ਬਠਿੰਡਾ, 11 ਜੁਲਾਈ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਪੰਜਾਬ ਵਿੱਚ ਨਸ਼ਿਆਂ ਦਾ ਕਹਿਰ ਜਾਰੀ ਹੈ। ਬਠਿੰਡਾ ਜ਼ਿਲ੍ਹੇ ਵਿੱਚ ਚਿੱਟੇ ਦਾ ਪ੍ਰਕੋਪ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਨਸ਼ੇ ਦੇ ਸੇਵਨ ਕਾਰਨ ਤਕਰੀਬਨ ਹਰ ਰੋਜ਼ ਮੌਤਾਂ ਹੋ ਰਹੀਆਂ ਹਨ। ਪਿਛਲੇ 12 ਦਿਨਾਂ ਵਿੱਚ ਇਕੱਲੇ ਬਠਿੰਡਾ ਜ਼ਿਲ੍ਹੇ ਵਿੱਚ ਨਸ਼ੇ ਦੀ ਓਵਰਡੋਜ਼ ਕਾਰਨ 9 ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ।
ਚਾਰ ਭੈਣਾਂ ਦੇ ਇਕਲੌਤੇ ਭਰਾ ਲਖਵਿੰਦਰ ਸਿੰਘ (25) ਦੀ 25 ਜੂਨ ਨੂੰ ਬਠਿੰਡਾ ਜ਼ਿਲ੍ਹੇ ਦੇ ਪਿੰਡ ਫਤਿਹਗੜ੍ਹ ਨੌ ਅਬਾਦ ਵਿੱਚ ਓਵਰਡੋਜ਼ ਕਾਰਨ ਮੌਤ ਹੋ ਗਈ ਸੀ। ਉਸ ਦੇ ਪਿਤਾ ਗੁਰਮੇਲ ਸਿੰਘ ਨੇ ਦੱਸਿਆ ਸੀ ਕਿ ਉਸ ਦਾ ਲੜਕਾ ਪਿਛਲੇ ਕੁਝ ਸਮੇਂ ਤੋਂ ਚਿੱਟੇ ਦਾ ਆਦੀ ਸੀ। ਇਸੇ ਦਿਨ ਭੁੱਚੋ ਮੰਡੀ ਵਿੱਚ ਨੌਜਵਾਨ ਸੁਨੀਲ ਕੁਮਾਰ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। 28 ਜੂਨ ਨੂੰ ਬੀਸੀਏ ਦੇ ਵਿਦਿਆਰਥੀ ਕਾਰਤਿਕ ਅਰੋੜਾ (27) ਦੀ ਬਠਿੰਡਾ ਦੇ ਬੀੜ ਤਾਲਾ ਵਿੱਚ ਓਵਰਡੋਜ਼ ਕਾਰਨ ਮੌਤ ਹੋ ਗਈ ਸੀ। 28 ਜੂਨ ਨੂੰ ਹੀ ਭੁੱਚੋ ਕੈਂਚੀਆਂ ਨੇੜੇ ਬੰਦ ਪਏ ਪੈਟਰੋਲ ਪੰਪ ‘ਤੇ ਨੌਜਵਾਨ ਖੁਸ਼ਦੀਪ ਸਿੰਘ (23) ਵਾਸੀ ਚੱਕ ਫਤਿਹ ਸਿੰਘ ਦੀ ਨਸ਼ੇ ਕਾਰਨ ਮੌਤ ਹੋ ਗਈ ਸੀ।
1 ਜੁਲਾਈ ਨੂੰ ਇੱਕ ਹੋਰ ਘਟਨਾ ਵਿੱਚ ਜ਼ਿਲ੍ਹੇ ਦੇ ਪਿੰਡ ਜੇਠੂਕੇ ਵਿੱਚ 22 ਸਾਲਾ ਮਨੀ ਸਿੰਘ ਦੀ ਕਥਿਤ ਤੌਰ ’ਤੇ ਚਿੱਟੇ ਦਾ ਟੀਕਾ ਲੱਗਣ ਕਾਰਨ ਮੌਤ ਹੋ ਗਈ ਸੀ। 2 ਜੁਲਾਈ ਨੂੰ ਗੋਨਿਆਣਾ ਮੰਡੀ ਵਿੱਚ ਨਸ਼ੇ ਦੀ ਓਵਰਡੋਜ਼ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ।
ਜ਼ਿਲ੍ਹੇ ਦੇ ਪਿੰਡ ਫਤਿਹਗੜ੍ਹ ਨੌਂ ਆਬਾਦ ਵਿੱਚ 26 ਜੂਨ ਨੂੰ ਲਖਵਿੰਦਰ ਸਿੰਘ ਅਤੇ 5 ਜੁਲਾਈ ਨੂੰ ਸੁਖਪ੍ਰੀਤ ਸਿੰਘ ਦੀ ਮੌਤ ਹੋਣ ਦਾ ਸਮਾਚਾਰ ਹੈ ਜਦੋਂਕਿ ਬਠਿੰਡਾ-ਤਲਵੰਡੀ ਰੋਡ ’ਤੇ ਪੈਂਦੇ ਪਿੰਡ ਭਾਗੀਵਾਂਦਰ ਵਿੱਚ 9 ਜੁਲਾਈ ਨੂੰ ਇੱਕ ਹੋਰ ਨੌਜਵਾਨ ਦੀ ਮੌਤ ਹੋ ਗਈ ਸੀ। ਉਸ ਦੀ ਲਾਸ਼ ਪਿੰਡ ਦੇ ਪੰਚਾਇਤ ਘਰ ਵਿੱਚੋਂ ਮਿਲੀ। ਮ੍ਰਿਤਕ ਦੀ ਪਛਾਣ ਜਗਸੀਰ ਸਿੰਘ ਵਜੋਂ ਹੋਈ ਹੈ। ਮ੍ਰਿਤਕ ਦੇ ਪਿਤਾ ਜਗਦੇਵ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਜਗਸੀਰ ਸਿੰਘ ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਚਿੱਟੇ ਦਾ ਸੇਵਨ ਕਰ ਰਿਹਾ ਸੀ। ਉਹ ਮੰਗਲਵਾਰ ਸਵੇਰੇ ਘਰੋਂ ਨਿਕਲਿਆ ਸੀ ਪਰ ਉਸ ਦੀ ਲਾਸ਼ ਪਿੰਡ ਦੇ ਪੰਚਾਇਤ ਘਰ ‘ਚ ਚਿੱਟੇ ਰੰਗ ਦੀ ਸਰਿੰਜ ਸਮੇਤ ਮਿਲੀ।