*ਲੋਕ ਸਭਾ ਚੋਣਾਂ ਲੜ ਰਹੇ ਉਮੀਦਵਾਰਾਂ ਤੋਂ ਅਣ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ ਆਪਣੀ ਕਾਨੂੰਨੀ ਮਾਨਤਾ ਬਾਰੇ ਪੁੱਛਣਗੇ ਸਵਾਲ:ਸੂਬਾ ਆਗੂ*

0
130

ਮਾਨਸਾ 27 ਅਪ੍ਰੈਲ (ਸਾਰਾ ਯਹਾਂ/ਮੁੱਖ ਸੰਪਾਦਕ)
ਮੈਡੀਕਲ ਪ੍ਰੈਕਟੀਸ਼ਨਰ ਅਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ , ਸੂਬਾ ਸਕੱਤਰ ਗੁਰਮੇਲ ਸਿੰਘ ਮਾਛੀਕੇ , ਸੂਬਾ ਕੈਸੀਅਰ ਐਚ ਐਸ ਰਾਣੂ , ਸੂਬਾ ਚੇਅਰਮੈਨ ਡਾ. ਦਿਲਦਾਰ ਸਿੰਘ ਚਹਿਲ , ਸੂਬਾ ਸਰਪ੍ਰਸਤ ਸੁਰਜੀਤ ਸਿੰਘ ਲੁਧਿਆਣਾ , ਸੂਬਾ ਐਡਵਾਈਜ਼ਰ ਜਸਵਿੰਦਰ ਸਿੰਘ ਨੇ ਕਿਹਾ ਕਿ ਅੱਜ ਜਦੋਂ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਵੱਖ ਵੱਖ ਸਿਆਸੀ ਪਾਰਟੀਆਂ ਚੋਣ ਮੈਦਾਨ ਵਿੱਚ ਹਨ ਅਤੇ ਲੋਕਾਂ ਨੂੰ ਲੁਭਾਊ ਨਾਅਰਿਆਂ ਰਾਹੀਂ ਗੁੰਮਰਾਹ ਕਰ ਰਹੀਆਂ ਹਨ। ਵੱਖ ਵੱਖ ਪਾਰਟੀਆਂ ਦੇ ਲੀਡਰ ਟਿਕਟ ਨਾ ਮਿਲਣ ਕਾਰਨ ਇਧਰ ਉਧਰ ਡੱਡੂ ਟਪੂਸੀਆਂ ਮਾਰ ਰਹੇ ਹਨ। ਇਨ੍ਹਾਂ ਸਭਨਾਂ ਦਾ ਲੋਕ ਞਿਰੋਧੀ ਚਿਹਰਾ ਜਨਤਕ ਜਥੇਬੰਦੀਆਂ ਵੱਲੋਂ ਲੋਕ ਸੱਥਾਂ ਵਿੱਚ ਲੀਰੋ ਲੀਰ ਕੀਤਾ ਜਾ ਰਿਹਾ ਹੈ ਤਾਂ ਇਸ ਸਮੇਂ ਮੈਡੀਕਲ ਪ੍ਰੈਕਟੀਸ਼ਨਰਜ਼ ਅਸੋਸੀਏਸ਼ਨ ਪੰਜਾਬ ਵੱਲੋਂ ਵੀ ਆਪਣੀ ਕਾਨੂੰਨੀ ਮਾਨਤਾ ਦੇਣ ਦੀ ਮੰਗ ਸਬੰਧੀ ਸ਼ਾਂਤਮਈ ਢੰਗ ਨਾਲ ਸਵਾਲ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸਾਡੀ ਜਥੇਬੰਦੀ ਪਿਛਲੇ 25 ਸਾਲਾਂ ਤੋਂ ਲਗਾਤਾਰ ਪਿੰਡਾਂ ਅਤੇ ਸਹਿਰੀ ਗਰੀਬ ਬਸਤੀਆਂ ਵਿੱਚ, 50 ਸਾਲਾਂ ਤੋਂ ਦਿਨ ਰਾਤ ਸਸਤੀਆਂ ਤੇ ਮੁੱਢਲੀਆਂ ਸਿਹਤ ਸੇਵਾਵਾਂ 24 ਘੰਟੇ ਦੇ ਰਹੇ ਹਨ। ਲੋਕ ਉਨ੍ਹਾਂ ਦੁਆਰਾ ਦਿੱਤੀਆਂ ਸ਼ਿਹਤ ਸੇਵਾਵਾਂ ਤੋਂ ਸੰਤੁਸ਼ਟ ਵੀ ਹਨ। ਪੰਜਾਬ ਅੰਦਰ ਵੱਖ ਵੱਖ ਸਮੇਂ ਸਿਆਸੀ ਪਾਰਟੀਆਂ ਦੀਆਂ ਸਰਕਾਰਾਂ ਵੱਲੋਂ ਚੋਣ ਮੈਨੀਫੈਸਟੋ ਵਿੱਚ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੀ ਮੰਗ ਨੂੰ ਪਾਇਆ ਗਿਆ ਪਰ ਲਾਗੂ ਕਰਨ ਤੋਂ ਪੂਰੀ ਤਰ੍ਹਾਂ ਪਾਸਾ ਵੱਟੀ ਰੱਖਿਆ ਗਿਆ। ਆਪ ਵੱਲੋਂ ਵੀ ਪਿਛਲੀਆਂ ਚੋਣਾਂ ਸਮੇਂ ਸਰਕਾਰ ਬਨਣ ਤੇ ਪਹਿਲ ਦੇ ਅਧਾਰ ਲਾਗੂ ਕਰਨ ਦਾ ਵਾਅਦਾ ਕੀਤਾ ਗਿਆ ਸੀ ਅਤੇ ਮੋਜੂਦਾ ਸਰਕਾਰ ਦੇ ਵਿਧਾਇਕਾਂ ਵੱਲੋਂ ਵੱਖ ਵੱਖ ਸ਼ੈਸ਼ਨਾਂ ਦਰਮਿਆਨ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਕਾਨੂੰਨੀ ਮਾਨਤਾ ਦੇਣ ਲਈ ਪੰਜਾਬ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਪਰ ਅਜੇ ਤੱਕ ਸਰਕਾਰ ਨੇ ਇਸ ਮਸਲੇ ਨੂੰ ਹੱਲ ਕਰਨ ਵੱਲ ਇੱਕ ਵੀ ਕਦਮ ਨਹੀਂ ਪੁੱਟਿਆ। ਕੇਂਦਰ ਸਰਕਾਰ ਵੱਲੋਂ ਨਵੇ ਲੋਕ ਵਿਰੋਧੀ ਕਾਨੂੰਨ ਲਾਗੂ ਕਰਕੇ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰਿਆਂ ਜਾ ਰਿਹਾ ਹੈ। ਐਨ ਐਮ ਸੀ ਕਾਨੂੰਨ ਰਾਹੀਂ ਲੱਖਾਂ ਅਣ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਸਿਹਤ ਸੇਵਾਵਾਂ ਦੇ ਖੇਤਰ ਵਿੱਚੋਂ ਧਕੇਲਿਆ ਜਾ ਰਿਹਾ ਹੈ ਸਿਹਤ ਸੇਵਾਵਾਂ ਤੇ ਸਿਹਤ ਸਿਖਿਆ ਨੂੰ ਪ੍ਰਾਈਵੇਟ ਹੱਥਾਂ ਵਿੱਚ ਸੌਂਪਿਆ ਜਾ ਰਿਹਾ ਹੈ । ਜਿਸਨੂੰ ਪੰਜਾਬ ਦੇ ਇਨਕਲਾਬੀ ਲੋਕ ਹਰਗਿਜ਼ ਬਰਦਾਸ਼ਤ ਨਹੀਂ ਕਰਨਗੇ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ। ਉਨਾਂ ਪੰਜਾਬ ਦੇ ਸਮੂਹ ਮੈਡੀਕਲ ਪੈ੍ਕਟੀਸ਼ਨਰਾਂ ਨੂੰ ਸੂਬਾ ਕਮੇਟੀ ਦੇ ਫ਼ੈਸਲੇ ਨੂੰ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਨੇਪਰੇ ਚਾੜਨ ਦੀ ਅਪੀਲ ਕੀਤੀ।

NO COMMENTS