ਲੌਕਡਾਊਨ ‘ਚ ਅੰਮ੍ਰਿਤਸਰ ਹਵਾਈ ਅੱਡੇ ਨੇ ਤੋੜੇ ਰਿਕਾਰਡ..!!

0
65

ਅੰਮ੍ਰਿਤਸਰ 16 ਜੁਲਾਈ 2020  (ਸਾਰਾ ਯਹਾ/ਬਿਓਰੋ ਰਿਪੋਰਟ) : ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਮਈ ਦੇ ਮਹੀਨੇ ਦੌਰਾਨ ਅੰਤਰਰਾਸ਼ਟਰੀ ਯਾਤਰੀਆਂ ਦੇ ਹਿਸਾਬ ਨਾਲ ਭਾਰਤ ਦਾ ਦੂਜਾ ਸਭ ਤੋਂ ਵਿਅਸਤ ਅੰਤਰਰਾਸ਼ਟਰੀ ਹਵਾਈ ਅੱਡਾ ਰਿਹਾ। ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਅਭਿਆਨ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਕਿ ਅਪ੍ਰੈਲ ਮਹੀਨੇ ਵਿੱਚ ਭਾਰਤ ਵੱਲੋਂ ਉਡਾਣਾਂ ਮੁਅੱਤਲ ਹੋਣ ਦੇ ਬਾਵਜੂਦ ਅੰਮ੍ਰਿਤਸਰ ਹਵਾਈ ਅੱਡਾ ਕਾਫੀ ਵਿਅਸਤ ਰਿਹਾ।

ਉਨ੍ਹਾਂ ਦੱਸਿਆ ਕਿ ਏਅਰਪੋਰਟ ਅਥਾਰਟੀ ਆਫ ਇੰਡੀਆ ਦੁਆਰਾ ਹਾਲ ਹੀ ਵਿੱਚ ਜਾਰੀ ਕੀਤੇ ਮਈ, 2020 ਦੇ ਯਾਤਰੀਆਂ ਦੇ ਅੰਕੜਿਆਂ ਦੀ ਰਿਪੋਰਟ ਅਨੁਸਾਰ, ਅੰਮ੍ਰਿਤਸਰ ਤੋਂ 11,681 ਅੰਤਰਰਾਸ਼ਟਰੀ ਮੁਸਾਫਰਾਂ ਨੇ ਸਫਰ ਕੀਤਾ। ਇਹ ਗਿਣਤੀ ਦਿੱਲੀ ਨੂੰ ਛੱਡ ਕੇ ਭਾਰਤ ਦੇ ਹੋਰ ਸਾਰੇ ਵੱਡੇ ਹਵਾਈ ਅੱਡੇ ਜਿਵੇਂ ਮੁੰਬਈ, ਬੰਗਲੌਰ, ਅਹਿਮਦਾਬਾਦ, ਕੋਲਕਾਤਾ ਤੋਂ ਵੀ ਵੱਧ ਰਹੀ। ਦਿੱਲੀ ਏਅਰਪੋਰਟ 40,212 ਦੇ ਨਾਲ ਪਹਿਲੇ ਨੰਬਰ ‘ਤੇ ਤੇ ਮੁੰਬਈ 10,280 ਯਾਤਰੀਆਂ ਨਾਲ ਤੀਜੇ ਨੰਬਰ’ ਤੇ ਰਿਹਾ।

ਮਾਰਚ ਦੇ ਅਖੀਰ ਵਿੱਚ ਭਾਰਤ ਸਰਕਾਰ ਵੱਲੋਂ ਉਡਾਣਾਂ ਦੀ ਮੁਕੰਮਲ ਮੁਅੱਤਲੀ ਕਾਰਨ ਹਜ਼ਾਰਾਂ ਵਿਦੇਸ਼ੀ ਪੰਜਾਬ ਸਮੇਤ ਦੇਸ਼ ਭਰ ਵਿੱਚ ਫਸ ਗਏ ਜਿਸ ਵਿੱਚ ਯੂਕੇ ਤੇ ਕੈਨੇਡਾ ਦੇ ਵਸਨੀਕਾਂ ਦੀ ਸਭ ਤੋਂ ਵੱਧ ਗਿਣਤੀ ਪੰਜਾਬ ਵਿੱਚ ਸੀ। ਆਪਣੇ ਨਾਗਰਿਕਾਂ ਨੂੰ ਵਾਪਸ ਭੇਜਣ ਲਈ, ਯੂਕੇ ਤੇ ਕੈਨੇਡਾ ਦੀ ਸਰਕਾਰ ਨੇ ਅਪ੍ਰੈਲ ਮਹੀਨੇ ਵਿੱਚ ਇੱਥੋਂ ਵਿਸ਼ੇਸ਼ ਉਡਾਣਾਂ ਸ਼ੁਰੂ ਕੀਤੀਆਂ ਸਨ। ਵੱਡੀ ਗਿਣਤੀ ਵਿੱਚ ਇਹਨਾਂ ਦੋਵਾਂ ਮੁਲਕਾ ਦੇ ਵਸਨੀਕ ਪੰਜਾਬ ਵਿੱਚ ਫਸੇ ਹੋਣ ਕਾਰਨ, ਇਹ ਉਡਾਣਾਂ ਮਈ ਦੇ ਮਹੀਨੇ ਵਿੱਚ ਵੀ ਚਲਦੀਆਂ ਰਹੀਆਂ।

NO COMMENTS