰਿਸ਼ਨ ਚੌਹਾਨ, ਸ਼੍ਰੀ ਜਤਿੰਦਰ ਆਗਰਾ, ਸ਼੍ਰੀ ਅਸ਼ੋਕ ਬਾਂਸਲ, ਸ਼੍ਰੀ ਜੋਰਾ ਸਿੰਘ ਅਤੇ ਸਕੱਤਰ ਨਗਰ ਸੁਧਾਰ ਸਭਾ ਸ਼੍ਰੀ ਰਾਮ ਕ੍ਰਿਸ਼ਨ ਚੁੱਘ ਮੌਜੂਦ ਸਨ।