ਮਾਨਸਾ, 17 ਅਗਸਤ (ਸਾਰਾ ਯਹਾ, ਬਲਜੀਤ ਸ਼ਰਮਾ) : ਐਸ.ਡੀ.ਐਮ. ਬੁਢਲਾਡਾ-ਕਮ-ਸੀ.ਪੀ.ਟੀ.ਓ. ਮਾਨਸਾ ਸ੍ਰੀ ਸਾਗਰ ਸੇਤੀਆ ਜ਼ਿਲ੍ਹਾ ਮਾਨਸਾ ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਕਰੋਨਾ ਵਾਇਰਸ ਦੇ ਟੈਸਟ ਤੋਂ ਘਬਰਾਉਣ ਨਾ ਬਲਕਿ ਵੱਧ ਤੋਂ ਵੱਧ ਕਰੋਨਾ ਟੈਸਟ ਕਰਵਾਉਣ ਲਈ ਸਾਹਮਣੇ ਆਉਣ ਅਤੇ ਹੋਰ ਲੋਕਾਂ ਨੂੰ ਵੀ ਟੈਸਟ ਕਰਵਾਉਣ ਲਈ ਉਤਸਾਹਤ ਕਰਨ, ਤਾਂ ਜੋ ਇਸ ਘਾਤਕ ਬੀਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।
ਉਨ੍ਹਾਂ ਦੱਸਿਆ ਕਿ ਮਿਸ਼ਨ ਫ਼ਤਿਹ ਤਹਿਤ ਪੰਜਾਬ ਸਰਕਾਰ ਵੱਲੋਂ ਕੋਵਿਡ-19 ਦੇ ਪਾਜ਼ਿਟੀਵ ਮਰੀਜਾਂ ਨੂੰ ਘਰ ਵਿੱਚ ਇਕਾਂਤਵਾਸ ਕਰਨ ਦੀ ਸਹੂਲਤ੍ਹ ਦਿੱਤੀ ਗਈ ਹੈ, ਤਾਂ ਜੋ ਮਰੀਜ ਘਰ ਰਹਿ ਕੇ ਵੀ ਸਰਕਾਰ ਵੱਲੋਂ ਸਮੇਂ-ਸਮੇਂ ‘ਤੇ ਜਾਰੀ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨ। ਉਨ੍ਹਾਂ ਦੱਸਿਆ ਕਿ ਮਰੀਜ਼ ਨੂੰ ਰੈਗੂਲਰ ਸਰਕਾਰੀ ਡਾਕਟਰ ਵੱਲੋਂ ਚੈਕਅੱਪ ਕਰਨ ਉਪਰੰਤ ਹੋਮ ਆਈਸੋਲੇਸ਼ਨ ਕਰਨ ਲਈ ਅਨੈਕਸਚਰ 1 ਵਿੱਚ ਪ੍ਰਵਾਨਗੀ ਕਰਨ ਤੋਂ ਬਾਅਦ ਘਰ ਵਿੱਚ ਇਕਾਂਤਵਾਸ ਹੋਣ ਵਾਲਾ ਮਰੀਜ ਅਨੈਕਚਰ-2 ਵਿੱਚ ਅੰਡਰਟੇਕਿੰਗ ਅਤੇ ਦੇਖ-ਭਾਲ ਕਰਨ ਵਾਲਾ ਅਨੈਕਸਚਰ 2-ਏ ਭਰ ਕੇ ਦੇਵੇਗਾ, ਜਿਸ ਦੀ ਪੜਤਾਲ ਕਰਵਾਉਣ ਉਪਰੰਤ ਸਬੰਧਤ ਐਸ.ਡੀ.ਐਮ. ਵੱਲੋਂ ਘਰ ਵਿੱਚ ਇਕਾਂਤਵਾਸ ਕਰਨ ਲਈ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ।
ਐਸ.ਡੀ.ਐਮ. ਨੇ ਦੱਸਿਆ ਕਿ ਇਹ ਸਾਰੇ ਅਨੈਕਸਚਰ Mansa.Nic.in ‘ਤੇ ਲੋਕਾਂ ਦੀ ਸਹੂਲਤ ਲਈ ਉਪਲਬਧ ਹਨ ਅਤੇ ਇਸ ਵੈਬਸਾਈਟ ਤੋਂ ਅਨੈਕਸਚਰ ਡਾਊਨਲੋਡ ਕੀਤੇ ਜਾ ਸਕਦੇ ਹਨ।ਉਨ੍ਹਾਂ ਦੱਸਿਆ ਕਿ ਕਿਸੇ ਵੀ ਮਰੀਜ ਜਾਂ ਉਸ ਦੇ ਸਬੰਧੀ ਨੂੰ ਦਸਤਾਵੇਜ਼ ਲੈ ਕੇ ਉਨ੍ਹਾਂ ਦੇ ਦਫਤਰ ਵਿੱਚ ਆਉਣ ਦੀ ਜ਼ਰੂਰਤ ਨਹੀਂ ਹੈ।ਉਹ ਦਸਤਾਵੇਜਾਂ ਨੂੰ ਸਕੈਨ ਕਰਨ ਉਪਰੰਤ ਉਪ ਮੰਡਲ ਮੈਜਿਸਟਰੇਟ ਸਰਦੂਲਗੜ੍ਹ ਨੂੰ ਈਮੇਲ rosardulgarh@gmail.com, ਉਪ ਮੰਡਲ ਮੈਜਿਸਟਰੇਟ ਮਾਨਸਾ ਨੂੰ ਈਮੇਲ sdmmansa2013@gmail.com ਅਤੇ ਉਨ੍ਹਾਂ ਦੇ ਦਫਤਰ ਦੀ ਈ. ਮੇਲ ਆਈ.ਡੀ. sdmbudhlada@gmail.com ‘ਤੇ ਭੇਜ ਸਕਦੇ ਹਨ।