ਲੌਕਡਾਊਨ ‘ਚੋਂ ਹੌਲੀ-ਹੌਲੀ ਬਾਹਰ ਨਿਕਲਣ ਲਈ ਢੰਗ-ਤਰੀਕਾ ਲੱਭਣ ਵਾਸਤੇ ਟਾਸਕ ਫੋਰਸ ਬਣੇਗੀ-ਕੈਪਟਨ ਅਮਰਿੰਦਰ ਸਿੰਘ ਵੱਲੋਂ ਐਲਾਨ

0
67

ਚੰਡੀਗੜ•, 8 ਅਪਰੈਲ(ਸਾਰਾ ਯਹਾ, ਬਲਜੀਤ ਸ਼ਰਮਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਕਿ ਸੂਬੇ ਨੂੰ ਲੌਕਡਾਊਨ ਤੋਂ ਹੌਲੀ-ਹੌਲੀ ਬਾਹਰ ਨਿਕਲਣ ਲਈ ਢੰਗ-ਤਰੀਕਾ ਲੱਭਣ ਵਾਸਤੇ ਟਾਸਕ ਫੋਰਸ ਬਣਾਈ ਜਾਵੇਗੀ।
ਸੂਬੇ ਦੇ ਉੱਘੇ ਉਦਯੋਗਪਤੀਆਂ ਨੂੰ ਇਕ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਿਤ ਹੁੰਦਿਆਂ ਮੁੱਖ ਮੰਤਰੀ ਨੇ ਭਰੋਸਾ ਦਿਵਾਇਆ ਕਿ ਇਸ ਔਖੇ ਸਮੇਂ ਵਿੱਚ ਨਾਜ਼ੁਕ ਮਸਲਿਆਂ ਅਤੇ ਚੁਣੌਤੀਆਂ ਨੂੰ ਹੱਲ ਕਰਨ ਲਈ ਸਰਕਾਰ ਵੱਲੋਂ ਉਦਯੋਗ ਦੀ ਪੂਰੀ ਮਦਦ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਉਦਯੋਗ ਨੂੰ ਆਪਣੇ ਸੁਝਾਅ ਦੇਣ ਲਈ ਆਖਿਆ ਅਤੇ ਮੌਜੂਦਾ ਸਮੇਂ ਉਤਪੰਨ ਹੋਈ ਅਨੋਖੀ ਸਥਿਤੀ ਵਿੱਚ ਸੂਬੇ ਸਰਕਾਰ ਦੇ ਫੈਸਲਿਆਂ ਲੈਣ ਦੀ ਪ੍ਰਕ੍ਰਿਆ ਦਾ ਹਿੱਸਾ ਬਣਨ ਦਾ ਵੀ ਸੱਦਾ ਦਿੱਤਾ।
ਉਦਯੋਗਪਤੀਆਂ ਵੱਲੋਂ ਉਠਾਏ ਗਏ ਵੱਖ-ਵੱਖ ਮੁੱਦਿਆਂ ਵਿੱਚੋਂ ਇਕ ਸੀ ਟਰੈਕਟਰ ਅਤੇ ਸਹਾਇਕ ਉਦਯੋਗਾਂ ਨੂੰ ਜ਼ਰੂਰੀ ਕਰਾਰ ਦੇਣਾ ਅਤੇ ਕਣਕ ਦੀ ਵਾਢੀ ਅਤੇ ਹਾੜੀ ਦੀਆਂ ਫਸਲਾਂ ਦੇ ਮੰਡੀਕਰਨ ਦੇ ਸੀਜ਼ਨ ਦੌਰਾਨ ਕਿਸਾਨਾਂ ਦੀਆਂ ਲੋੜੀਂਦੀਆਂ ਜ਼ਰੂਰਤਾਂ ਪੂਰਾ ਕਰਨ ਲਈ ਖੋਲ•ਣ ਦੀ ਇਜ਼ਾਜਤ ਦੇਣਾ। ਸਾਈਕਲਾਂ ਨੂੰ ਵੀ ਜ਼ਰੂਰੀ ਵਸਤਾਂ ਵਿੱਚ ਸ਼ਾਮਲ ਕਰਨ ਦੇ ਐਲਾਨ ਦੀ ਵੀ ਮੰਗ ਉਠੀ। ਇਸ ਤੋਂ ਇਲਾਵਾ ਹੋਰ ਸੁਝਾਅ ਇਹ ਵੀ ਆਇਆ ਕਿ ਪੈਕਿੰਗ ਉਦਯੋਗਾਂ ਨੂੰ ਵੀ ਖੋਲ•ਣ ਦੀ ਆਗਿਆ ਦਿੱਤੀ ਜਾਵੇ ਤਾਂ ਜੋ ਜ਼ਰੂਰੀ ਵਸਤਾਂ ਦੀ ਸਪਲਾਈ ਯਕੀਨੀ ਬਣਾਈ ਜਾ ਸਕੇ।
ਉਦਯੋਗਾਂ ਵੱਲੋਂ ਆਏ ਹੋਰ ਸੁਝਾਵਾਂ ਵਿੱਚ ਚੰਡੀਗੜ• ਤੱਕ ਏਅਰ ਕਾਰਗੋ ਸੇਵਾਵਾਂ ਦੀ ਮੁੜ ਸੁਰਜੀਤੀ ਦੇ ਨਾਲ-ਨਾਲ ਸੂਬੇ ਵਿੱਚ ਸਿਹਤ ਤੇ ਮੈਡੀਕਲ ਸਟਾਰਟ ਅੱਪਜ਼ ਨੂੰ ਉਤਸ਼ਾਹਤ ਕਰਨਾ ਵੀ ਸ਼ਾਮਲ ਸੀ। ਸੈਰ ਸਪਾਟਾ ਸਨਅਤ ਜੋ ਲੌਕਡਾਊਨ ਦੇ ਚੱਲਦਿਆਂ ਬੁਰੀ ਤਰ•ਾਂ ਪ੍ਰਭਾਵਿਤ ਹੋਈ ਹੈ, ਨੂੰ ਵੀ ਰਾਹਤ ਦੇਣ ਉਤੇ ਸੁਝਾਅ ਆਏ ਅਤੇ ਵਿਚਾਰ ਚਰਚਾ ਹੋਈ।
ਮੀਟਿੰਗ ਵਿੱਚ ਵੱਡਾ ਮਾਮਲਾ ਜਿਹੜਾ ਵਿਚਾਰਿਆ ਗਿਆ, ਉਹ ਫਰਮਾਸੂਟੀਕਲ ਕੰਪਨੀਆਂ ਨੂੰ ਦਰਪੇਸ਼ ਮੁਸ਼ਕਲਾਂ ਦਾ ਸੀ, ਜਿਹੜੀਆਂ ਕੋਵਿਡ-19 ਸੰਕਟ ਨਾਲ ਨਜਿੱਠਣ ਵਿੱਚ ਅਹਿਮ ਯੋਗਦਾਨ ਪਾ ਰਹੀਆਂ ਹਨ। ਇਨ•ਾਂ ਮੁਸ਼ਕਲਾਂ ਵਿੱਚੋਂ ਇਕ ਜੰਮੂ ਕਸ਼ਮੀਰ ਵਿੱਚ ਅੰਤਰ-ਰਾਜ ਆਵਾਜਾਈ ਨੂੰ ਬੰਦ ਕਰਨਾ ਅਤੇ ਹਰਿਆਣਾ ਤੋਂ ਮਾਲ ਅਤੇ ਮਜ਼ਦੂਰਾਂ ਨੂੰ ਲਿਆਉਣ ‘ਤੇ ਲਗਾਈਆਂ ਕੁਝ ਪਾਬੰਦੀਆਂ ਦਾ ਹੈ। ਉਦਯੋਗਾਂ ਦੁਆਰਾ ਨਗਦ ਲੈਣ-ਦੇਣ ਦੀਆਂ ਦਿੱਕਤਾਂ ਨੂੰ ਵੀ ਉਜਾਗਰ ਕੀਤਾ ਗਿਆ ਜੋ ਇਸ ਸੰਕਟ ਸਮੇਂ ਦੌਰਾਨ ਮਜ਼ਦੂਰਾਂ ਨੂੰ ਕੀਤੀਆਂ ਜਾਣ ਵਾਲੀਆਂ ਅਦਾਇਗੀਆਂ ਬਾਰੇ ਸਪੱਸ਼ਟਤਾ ਚਾਹੁੰਦੇ ਸਨ।
ਮੁੱਖ ਮੰਤਰੀ ਨੇ ਉਦਯੋਗ ਵਿਭਾਗ ਨੂੰ ਕਿਹਾ ਕਿ ਉਠਾਏ ਗਏ ਮਾਮਲਿਆਂ ਨੂੰ ਗੰਭੀਰਤਾ ਨਾਲ ਵਿਚਾਰਦੇ ਹੋਏ ਇਨ•ਾਂ ਨੂੰ ਜਲਦ ਤੋਂ ਜਲਦ ਹੱਲ ਕੀਤਾ ਜਾਵੇ। ਇਸ ਤੋਂ ਇਲਾਵਾ ਕੌਮੀ ਲੌਕਡਾਊਨ ਦੇ ਚੱਲਦਿਆਂ ਕੁਝ ਉਦਯੋਗਾਂ ਨੂੰ ਚਲਾਉਣ ਲਈ ਦਿਸ਼ਾ ਨਿਰਦੇਸ਼ ਦਿੱਤੇ ਜਾਣ। ਜੇਕਰ ਕੋਈ ਖੋਲ•ਣਾ ਚਾਹੁੰਦਾ ਹੈ ਤਾਂ ਉਹ ਸੂਬਾ ਸਰਕਾਰ ਕੋਲ ਪਹੁੰਚ ਕਰ ਸਕਦਾ ਹੈ ਅਤੇ ਉਨ•ਾਂ ਦੀਆਂ ਬੇਨਤੀਆਂ ਨੂੰ ਦਿਸ਼ਾਂ ਨਿਰਦੇਸ਼ਾਂ ਦੇ ਦਾਇਰੇ ਅੰਦਰ ਹੱਲ ਕਰਨ ਲਈ ਸਾਰੇ ਯਤਨ ਕੀਤੇ ਜਾਣਗੇ।
ਮੁੱਖ ਮੰਤਰੀ ਨੇ ਉਦਯੋਗਾਂ ਦਾ ਇਸ ਸੰਕਟ ਦੀ ਘੜੀ ਵਿੱਚ ਸੂਬਾ ਸਰਕਾਰ ਨੂੰ ਨਿਰੰਤਰ ਸਹਿਯੋਗ ਦੇਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਇਹ ਲੜਾਈ ਲੰਬੀ ਚੱਲ ਸਕਦੀ ਹੈ ਜਿਸ ਦੇ ਵਿਸ਼ਵ ਵਿਆਪੀ ਅਰਥ ਵਿਵਸਥਾ ਅਤੇ ਉਦਯੋਗਾਂ ਉਤੇ ਮਾੜੇ ਪ੍ਰਭਾਵ ਪੈ ਸਕਦੇ ਹਨ। ਹਰ ਕੋਈ ਇਸ ਲੌਕਡਾਊਨ ਤੋਂ ਪ੍ਰਭਾਵਿਤ ਹੈ। ਉਨ•ਾਂ ਕਿਹਾ ਕਿ ਇਸ ਮਹਾਂਮਾਰੀ ਨੂੰ ਰੋਕਣ ਲਈ ਭਾਰਤ ਨੇ ਸ਼ੁਰੂਆਤ ਵਿੱਚ ਹੀ ਪਹਿਲ ਕਰ ਦਿੱਤੀ ਹੈ ਅਤੇ ਸ਼ੁਰੂਆਤੀ ਸਮੇਂ ਚੁੱਕੇ ਇਹ ਕਦਮ ਬਹੁਤ ਮੱਦਦਗਾਰ ਸਾਬਤ ਹੋ ਸਕਦੇ ਹਨ। ਉਨ•ਾਂ ਕਿਹਾ ਕਿ ਇਸ ਸਮੇਂ ਪੰਜਾਬ ਵਿੱਚ ਸਥਿਤੀ ਪੂਰੀ ਕੰਟਰੋਲ ਹੇਠ ਹੈ।
ਮੁੱਖ ਮੰਤਰੀ ਨੇ ਇਹ ਦੱਸਿਆ ਕਿ ਪਰਵਾਸੀ ਮਜਦੂਰਾਂ ਨੂੰ ਰੋਕਣ ਅਤੇ ਉਨ•ਾਂ ਦੀ ਦੇਖਭਾਲ ਲਈ ਉਦਯੋਗ ਨੂੰ ਉਨ•ਾਂ ਦੀ ਅਪੀਲ ਕੋਈ ਹੁਕਮ ਨਹੀਂ ਸੀ ਬਲਕਿ ਇਕ ਸੁਝਾਅ ਸੀ। ਉਨ•ਾਂ ਕਿਹਾ ਕਿ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਲੌਕਡਾਊਨ ਨੂੰ ਹੋਰ ਕਿੰਨਾ ਚਿਰ ਜਾਰੀ ਰੱਖਣ ਦੀ ਜ਼ਰੂਰਤ ਹੋਵੇਗੀ, ਇਸ ਲਈ ਉਨ•ਾਂ ਨੂੰ ਵਾਪਸ ਨਾ ਜਾਣ ਦੇਣਾ ਮਹੱਤਵਪੂਰਨ ਹੈ। ਉਨ•ਾਂ ਕਿਹਾ ਕਿ ਜੇਕਰ ਪਰਵਾਸੀ ਮਜ਼ਦੂਰ ਚਲੇ ਜਾਂਦੇ ਹਨ ਤਾਂ ਉਹ ਆਸਾਨੀ ਨਾਲ ਵਾਪਸ ਨਹੀਂ ਆ ਸਕਣਗੇ। ਇਸ ਦੇ ਚੱਲਦਿਆਂ ਵਾਢੀ ਅਤੇ ਖਰੀਦ ਸੀਜ਼ਨ ਲਈ ਤਿਆਰ ਸੂਬਿਆਂ ਸਾਹਮਣੇ ਵੱਡੀ ਮੁਸ਼ਕਲ ਖੜ•ੀ ਹੋ ਸਕਦੀ ਹੈ।
ਮੀਟਿੰਗ ਦੌਰਾਨ ਲੌਕਡਾਊਨ ਕਾਰਨ ਪੈਦਾ ਹੋਈ ਆਰਥਿਕ ਮੰਦੀ ਬਾਰੇ ਚਿੰਤਾ ਪ੍ਰਗਟ ਕੀਤੀ ਗਈ ਅਤੇ ਸੀ.ਆਈ.ਆਈ. ਦੇ ਨੁਮਾਇੰਦਿਆਂ ਨੇ ਸੁਝਾਅ ਦਿੱਤਾ ਕਿ ਟੈਕਸ ਅਧਿਕਾਰੀ ਜੀ.ਐਸ.ਟੀ. ਅਤੇ ਵੈਟ ਰਿਫੰਡਾਂ ਦੀ ਪ੍ਰਕਿਰਿਆ ਲਈ ਘਰ ਤੋਂ ਕੰਮ ਕਰ ਸਕਦੇ ਹਨ। ਸੀ.ਆਈ.ਆਈ. 20 ਵੈਂਟੀਲੇਟਰ ਵੀ ਦਾਨ ਕਰ ਰਿਹਾ ਹੈ ਤਾਂ ਜੋ ਸੂਬੇ ਵਿਚ ਪੈਦਾ ਹੋਈ ਮੈਡੀਕਲ ਐਮਰਜੈਂਸੀ ਨਾਲ ਨਜਿੱਠਣ ਲਈ ਸਿਹਤ ਵਿਭਾਗ ਦੀ ਸਹਾਇਤਾ ਕੀਤੀ ਜਾ ਸਕੇ।
ਕੁਝ ਉਦਯੋਗਪਤੀਆਂ ਵੱਲੋਂ ਇਹ ਮਹਿਸੂਸ ਕੀਤਾ ਗਿਆ ਕਿ ਕੋਰੋਨਾ ਤੋਂ ਬਾਅਦ ਚੀਨ ਤੋਂ ਦੂਜੇ ਦੇਸ਼ਾਂ ਵਿੱਚ ਤਬਦੀਲੀ ਭਾਰਤ ਲਈ ਇੱਕ ਮੌਕਾ ਪੈਦਾ ਕਰੇਗੀ ਜਿਸ ਲਈ ਪੰਜਾਬ ਨੂੰ ਸਰਗਰਮੀ ਨਾਲ ਤਿਆਰ ਰਹਿਣਾ ਚਾਹੀਦਾ ਹੈ।
ਇਸ ਤੋਂ ਪਹਿਲਾਂ ਸਨਅਤਾਂ ਨੇ ਅਗਲੇ ਦੋ ਮਹੀਨਿਆਂ ਲਈ ਬਿਜਲੀ ਦੇ ਰੇਟਾਂ ਵਿੱਚ ਕਟੌਤੀ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਜਿਸ ਨਾਲ ਛੋਟੇ ਉਦਯੋਗਾਂ ਨੂੰ ਵਿਸ਼ੇਸ਼ ਲਾਭ ਹੋਵੇਗਾ। ਉਨ•ਾਂ ਨੇ ਲੌਕਡਾਊਨ/ਕਰਫਿਊ ਲਗਾਏ ਜਾਣ ਸਬੰਧੀ ਸੂਬਾ ਸਰਕਾਰ ਦੇ ਮੁੱਢਲੇ ਫੈਸਲਿਆਂ ਦੀ ਸ਼ਲਾਘਾ ਵੀ ਕੀਤੀ।
ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਸਨਅਤ ਵੱਲੋਂ ਨਿਭਾਈ ਭੂਮਿਕਾ ਦੀ ਸ਼ਲਾਘਾ ਕੀਤੀ ਜੋ ਇਸ ਵੱਡੀ ਲੜਾਈ ਵਿਚ ਕਾਫੀ ਮਹੱਤਵਪੂਰਨ ਹੈ। ਟਰਾਂਸਪੋਰਟ ਸਕੱਤਰ ਕੇ. ਸਿਵਾ ਪ੍ਰਸਾਦ ਨੇ ਕਿਹਾ ਕਿ ਸੂਬੇ ਅਤੇ ਜ਼ਿਲਿ•ਆਂ ਦਰਮਿਆਨ ਤਾਲਮੇਲ ਬਣਾਈ ਰੱਖਣ ਅਤੇ ਆਵਾਜਾਈ ਦੇ ਪ੍ਰਬੰਧਨ ਲਈ ਕੰਟਰੋਲ ਰੂਮ ਦੇ ਨਾਲ ਸੁਵਿਧਾਜਨਕ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਸਾਰੇ ਯਤਨ ਕੀਤੇ ਜਾ ਰਹੇ ਹਨ।
ਵੀਡਿਓ ਕਾਨਫਰੰਸ ਵਿਚ ਹਿੱਸਾ ਲੈਣ ਵਾਲਿਆਂ ਵਿਚ ਸਚਿਤ ਜੈਨ, ਰਾਜਿੰਦਰ ਗੁਪਤਾ (ਟਰਾਈਡੈਂਟ), ਏ.ਐਸ. ਮਿੱਤਲ (ਸੋਨਾਲੀਕਾ), ਉਪਕਾਰ ਆਹੂਜਾ, ਹਰੀਸ਼ ਚਵਨ (ਮਹਿੰਦਰਾ), ਕਰਨ ਗਿਲਹੋਤਰਾ, ਸਚਿਦ ਮਦਾਨ (ਆਈ.ਟੀ.ਸੀ.), ਰਾਹੁਲ ਆਹੂਜਾ (ਸੀ.ਆਈ.ਆਈ.), ਪੰਕਜ ਮੁੰਜਾਲ (ਹੀਰੋ ਸਾਈਕਲ), ਗੌਤਮ ਕਪੂਰ, ਰੁਪਿੰਦਰ ਸਚਦੇਵਾ, ਐਸ.ਪੀ. ਓਸਵਾਲ, ਕਮਲ ਓਸਵਾਲ, ਦਿਨੇਸ਼ ਦੁਆ (ਫਾਰਮਾ), ਅਸ਼ੋਕ ਸੇਠੀ (ਬਾਸਮਤੀ), ਕੋਮਲ ਤਲਵਾੜ (ਆਈ.ਟੀ.), ਮੁਕੁਲ ਵਰਮਾ (ਸਪੋਰਟਸ ਗੁੱਡਜ਼) ਅਤੇ ਭਵਦੀਪ ਸਰਦਾਨਾ ਸ਼ਾਮਲ ਸਨ।
—-  

NO COMMENTS