ਮਾਨਸਾ 28 ਮਈ(ਸਾਰਾ ਯਹਾਂ/ਮੁੱਖ ਸੰਪਾਦਕ)ਲੋਕ ਸਭਾ ਹਲਕਾ ਬਠਿੰਡਾ ਤੋਂ ਭਾਜਪਾ ਦੀ ਉਮੀਦਵਾਰ ਪਰਮਪਾਲ ਕੌਰ ਦੇ ਹੱਕ ਵਿੱਚ ਅੱਜ ਮਾਨਸਾ ਵਿੱਚ ਪਹੁੰਚੀ ਸਮ੍ਰਿਤੀ ਇਰਾਨੀ ਦਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਉਹਨਾਂ ਦੇ ਖਿਲਾਫ ਕਾਲੀਆਂ ਝੰਡੀਆਂ ਲੈ ਕੇ ਮਾਨਸਾ ਸ਼ਹਿਰ ਵਿੱਚ ਮੁਜਾਹਰਾ ਕੀਤਾ । ਸੈਂਕੜੇ ਕਿਸਾਨਾਂ ਦਾ ਕਾਫਲਾ ਪੁਰਾਣੀ ਦਾਣਾ ਮੰਡੀ ਜਿੱਥੇ ਭਾਜਪਾ ਦੀ ਰੈਲੀ ਰੱਖੀ ਹੋਈ ਸੀ ਵੱਲ ਵਧਣ ਲੱਗਿਆ ਤਾਂ ਭਾਰੀ ਪੁਲਿਸ ਫੋਰਸ ਨੇ ਨਾਕਾਬੰਦੀ ਕਰਕੇ ਗੁਰਦੁਆਰਾ ਚੌਂਕ ਨੇੜੇ ਰੋਕ ਲਿਆ । ਜਿੱਥੇ ਕਿਸਾਨਾਂ ਨੇ ਭਾਜਪਾ ਖਿਲਾਫ ਜੋਰਦਾਰ ਨਾਅਰੇਬਾਜੀ ਕੀਤੀ ਅਤੇ ਸੜਕ ਤੇ ਬੈਠ ਕੇ ਧਰਨਾ ਸ਼ੁਰੂ ਕਰ ਦਿੱਤਾ । ਇਸ ਮੌਕੇ ਬੋਲਦਿਆਂ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਕਿਸਾਨਾਂ ਤੇ ਅੱਤਿਆਚਾਰ ਕਰਨ ਵਾਲੀ ਬੀ.ਜੀ.ਪੀ. ਦਾ ਪੂਰੇ ਦੇਸ਼ ਵਿੱਚ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਕਿਉਂਕਿ ਕੇਂਦਰ ਦੀ ਮੋਦੀ ਸਰਕਾਰ ਕਿਸਾਨ ਵਿਰੋਧੀ ਕਾਨੂੰਨ ਲੈ ਕੇ ਆਈ ਸੀ ਜਿਸ ਨੂੰ ਰੱਦ ਕਰਾਉਣ ਲਈ ਪੂਰੇ ਦੇਸ਼ ਵਾਸੀਆਂ ਵੱਲੋਂ ਦਿੱਲੀ ਦੇ ਬਾਰਡਰਾਂ ਤੇ ਬੈਠ ਕੇ ਅੰਦੋਲਨ ਕੀਤਾ ਸੀ । ਉਸ ਸਮੇਂ ਚਲਦੇ ਅੰਦੋਲਨ ਵਿੱਚ ਇੱਕ ਕੇਂਦਰੀ ਮੰਤਰੀ ਦੇ ਮੁੰਡੇ ਵੱਲੋਂ ਕਿਸਾਨਾਂ ਉੱਪਰ ਗੱਡੀ ਚੜ੍ਹਾ ਕੇ 4 ਕਿਸਾਨਾਂ ਨੂੰ ਕਤਲ ਕਰ ਦਿੱਤਾ ਗਿਆ ਸੀ। ਦੋਸ਼ੀਆਂ ਖਿਲਾਫ ਅਜੇ ਤੱਕ ਕੋਈ ਠੋਸ ਕਾਰਵਾਈ ਨਹੀਂ ਕੀਤੀ । MSP ਗਰੰਟੀ ਕਾਨੂੰਨ ਬਣਾਉਣ ਤੋਂ ਕੇਂਦਰ ਸਰਕਾਰ ਨੇ ਪਾਸਾ ਵੱਟ ਲਿਆ ਹੈ ਨਾ ਹੀ ਫਸਲਾਂ ਦੇ ਰੇਟ ਤਹਿ ਕਰਨ ਸਮੇਂ ਡਾ. ਸਵਾਮੀ ਨਾਥਨ ਦੀ ਰਿਪੋਰਟ ਨੂੰ ਲਾਗੂ ਨਹੀਂ ਕੀਤਾ ਗਿਆ । ਬੀ.ਜੇ.ਪੀ. ਦੀ
ਨੀਤੀ ਕਿਸਾਨ ਵਿਰੋਧੀ ਹੈ । ਕਿਸਾਨੀ ਨੂੰ ਖਤਮ ਕਰਕੇ ਜਮੀਨਾਂ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਸੌਂਪਣਾ ਚਾਹੁੰਦੀ ਹੈ । ਚੋਣਾਂ ਦੇ ਚੱਲ ਰਹੇ ਦੌਰ ਸਮੇਂ ਭਾਜਪਾ ਦੇ ਉਮੀਦਵਾਰ ਹੰਸ ਰਾਜ ਹੰਸ, ਰਵਨੀਤ ਸਿੰਘ ਬਿੱਟੂ ਕਿਸਾਨਾਂ ਨੂੰ ਧਮਕੀਆਂ ਦੇ ਰਹੇ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਬੀ.ਜੇ.ਪੀ. ਦੇ ਲੀਡਰਾਂ ਦਾ ਵਿਰੋਧ ਜਾਰੀ ਰਹੇਗਾ । ਇਸ ਮੌਕੇ ਇੰਦਰਜੀਤ ਸਿੰਘ ਝੱਬਰ, ਜੋਗਿੰਦਰ ਸਿੰਘ ਦਿਆਲਪੁਰਾ, ਉੱਤਮ ਸਿੰਘ ਰਾਮਾਨੰਦੀ, ਜਗਸੀਰ ਸਿੰਘ ਜਵਾਹਰਕੇ, ਹਰਪਾਲ ਸਿੰਘ ਮੀਰਪੁਰ, ਕੁਲਦੀਪ ਸਿੰਘ ਚਚੋਹਰ, ਬੀ.ਕੇ.ਯੂ. ਡਕੌਂਦਾ ਧਨੇਰ ਦੇ ਮੱਖਣ ਸਿੰਘ ਭੈਣੀਬਾਘਾ ਨੇ ਸੰਬੋਧਨ ਕੀਤਾ।