ਅੰਮ੍ਰਿਤਸਰ 22,ਦਸੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਬੀਤੀ ਰਾਤ ਲੰਡਨ ਤੋਂ ਅੰਮ੍ਰਿਤਸਰ ਏਅਰਪੋਰਟ ‘ਤੇ ਲੈਂਡ ਹੋਈ ਉਡਾਣ ‘ਚ 264 ਯਾਤਰੀ ਸਵਾਰ ਸੀ ਜਿਨ੍ਹਾਂ ਦਾ ਕੋਰੋਨਾ RT PCR ਟੈਸਟ ਕੀਤਾ ਗਿਆ। ਇਸ ਦੌਰਾਨ ਅੱਠ ਯਾਤਰੀ ਕੋਰੋਨਾਵਾਇਰਸ ਨਾਲ ਸੰਕਰਮਿਤ ਪਾਏ ਗਏ। ਪੌਜ਼ੇਟਿਵ ਯਾਤਰੀਆਂ ਵਿੱਚੋਂ 6 ਪੁਰਸ਼ ਤੇ 2 ਮਹਿਲਾਵਾਂ ਸ਼ਾਮਲ ਹਨ। ਹੁਣ ਇਨ੍ਹਾਂ ਸਾਰੇ ਯਾਤਰੀਆਂ ਨੂੰ ਨਿਯਮ ਅਨੁਸਾਰ ਸੰਸਥਾਗਤ ਕੁਆਰੰਟੀਨ ‘ਚ ਭੇਜ ਦਿੱਤਾ ਜਾਏਗਾ। ਦੱਸ ਦੇਈਏ ਕੇ ਬ੍ਰਿਟੇਨ ‘ਚ ਕੋਰੋਨਾ ਦੇ ਨਵੇਂ ਸਟ੍ਰੇਨ ਕਾਰਨ ਲੌਕਡਾਊਨ ਲੱਗ ਚੁੱਕਾ ਹੈ। ਅੱਜ ਰਾਤ ਤੋਂ ਯੂਕੇ ਤੇ ਭਾਰਤ ਵਿਚਾਲੇ ਉਡਾਣਾ ਵੀ 31 ਦਸੰਬਰ ਤੱਕ ਬੰਦ ਹੋ ਜਾਣਗੀਆਂ।
ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓਪੀ ਸੋਨੀ ਨੇ ਦੱਸਿਆ “ਲੰਡਨ ‘ਚ ਫੈਲੇ ਕੋਰਨਾ ਦੇ ਨਵੇਂ ਸੰਸਕਰਣ ਕਾਰਨ ਕੇਂਦਰ ਸਰਕਾਰ ਵੱਲੋਂ ਲੰਡਨ ਤੋਂ ਹਵਾਈ ਸੇਵਾ 31 ਦਸੰਬਰ ਤੱਕ ਬੰਦ ਕਰ ਦਿੱਤੀ ਗਈ ਹੈ ਪਰ ਇਹ ਜਹਾਜ਼ ਉਸ ਵੇਲੇ ਤੱਕ ਲੰਡਨ ਤੋਂ ਉਡਾਣ ਭਰ ਚੁੱਕਾ ਸੀ ਜਿਸ ਕਾਰਨ ਇਸ ਦੇ ਸਾਰੇ ਯਾਤਰੀਆਂ ਦੇ ਆਰਟੀਪੀਸੀਆਰ ਟੈਸਟ ਕਰਵਾਉਣ ਦੀਆਂ ਹਦਾਇਤਾਂ ਕੇਂਦਰ ਸਰਕਾਰ ਵੱਲੋਂ ਪ੍ਰਾਪਤ ਹੋਈਆਂ ਸੀ।
ਇਸ ਦੇ ਮੱਦੇਨਜ਼ਰ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਹਵਾਈ ਅੱਡੇ ਉਤੇ ਹੀ ਪੁਖ਼ਤਾ ਪ੍ਰਬੰਧ ਕੀਤੇ ਗਏ।ਇਸ ਕੰਮ ਲਈ 4 ਟੀਮਾਂ ਹਵਾਈ ਅੱਡੇ ਉਤੇ ਤਾਇਨਾਤ ਕੀਤੀਆਂ ਗਈਆਂ ਸੀ, ਜਿਨ੍ਹਾਂ ਨੇ ਸਾਰੀ ਰਾਤ ਨਿੰਰਤਰ ਟੈਸਟਿੰਗ ਦਾ ਕੰਮ ਕੀਤਾ, ਪਰ ਟੈਸਟ ਦੀ ਇਹ ਪ੍ਰੀਕ੍ਰਿਆ ਜੋ ਅੰਦਾਜ਼ਨ 24 ਘੰਟੇ ਦਾ ਸਮਾਂ ਲੈ ਲੈਂਦੀ ਹੈ, ਨੂੰ 12-13 ਘੰਟਿਆਂ ‘ਚ ਪੂਰਾ ਕੀਤਾ ਗਿਆ।”