ਮਾਨਸਾ, 11 ਸਤੰਬਰ:(ਸਾਰਾ ਯਹਾਂ/ਮੁੱਖ ਸੰਪਾਦਕ)
ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਦੇ ਘਰਾਂ ਦੇ ਨਜ਼ਦੀਕ ਪ੍ਰਸ਼ਾਸਨਿਕ ਸੇਵਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਇਸ ਤਹਿਤ ਆਪ ਦੀ ਸਰਕਾਰ ਆਪ ਦੇ ਦੁਆਰ ਮੁਹਿੰਮ ਤਹਿਤ ਜ਼ਿਲ੍ਹੇ ਅੰਦਰ ਵੱਖ ਵੱਖ ਪਿੰਡਾਂ ਵਿਚ ‘ਜਨ ਸੁਣਵਾਈ ਕੈਂਪ’ ਲਗਾਏ ਜਾ ਰਹੇ ਹਨ, ਇੰਨ੍ਹਾਂ ਕੈਂਪਾਂ ਦਾ ਆਮ ਲੋਕ ਭਰਪੂਰ ਲਾਹਾ ਲੈ ਰਹੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਨੇ ਪਿੰਡ ਝੇਰਿਆਂਵਾਲੀ ਵਿਖੇ ਲਗਾਏ ਜਨ ਸੁਣਵਾਈ ਕੈਂਪ ’ਚ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਮੌਕੇ ਸਾਂਝੀ ਕੀਤੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਦੂਰ ਦੁਰਾਡੇ ਪਿੰਡਾਂ ’ਚ ਬੈਠੇ ਲੋਕਾਂ ਨੂੰ ਆਪਣੇ ਸਰਕਾਰੀ ਕੰਮਾਂ ਲਈ ਦਫ਼ਤਰਾਂ ਵਿਚ ਨਾ ਆਉਣਾ ਪਵੇ ਇਸ ਦੇ ਲਈ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਪਿੰਡ ਪੱਧਰ ’ਤੇ ਕੈਂਪਾਂ ਵਿਚ ਖੁਦ ਹਾਜ਼ਰ ਹੋ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਹਨ ਅਤੇ ਬਿਨੈਕਾਰਾਂ ਕੋਨੋਂ ਬਿਨੈ ਪੱਤਰ ਪ੍ਰਾਪਤ ਕਰਕੇ ਉਚਿਤ ਕਾਰਵਾਈ ਕਰਦੇ ਹਨ। ਉਨ੍ਹਾਂ ਇਸ ਮੌਕੇ ਹਾਜ਼ਰ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਬਿਨੈਕਾਰਾਂ ਦੀਆਂ ਯੋਗ ਸਮੱਸਿਆਵਾਂ ਦਾ ਮੌਕੇ ’ਤੇ ਹੀ ਨਿਪਟਾਰਾ ਕੀਤਾ ਜਾਵੇ।
ਸ੍ਰ. ਕੁਲਵੰਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਬਿਹਤਰ ਤੇ ਸਮਾਂਬੱਧ ਪ੍ਰਸ਼ਾਸਨਿਕ ਸੇਵਾਵਾਂ ਮੁਹੱਈਆ ਕਰਵਾਉਣ ਲਈ ਡੋਰ ਸਟੈਪ ਡਲਿਵਰੀ ਸੇਵਾ ਵੀ ਚਲਾਈ ਗਈ ਹੈ ਜਿਸ ਤਹਿਤ 1076 ਹੈਲਪਲਾਈਨ ਨੰਬਰ ’ਤੇ ਕਾਲ ਕਰਕੇ 43 ਪ੍ਰਕਾਰ ਦੀਆਂ ਸੇਵਾਵਾਂ ਘਰ ਬੈਠੇ ਹੀ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ, ਭਾਵ ਇੰਨ੍ਹਾਂ 43 ਪ੍ਰਕਾਰ ਦੀਆਂ ਸੇਵਾਵਾਂ ਲਈ ਸਰਕਾਰੀ ਦਫ਼ਤਰ ਵਿਖੇ ਜਾਣ ਦੀ ਜ਼ਰੂਰਤ ਨਹੀਂ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਈ ਵੀ ਨਾਗਰਿਕ ਡੋਰ ਸਟੈਪ ਡਲਿਵਰੀ ਸੇਵਾ ਲਈ ਸਰਕਾਰੀ ਨੁਮਾਇੰਦੇ ਨੂੰ ਆਪਣੇ ਘਰ ਬੁਲਾਅ ਸਕਦਾ ਹੈ। ਉਨ੍ਹਾਂ ਕਿਹਾ ਕਿ ਹੁਣ ਇਹ ਸੇਵਾਵਾਂ ਰਜਿਸਟ੍ਰੇਸ਼ਨ ਕਰਵਾਉਣ ’ਤੇ ਉਸੇ ਦਿਨ ਹੀ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਤਹਿਤ ਬੁਢਾਪਾ, ਵਿਧਵਾ, ਅੰਗਹੀਣ ਤੇ ਆਸ਼ਰਿਤ ਪੈਨਸ਼ਨ, ਆਮਦਨ ਸਰਟੀਫਿਕੇਟ, ਹਲਫੀਆ ਬਿਆਨ, ਜਮਾਂਬੰਦੀ ਕਢਵਾਉਣ ਸਬੰਧੀ, ਜ਼ਮੀਨ ਦੀ ਨਿਸ਼ਾਨਦੇਹੀ, ਜਨਮ ਸਰਟੀਫਿਕੇਟ, ਮੌਤ ਸਰਟੀਫਿਕੇਟ, ਐਸ.ਸੀ., ਬੀ.ਸੀ. ਸਰਟੀਫਿਕੇਟ ਆਦਿ ਵਰਗੀਆਂ ਕੁੱਲ 43 ਸੇਵਾਵਾਂ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ।
ਕੈਂਪ ਦੌਰਾਨ ਲੋਕਾਂ ਦੀਆਂ ਸਾਂਝੀਆਂ ਤੇ ਨਿੱਜੀ ਸਮੱਸਿਆਵਾਂ ਸੁਣੀਆਂ ਗਈਆਂ ਜਿੰਨ੍ਹਾਂ ਵਿਚੋਂ ਕੁੱਝ ਜਾਇਜ਼ ਸਮੱਸਿਆਵਾਂ ਦਾ ਮੌਕੇ ’ਤੇ ਹੀ ਨਿਪਟਾਰਾ ਕੀਤਾ ਗਿਆ ਅਤੇ ਰਹਿੰਦੀਆਂ ਸਮੱਸਿਆਵਾਂ ਦੇ ਹੱਲ ਲਈ ਸਬੰਧਤ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ।
ਇਸ ਮੌਕੇ ਐਸ.ਡੀ.ਐਮ. ਸਰਦੂਲਗੜ੍ਹ ਸ੍ਰੀ ਨਿਤੇਸ਼ ਕੁਮਾਰ ਜੈਨ, ਬੀ.ਡੀ.ਪੀ.ਓ. ਝੁਨੀਰ ਕੁਸਮ ਅੱਗਰਵਾਲ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।