ਮਾਨਸਾ, 07 ਦਸੰਬਰ: (ਸਾਰਾ ਯਹਾਂ/ਬੀਰਬਲ ਧਾਲੀਵਾਲ):
ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਾਨਸਾ ਵਿਖੇ ਹਥਿਆਰਬੰਦ ਸੈਨਾ ਝੰਡਾ ਦਿਵਸ ਦਾ ਗੌਰਵਮਈ ਦਿਹਾੜਾ ਮਨਾਇਆ ਗਿਆ, ਜਿਸ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਦੇ ਫਲੈਗ ਡੇਅ ਬੈਜ ਲਗਾ ਕੇ ਕੀਤੀ ਗਈ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਲੋੜਵੰਦ 04 ਲਾਭਪਾਤਰੀਆਂ ਨੂੰ ਝੰਡਾ ਦਿਵਸ ਫੰਡ ਵਿਚੋਂ 2 ਲੱਖ 26 ਹਜ਼ਾਰ ਰੁਪਏ ਦੇ ਚੈੱਕ ਮਾਲੀ ਸਹਾਇਤਾ ਵੱਜੋ ਪ੍ਰਦਾਨ ਕੀਤੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹਰੇਕ ਸਾਲ 7 ਦਸੰਬਰ ਨੂੰ ਮਨਾਏ ਜਾਣ ਵਾਲੇ ਝੰਡਾ ਦਿਵਸ ਬਾਰੇ ਲੋਕਾਂ ਨੂੰ ਜਾਣਕਾਰੀ ਦੇਣ ਅਤੇ ੳਨ੍ਹਾਂ ਨੂੰ ਵੱਧ ਤੋ ਵੱਧ ਯੋਗਦਾਨ ਦੇਣ ਲਈ ਉਤਸ਼ਾਹਿਤ ਅਤੇ ਜਾਗਰੂਕ ਕਰਨ ਲਈ ਪਿਛਲੇ ਮਹੀਨੇ 07 ਨਵੰਬਰ 2023 ਤੋ ਇਕ ਸਾਈਕਲ ਰੈਲੀ ਕੱਢੀ ਗਈ ਹੈ ਜਿਸ ਨੂੰ ਰੱਖਿਆ ਸੇਵਾਵਾਂ ਭਲਾਈ ਮੰਤਰੀ ਪੰਜਾਬ ਸ੍ਰੀ ਚੇਤਨ ਸਿੰਘ ਜ਼ੌੜਾਮਾਜਰਾ ਨੇ ਸੀ.ਐਮ. ਹਾਊਸ ਚੰਡੀਗੜ੍ਹ ਤੋ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਸੀ ਜ਼ੋ ਅੱਜ ਝੰਡਾ ਦਿਵਸ ਵਾਲੇ ਦਿਨ ਇਹ ਸਾਈਕਲ ਰੈਲੀ ਪੰਜਾਬ ਦੇ ਵੱਖ—ਵੱਖ ਜ਼ਿਲਿ੍ਹਆਂ ਵਿੱਚੋ ਹੁੰਦੀ ਹੋਈ ਰਾਜ ਭਵਨ ਚੰਡੀਗੜ੍ਹ ਵਿਖੇ ਪਹੁੰਚੇਗੀ, ਜਿਥੇ ਪੰਜਾਬ ਦੇ ਗਵਰਨਰ ਸ਼੍ਰੀ ਬਨਵਾਰੀ ਲਾਲ ਪੁਰੋਹਿਤ ਇਸ ਰੈਲੀ ਦਾ ਸਵਾਗਤ ਅਤੇ ਹੌਸਲਾ ਅਫਜਾਈ ਕਰਨਗੇ।
ਉਨ੍ਹਾਂ ਦੇਸ਼ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਝੰਡਾ ਦਿਵਸ ਫੰਡ ਵਿੱਚ ਵੱਧ ਤੋ ਵੱਧ ਯੋਗਦਾਨ ਪਾਉਣ ਕਿਊਕਿ ਇਸ ਫੰਡ ਵਿੱਚ ਇਕੱਤਰ ਕੀਤੀ ਗਈ ਰਾਸ਼ੀ ਨਾਲ ਲੋੜਵੰਦ ਹਥਿਆਰਬੰਦ ਸੇੈਨਾਵਾਂ ਦੇ ਸ਼ਹੀਦਾਂ ਜਿੰਨ੍ਹਾਂ ਨੇ ਦੇਸ਼ ਦੀ ਖਾਤਰ ਆਪਣਾ—ਆਪ ਵਾਰ ਦਿੱਤਾ/ਕੁਰਬਾਨ ਕਰ ਦਿੱਤਾ ਹੈ, ਦੇ ਪਰਿਵਾਰਾਂ, ਸਾਬਕਾ ਸੈਨਿਕਾਂ/ਵਿਧਵਾਵਾਂ ਦੀ ਮਦਦ ਕਰਨ ਲਈ ਅਤੇ ਉਨਾਂ ਦੀ ਭਲਾਈ ਸਬੰਧੀ ਚਲਾਈਆਂ ਜਾ ਰਹੀਆਂ ਸਕੀਮਾਂ ਲਈ ਹੀ ਵਰਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਹ ਦਾਨ ਆਮਦਨ ਕਰ ਤੋਂ ਮੁਕਤ ਹੈ। ਉਨ੍ਹਾਂ ਕਿਹਾ ਕਿ ਇਹ ਸਾਡੀ ਜਿੰਮੇਵਾਰੀ ਬਣਦੀ ਹੈ ਕਿ ਜ਼ੋ ਸਾਡੇ ਅਫ਼ਸਰ ਅਤੇ ਜਵਾਨ ਦੇਸ਼ ਦੀ ਰੱਖਿਆ ਖਾਤਰ ਆਪਣੀ ਜਾਨ ਦੀ ਬਾਜ਼ੀ ਲਾਉਣ ਤੋਂ ਵੀ ਨਹੀ ਕਤਰਾਉਂਦੇ, ਉਨ੍ਹਾਂ ਜਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਲੋੜ ਪੈਣ ’ਤੇ ਮਦਦ ਕਰਨੀ ਸਾਡਾ ਮੁੱਢਲਾ ਫਰਜ਼ ਬਣਦਾ ਹੈ।
ਇਸ ਮੌਕੇ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ, ਮਾਨਸਾ ਦਾ ਸਮੂਹ ਸਟਾਫ ਅਤੇ ਸਾਬਕਾ ਸੈਨਿਕ/ਵਿਧਵਾਵਾਂ ਹਾਜ਼ਰ ਸਨ।