*ਲੰਪੀ ਸਕਿੰਨ ਦੀ ਰੋਕਥਾਮ ਲਈ ਪਸ਼ੂਆਂ ਨੂੰ 11468 ਖੁਰਾਕਾਂ ਲਗਾਈਆਂ; 3310 ਪਸ਼ੂ ਹੋਏ ਤੰਦਰੁਸਤ*

0
11

ਮਾਨਸਾ, 21 ਅਗਸਤ (ਸਾਰਾ ਯਹਾਂ/ ਮੁੱਖ ਸੰਪਾਦਕ ): ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜ਼ਿਲੇ੍ਹ ਅੰਦਰ ਪਸ਼ੂ ਪਾਲਣ ਵਿਭਾਗ ਵੱਲੋਂ ਲੰਪੀ ਸਕਿਨ ਬਿਮਾਰੀ ਨੂੰ ਕੰਟਰੋਲ ਕਰਨ ਲਈ ਪੂਰੀ ਤਨਦੇਹੀ ਨਾਲ ਯਤਨ ਕੀਤੇ ਜਾ ਰਹੇ ਹਨ।
ਇਹ ਜਾਣਕਾਰੀ ਦਿੰਦਿਆਂ ਸਹਾਇਕ ਨਿਰਦੇਸ਼ਕ ਡਾ.ਕਮਲ ਗੁਪਤਾ ਨੇ ਦੱਸਿਆ ਕਿ ਵਿਭਾਗ ਵੱਲੋਂ ਹੁਣ ਤੱਕ 12000 (ਬਾਰਾਂ ਹਜ਼ਾਰ) ਵੈਕਸੀਨ ਦੀਆਂ ਖੁਰਾਕਾਂ ਸਪਲਾਈ ਕੀਤੀਆਂ ਗਈਆਂ ਹਨ ਅਤੇ ਹੁਣ ਤੱਕ 11468 ਖੁਰਾਕਾਂ ਪਸ਼ੂੁਆਂ ਨੂੰ ਲਗਾ ਦਿੱਤੀਆਂ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਜਲਦ ਹੀ 12000 ਖੁਰਾਕਾਂ ਹੋਰ ਸਪਲਾਈ ਕੀਤੀਆਂ ਜਾਣਗੀਆਂ ਜੋ ਕਿ ਫੀਲਡ ਸਟਾਫ਼ ਵੱਲੋਂ ਪਸ਼ੂਆਂ ਨੂੰ ਲਗਾਈਆਂ ਜਾਣਗੀਆਂ।
ਉਨ੍ਹਾਂ ਦੱਸਿਆ ਕਿ ਪਸ਼ੂਆਂ ਦੇ ਇਲਾਜ ਲਈ 3 ਲੱਖ (ਤਿੰਨ ਲੱਖ) ਰੁਪਏ ਦੀਆਂ ਦਵਾਈਆਂ ਖਰੀਦ ਕੇ ਸਮੂਹ ਸੰਸਥਾਵਾਂ ਵਿੱਚ ਵੰਡ ਦਿੱਤੀਆਂ ਹਨ ਅਤੇ ਸਥਿਤੀ ਕੰਟਰੋਲ ਵਿੱਚ ਹੈ। ਉਨ੍ਹਾਂ ਦੱਸਿਆ ਕਿ ਮਾਨਸਾ ਜ਼ਿਲੇ ਵਿੱਚ ਹੁਣ ਤੱਕ 5935 ਪਸ਼ੂ ਲੰਪੀ ਸਕਿਨ ਬਿਮਾਰੀ ਨਾਲ ਪ੍ਰਭਾਵਿਤ ਹੋਏ ਹਨ। ਜ਼ਿਨ੍ਹਾਂ ਵਿੱਚ 3310 ਪਸ਼ੂ ਤੰਦਰੁਸਤ ਹੋ ਗਏ ਹਨ ਬਾਕੀਆਂ ਦਾ ਇਲਾਜ਼ ਚੱਲ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਵਿਭਾਗ ਦੀਆਂ 21 ਟੀਮਾਂ ਵੈਟਰਨਰੀ ਡਾਕਟਰਾਂ ਦੀ ਨਿਗਰਾਨੀ ਹੇਠ ਵੱਖ-ਵੱਖ ਪਿੰਡਾਂ ਵਿੱਚ ਲੋਕਾਂ ਨੁੰ ਪਸ਼ੂਆਂ ਅੰਦਰ ਫੈਲੀ ਲੰਪੀ ਸਕਿਨ ਬਿਮਾਰੀ ਦੇ ਬਚਾਅ ਅਤੇ ਸਾਵਧਾਨੀਆਂ ਬਾਰੇ ਲਗਾਤਾਰ ਜਾਗਰੂਕ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਪਸ਼ੂਆਂ ਦੇ ਇਲਾਜ਼ ਅਤੇ ਵੈਕਸੀਨੇਸ਼ਨ ਲਈ ਸਮੂਹ ਸੰਸਥਾਵਾਂ ਦੇ ਅਧਿਕਾਰੀ ਤੇ ਕਰਮਚਾਰੀ 24 ਘੰਟੇ ਕੰਮ ਕਰ ਰਹੇ ਹਨ ਅਤੇ ਗਜਟਿਡ ਛੁੱਟੀਆਂ ਅਤੇ ਐਤਵਾਰ ਵਾਲੇ ਦਿਨ ਵੀ ਸਾਰੀਆਂ ਸੰਸਥਾਵਾਂ ਆਮ ਦਿਨਾਂ ਵਾਂਗ ਕੰਮ ਕਰ ਰਹੀਆਂ ਹਨ।

NO COMMENTS