*ਲੋਕ ਨਿਰਮਾਣ ਮੰਤਰੀ ਵੱਲੋਂ ਲੋਕ ਨਿਰਮਾਣ ਦਫਤਰ ਡਿਵੀਜ਼ਨ ਨੰ. 1 ਮੋਹਾਲੀ ਦੀ ਅਚਨਚੇਤ ਚੈਕਿੰਗ*

0
5

ਚੰਡੀਗੜ੍ਹ/ਐਸ.ਏ.ਐਸ. ਨਗਰ-  31 ਮਈ(ਸਾਰਾ ਯਹਾਂ/ ਮੁੱਖ ਸੰਪਾਦਕ ): ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਸ. ਹਰਭਜਨ ਸਿੰਘ ਈਟੀਓ ਨੇ ਅੱਜ ਬਾਅਦ ਦੁਪਹਿਰ ਲੋਕ ਨਿਰਮਾਣ ਦਫਤਰ ਡਿਵੀਜ਼ਨ ਨੰ. 1 ਮੋਹਾਲੀ ਵਿਖੇ ਵੱਖ ਵੱਖ ਬਰਾਂਚਾਂ, ਪ੍ਰਾਤਕ ਬ੍ਰਾਂਚ ਅਤੇ ਕੁਆਇਲਟੀ ਬ੍ਰਾਂਚ ਦੀ ਅਚਨਚੇਤ ਚੈਕਿੰਗ ਕੀਤੀ। ਇਸ ਮੌਕੇ ਉਨ੍ਹਾਂ ਬਰਾਂਚਾਂ ਦੇ ਕਰਮਚਾਰੀਆਂ ਤੇ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਤੇ ਉਨ੍ਹਾਂ ਚੀਫ ਇੰਜੀਨੀਅਰ ਐਸ.ਪੀ. ਸਿੰਘ ਤੋਂ ਦਫਤਰ ਵਿਖੇ ਕੀਤੇ ਜਾ ਰਹੇ ਕੰਮਾਂ ਬਾਰੇ ਜਾਇਜ਼ਾ ਲਿਆ। ਉਨ੍ਹਾਂ ਅਚਨਚੇਤ ਚੈਕਿੰਗ ਦੌਰਾਨ ਪਾਇਆ ਕਿ ਮੋਹਾਲੀ ਲੋਕ ਨਿਰਮਾਣ ਦਫਤਰ ਦੇ ਕੁਆਇਲਟੀ ਬ੍ਰਾਂਚ ਵਿਖੇ ਸੁਪਰਡੈਂਟ ਨਰਿੰਦਰ ਸਿੰਘ ਦੋ ਦਿਨਾਂ ਤੋਂ ਗੈਰਹਾਜ਼ਰ ਹੈ। ਇਸ ਸਬੰਧੀ ਕਾਰਵਾਈ ਕਰਦਿਆਂ ਉਨ੍ਹਾਂ ਨਰਿੰਦਰ ਸਿੰਘ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਤਿੰਨ ਦਿਨਾਂ ਅੰਦਰ-ਅੰਦਰ ਜਵਾਬ ਦੇਣ ਲਈ ਕਿਹਾ।
ਕੈਬਨਿਟ ਮੰਤਰੀ ਨੇ ਅਚਨਚੇਤ ਚੈਕਿੰਗ ਦੌਰਾਨ ਦਫਤਰ ਵਿਖੇ ਪਿੰਡ ਰਾਏਪੁਰ ਕਲਾਂ ਦੇ ਕੰਮ ਪ੍ਰਤੀ ਆਏ ਜਸਪ੍ਰੀਤ ਸਿੰਘ ਸਰਪੰਚ ਨਾਲ ਵੀ ਮੁਲਾਕਾਤ ਕੀਤੀ। ਇਸ ਦੌਰਾਨ ਸਰਪੰਚ ਰਾਏਪੁਰ ਕਲਾਂ ਨੇ ਕੈਬਨਿਟ ਮੰਤਰੀ ਨੂੰ ਦੱਸਿਆ ਕਿ ਉਹ ਆਪਣੇ ਪਿੰਡ ਦੀ ਸੜਕ ਲਈ ਲੰਮੇ ਸਮੇਂ ਤੋਂ ਦਫਤਰਾਂ ਦੇ ਗੇੜੇ ਕੱਢ ਰਹੇ ਹਨ ਪਰੰਤੂ ਕੋਈ ਹੱਲ ਨਹੀਂ ਹੋ ਰਿਹਾ। ਇਸ ਸਬੰਧੀ ਤੁਰੰਤ ਕਾਰਵਾਈ ਕਰਦਿਆਂ ਮੌਕੇ ‘ਤੇ ਹੀ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਫਾਇਲਾਂ ਕਢਵਾ ਕੇ ਸਬੰਧਤ ਅਧਿਕਾਰੀਆਂ ਨੂੰ ਕੰਮ ਕਰਨ ਦੇ ਨਿਰਦੇਸ਼ ਵੀ ਦਿੱਤੇ । ਸ. ਹਰਭਜਨ ਸਿੰਘ ਈ.ਟੀ.ਓ. ਨੇ ਇਸ ਮੌਕੇ ਕਰਮਚਾਰੀਆਂ ਨੂੰ ਆਪਣਾ ਕੰਮ ਤਨਦੇਹੀ ਨਾਲ ਅਤੇ ਲੋਕ ਹਿੱਤ ‘ਚ ਸਮੇਂ ਸੀਮਾ ਅਧੀਨ ਕਰਨ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਕਿਹਾ ਕਿ ਸਰਕਾਰੀ ਸੇਵਾ ਸਹੀ ਢੰਗ ਨਾਲ ਨਿਭਾਉਣੀ ਤੇ ਭ੍ਰਿਸ਼ਟਾਚਾਰ ਰਹਿਤ ਸੇਵਾ ਕਰਨੀ ਹੀ ਵਿਅਕਤੀ ਦਾ ਨਿਸ਼ਚਾ ਹੋਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਜਿੱਥੇ ਪੈਡਿੰਗ ਕੰਮ ਵਾਲੇ ਕਰਮਚਾਰੀਆਂ ਨੂੰ ਤਾੜਨਾ ਕੀਤੀ, ਉੱਥੇ ਹੀ ਚੰਗੀ ਸੇਵਾ ਨਿਭਾਉਣ ਵਾਲੇ ਕਰਮਚਾਰੀਆਂ ਦੀ ਸ਼ਲਾਘਾ ਵੀ ਕੀਤੀ।
ਇਸ ਦੌਰਾਨ ਬਿਜਲੀ ਮੰਤਰੀ ਵਲੋਂ ਬਿਜਲੀ ਵਿਭਾਗ ਦੇ ਦਫਤਰ ਪੀ.ਐਸ.ਪੀ.ਸੀ.ਐਲ ਫੇਜ਼ 1 ਇੰਡਸਟਰੀਅਲ ਡੀ.ਐਸ. ਡਿਵੀਜ਼ਨ ਦੀ ਚੈਕਿੰਗ ਕੀਤੀ ਗਈ, ਜਿੱਥੇ ਉਨ੍ਹਾਂ ਕਸਟਮਰ ਕੇਅਰ ਸੈਂਟਰ ਦਾ ਦੌਰਾ ਕੀਤਾ। ਉਨ੍ਹਾਂ ਮੌਕੇ ਉੱਤੇ ਮੌਜੂਦ ਲੋਕਾਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣ ਕੇ ਮੌਕੇ ਉੱਤੇ ਹੱਲ ਕਰਨ ਦੇ ਨਿਰਦੇਸ਼ ਦਿੱਤੇ।

NO COMMENTS