*ਲੱਖਾ ਸਿਧਾਣਾ ਨੂੰ ਵੱਡੀ ਰਾਹਤ, ਗ੍ਰਿਫਤਾਰੀ ‘ਤੇ ਅੰਤ੍ਰਿਮ ਰੋਕ*

0
22

ਨਵੀਂ ਦਿੱਲੀ 29,ਜੂਨ (ਸਾਰਾ ਯਹਾਂ/ਬਿਊਰੋ ਰਿਪੋਰਟ): ਇਸ ਸਾਲ ਗਣਤੰਤਰ ਦਿਵਸ ‘ਤੇ ਨਵੇਂ ਖੇਤੀਬਾੜੀ ਕਾਨੂੰਨ ਦੇ ਵਿਰੋਧ ਵਿੱਚ ਕਿਸਾਨਾਂ ਵੱਲੋਂ ਕੀਤੀ ਗਈ ਟਰੈਕਟਰ ਰੈਲੀ ਦੌਰਾਨ ਪੁਲਿਸ ਮੁਲਾਜ਼ਮਾਂ ‘ਤੇ ਕਥਿਤ ਤੌਰ ‘ਤੇ ਹਮਲਾ ਕਰਨ ਦੇ ਇਲਜ਼ਾਮ ਵਿੱਚ ਦਿੱਲੀ ਦੀ ਅਦਾਲਤ ਨੇ ਲੱਖਾ ਸਿਧਾਣਾ ਨੂੰ ਗ੍ਰਿਫਤਾਰੀ ਤੋਂ ਅੰਤ੍ਰਿਮ ਰਾਹਤ ਦਿੱਤੀ ਹੈ।

ਐਡੀਸ਼ਨਲ ਸੈਸ਼ਨ ਜੱਜ ਸ਼ਿਵਾਜੀ ਆਨੰਦ ਨੇ ਲੱਖਾ ਸਿਧਾਣਾ ਨੂੰ 19 ਜੁਲਾਈ ਤੱਕ ਕਿਸੇ ਵੀ ਕਾਰਵਾਈ ਤੋਂ ਰਾਹਤ ਦਿੰਦਿਆਂ ਉਸ ਨੂੰ ਜਾਂਚ ਵਿੱਚ ਸ਼ਾਮਲ ਹੋਣ ਦੇ ਨਿਰਦੇਸ਼ ਦਿੱਤੇ। ਗਣਤੰਤਰ ਦਿਵਸ ਹਿੰਸਾ ਨਾਲ ਜੁੜੇ ਇੱਕ ਹੋਰ ਕੇਸ ਵਿੱਚ ਅਦਾਲਤ ਨੇ ਤਿੰਨ ਦਿਨ ਪਹਿਲਾਂ ਉਸ ਨੂੰ ਗ੍ਰਿਫਤਾਰੀ ਤੋਂ 3 ਜੁਲਾਈ ਤੱਕ ਦੀ ਅੰਤ੍ਰਿਮ ਰਾਹਤ ਦਿੱਤੀ ਸੀ।

ਦਿੱਲੀ ਪੁਲਿਸ ਨੇ ਪਹਿਲਾਂ ਸਿਧਾਣਾ ਬਾਰੇ ਜਾਣਕਾਰੀ ਦੇਣ ਵਾਲੇ ਨੂੰ 1 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਸੀ। ਉਸ ਨੇ ਦੋਵਾਂ ਮਾਮਲਿਆਂ ਵਿੱਚ ਅਗਾਊਂ ਜ਼ਮਾਨਤ ਲਈ ਦਿੱਲੀ ਦੀ ਰੋਹਿਨੀ ਅਦਾਲਤ ਵਿੱਚ ਅਪੀਲ ਕੀਤੀ ਸੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐਸਜੀਐਮਸੀ) ਦੀ ਕਾਨੂੰਨੀ ਟੀਮ ਇਸ ਮਾਮਲੇ ਦੀ ਪੈਰਵਾਈ ਕਰ ਰਹੀ ਹੈ।

ਐਫਆਈਆਰ ਮੁਤਾਬਕ ਇਸ ਸਾਲ 26 ਜਨਵਰੀ ਨੂੰ ਸਿੰਘੂ ਬਾਰਡਰ ਤੋਂ ਪ੍ਰਦਰਸ਼ਨਕਾਰੀ ਜੀਟੀ ਕਰਨਾਲ ਰੋਡ ਪਹੁੰਚੇ, ਜਿੱਥੇ ਉਨ੍ਹਾਂ ਨੇ ਪੁਲਿਸ ਬੈਰੀਕੇਡਾਂ ਤੋੜੇ, ਤਲਵਾਰਾਂ ਨਾਲ ਦੰਗੇ ਕੀਤੇ ਤੇ ਮਾਰਨ ਦੇ ਇਰਾਦੇ ਨਾਲ ਉਨ੍ਹਾਂ ਨੇ ਟਰੈਕਟਰਾਂ ਨੂੰ ਪੁਲਿਸ ਅਧਿਕਾਰੀਆਂ ਵੱਲ ਭਜਾਇਆ।

ਇਸ ਵਿੱਚ ਕਿਹਾ ਗਿਆ, “ਪੁਲਿਸ ਨੇ ਦਖਲ ਦੇ ਕੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਪਾਣੀ ਦੀਆਂ ਬੁਛਾੜਾਂ ਕੀਤੀਆਂ ਤੇ ਅੱਥਰੂ ਗੈਸ ਦੇ ਗੋਲੇ ਚਲਾਏ। ਭੀੜ ਨੇ ਵਾਪਸ ਪੁਲਿਸ ‘ਤੇ ਅੱਥਰੂ ਗੈਸ ਦੇ ਗੋਲੇ ਸੁੱਟਣੇ ਸ਼ੁਰੂ ਕਰ ਦਿੱਤੇ।” ਇਸ ਘਟਨਾ ਵਿੱਚ ਕਈ ਪੁਲਿਸ ਅਧਿਕਾਰੀ ਤੇ ਇੱਕ ਡੀਟੀਸੀ ਬੱਸ ਚਾਲਕ ਜ਼ਖਮੀ ਹੋ ਗਏ।

ਪੁਲਿਸ ਇੰਸਪੈਕਟਰ ਅਨਿਲ ਕੁਮਾਰ ਦੀ ਸ਼ਿਕਾਇਤ ‘ਤੇ ਦਰਜ ਕੀਤੀ ਗਈ ਐਫਆਈਆਰ ਮੁਤਾਬਕ ਪ੍ਰਦਰਸ਼ਨਕਾਰੀਆਂ ਨੇ ਆਪਣੇ ਯੋਜਨਾਬੱਧ ਉਦੇਸ਼ ਨਾਲ ਕਿਸਾਨ ਯੂਨੀਅਨਾਂ ਵੱਲੋਂ ਤੈਅ ਰਸਤੇ ਤੋਂ ਇੱਕ ਵੱਖਰਾ ਰਸਤਾ ਚੁਣਿਆ ਤੇ ਹਿੰਸਾ ਦਾ ਸਹਾਰਾ ਲਿਆ।

NO COMMENTS