ਮਾਨਸਾ 31 ਮਈ (ਸਾਰਾ ਯਹਾਂ/ਮੁੱਖ ਸੰਪਾਦਕ)ਲੋਕ ਸਭਾ ਚੋਣਾਂ ਸਬੰਧੀ ਚੋਣ ਪ੍ਰਚਾਰ ਬੰਦ ਹੋ ਚੁੱਕਾ ਹੈ । ਇਸ ਸਬੰਧੀ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵੱਲੋਂ ਕੀਤੇ ਚੋਣ ਪ੍ਰਚਾਰ ਦਾ ਵੋਟ ਪਾਉਣ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਵੱਲੋਂ ਲੇਖਾ-ਜੋਖਾ ਕਰਨਾ ਬਣਦਾ ਹੈ। ਇਹ ਵਿਚਾਰ ਪ੍ਰਗਟ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਸੂਬਾ ਕਮੇਟੀ ਮੈਂਬਰ ਸੁਖਵਿੰਦਰ ਸਿੰਘ ਧਾਲੀਵਾਲ ਅਤੇ ਜਿਲ੍ਹਾ ਕਮੇਟੀ ਮੈਂ ਮੇਜਰ ਸਿੰਘ ਦੂਲੋਵਾਲ ਨੇ ਕਿਹਾ ਕਿ ਰਾਜਨੀਤਿਕ ਪਾਰਟੀਆਂ ਨੇ ਪ੍ਰਚਾਰ ਵਿੱਚ ਨਾ ਸੋਕਾ ਨਾ ਡੋਬਾ, ਸਿਹਤ ਸਿੱਖਿਆ ਅਤੇ ਰੁਜਗਾਰ ਨਾ ਕਿਸਾਨ-ਮਜਦੂਰ ਨਾ ਮੁਲਾਜਮ ਵਰਗ ਦੇ ਮੁੱਦਿਆਂ ਨੂੰ ਛੂਹਿਆ ਤੱਕ ਨਹੀਂ ਗਿਆ । ਪੰਜਾਬ ਦੇ ਲੋਕਾਂ ਨੂੰ ਪਤਾ ਹੀ ਹੈ ਕਿ ਹਰ ਸਾਲ ਹੜ੍ਹ ਆਉਂਦੇ ਰਹਿੰਦੇ ਹਨ । ਕਿਸਾਨਾਂ ਮਜਦੂਰਾਂ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੁੰਦਾ ਹੈ। ਨਾ ਇਸ ਬਾਰੇ ਬਦਲਾਅ ਵਾਲੀ ਆਮ ਪਾਰਟੀ ਦੇ ਉਮੀਦਵਾਰਾਂ ਨੇ ਜਿਕਰ ਕੀਤਾ ਅਤੇ ਨਾ ਹੀ ਪਿਛਲੀਂ ਸਰਕਾਰਾਂ ਅਕਾਲੀ, ਭਾਜਪਾ, ਕਾਂਗਰਸ ਨੇ ਜਿਕਰ ਕੀਤਾ। ਸੋਕੇ ਕਾਰਨ ਪਾਣੀ ਟੇਲਾਂ ਤੇ ਨਹੀਂ ਪਹੁੰਚ ਰਿਹਾ । ਸਿਹਤ ਲਈ ਦਿੱਤੀਆਂ ਜਾ ਰਹੀਆਂ ਸਹੂਲਤਾਂ ਜਮੀਨੀਂ ਪੱਧਰ ਤੋਂ ਕੋਹਾਂ ਦੂਰ ਹਨ । ਸਿੱਖਿਆ ਵਿਭਾਗ ਅਤੇ ਆਮ ਆਦਮੀ ਪਾਰਟੀ ਨੇ ਹਜਾਰਾਂ ਅਸਾਮੀਆਂ ਭਰਨ ਦਾ ਜਿਕਰ ਕੀਤਾ ਸੀ ਪ੍ਰੰਤੂ ਇਹ ਜਮੀਨੀ ਪੱਧਰ ਤੇ ਕੁੱਝ ਨਹੀਂ ਹੋ ਰਿਹਾ । ਸਿੱਖਿਆ ਵਿਭਾਗ ਵਿੱਚ 23386 ਅਸਾਮੀਆਂ ਭਰਨ ਦਾ ਫੈਸਲਾ ਕੀਤਾ ਪਰ ਅਜੇ ਤੱਕ ਦੋ ਸਾਲਾਂ ਵਿੱਚ 6000 ਅਸਾਮੀਆਂ ਨੂੰ ਹੀ ਨਿਯੁਕਤੀ ਪੱਤਰ ਦਿੱਤੇ ਗਏ ਹਨ। ਕੁੱਝ ਅਧਿਆਪਕਾਂ ਨੇ ਜੁਆਇਨ ਨਹੀਂ ਕੀਤੇ ਅਤੇ ਉਹਨਾਂ ਦੀ ਥਾਂ ਹੋਰ ਨੂੰ ਵੀ ਜੁਆਇਨ ਨਹੀਂ ਕਰਵਾਇਆ ਗਿਆ । ਇਹ ਅਸਾਮੀਆਂ ਪਹਿਲਾਂ ਕਾਂਗਰਸ ਸਰਕਾਰ ਵੱਲੋਂ ਦਿੱਤੀਆਂ ਸਨ । ਪੰਜਾਬ ਵਿੱਚ ਮੁਲਾਜਮ ਵਰਗ ਵੱਲੋਂ ਸੰਘਰਸ਼ ਸ਼ੁਰੂ ਕੀਤਾ ਜੋ ਕਿ ਚੋਣਾਂ ਦੌਰਾਨ ਵੀ ਚਲਦਾ ਰਿਹਾ । ਰਾਜਨੀਤਿਕ ਪਾਰਟੀਆਂ ਇਸ ਨੂੰ ਸਮਝ ਨਹੀਂ ਸਕੀਆਂ ਕਿ ਮੁਲਾਜਮ ਕੀ ਚਾਹੁੰਦੇ ਹਨ। ਪਿਛਲ਼ੇ ਸਮੇਂ ਦੌਰਾਨ ਕਿਸਾਨੀ ਸੰਘਰਸ਼ ਦੌਰਾਨ ਹਜਾਰਾਂ ਕਿਸਾਨ ਸ਼ਹੀਦ ਹੋਏ ਪਰ ਉਹਨਾਂ ਵਿੱਚੋਂ ਕਈ ਕਿਸਾਨਾਂ ਨੂੰ ਨਾ ਹੀ ਮੁਆਵਜਾ ਮਿਲਿਆ ਅਤੇ ਨਾ ਹੀ ਨੌਕਰੀਆਂ ਮਿਲੀਆਂ । ਪੀੜਤ ਪਰਿਵਾਰ ਦਫਤਰਾਂ ਦੇ ਗੇੜੇ ਮਾਰ-ਮਾਰ ਖੱਜਲ ਖੁਆਰ ਹੋ ਰਹੇ ਹਨ । ਕਿਸਾਨਾਂ ਦੀਆਂ ਹੋਰ ਵੀ ਮੰਗਾਂ ਜਿਵੇਂ ਐਮ.ਐਸ.ਪੀ., ਬਿਜਲੀ ਐਕਟ ਜਾਂ ਕਿਸਾਨਾਂ ਨੂੰ ਉਹਨਾਂ ਦੇ ਬੀਜਾਂ ਤੇ ਸਬਸਿਡੀ ਮੁਹੱਈਆ ਨਹੀਂ ਕਰਵਾਈ ਗਈ । ਇਹਨਾਂ ਬਾਰੇ ਕਿਸੇ ਵੀ ਰਾਜਨੀਤਿਕ ਪਾਰਟੀ ਨੇ ਜਿਕਰ ਤੱਕ ਨਹੀਂ ਕੀਤਾ । ਸਗੋਂ ਇੱਕ ਦੂਜੇ ਦੇ ਖਿਲਾਫ ਭੰਡੀ ਪ੍ਰਚਾਰ ਅਤੇ ਚੁਟਕਲੇ ਬਾਜੀਆਂ ਤੱਕ ਹੀ ਮੌਜੂਦ ਰਹੇ । ਸਾਰੇ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਪਰੋਕਤ ਮੁੱਦਿਆਂ ਨੂੰ ਸਮਝਦੇ ਹੋਏ ਬੀ.ਜੇ.ਪੀ. ਅਤੇ ਉਸਦੀਆਂ ਭਾਈਵਾਲ ਪਾਰਟੀਆਂ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਸਬਕ ਸਿਖਾਉਣ ਲਈ ਆਪਣੀ ਵੋਟ ਨਾ ਪਾਈ ਜਾਵੇ । ਹੋਰਨਾਂ ਤੋਂ ਇਲਾਵਾ ਦਸੌਂਧਾ ਸਿੰਘ ਬਹਾਦਰਪੁਰ ਅਤੇ ਗਿਆਨ ਸਿੰਘ ਦੋਦੜਾ ਹਾਜਰ ਸਨ ।