*ਲੋਕਤੰਤਰ ਦੀ ਮਜ਼ਬੂਤੀ ਲਈ ਹਰੇਕ ਨਾਗਰਿਕ ਵੋਟ ਦੇ ਹੱਕ ਦੀ ਵਰਤੋਂ ਲਾਜ਼ਮੀ ਕਰੇ-ਜ਼ਿਲ੍ਹਾ ਚੋਣ ਅਫ਼ਸਰ*

0
3

ਮਾਨਸਾ, 25 ਜਨਵਰੀ (ਸਾਰਾ ਯਹਾਂ/ ਮੁੱਖ ਸੰਪਾਦਕ ) : ਲੋਕਤੰਤਰ ਦੀ ਮਜ਼ਬੂਤੀ ਅਤੇ ਸਮਾਜ ਨੂੰ ਹੋਰ ਵਿਕਸਿਤ ਕਰਨ ਲਈ ਹਰੇਕ ਨਾਗਰਿਕ ਨੂੰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਲਾਜ਼ਮੀ ਕਰਨੀ ਚਾਹੀਦੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ  ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਨੇ ਅੱਜ ਸਥਾਨਕ ਮਾਤਾ ਸੁੰਦਰੀ ਕਾਲਜ ਵਿਖੇ 13ਵੇਂ ਰਾਸ਼ਟਰੀ ਵੋਟਰ ਦਿਵਸ ਮੌਕੇ ਕਰਵਾਏ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਵੋਟ ਦੇ ਅਧਿਕਾਰ ਬਾਰੇ ਨੌਜਵਾਨ ਪੀੜ੍ਹੀ ਨੂੰ ਪ੍ਰੇਰਿਤ ਕਰਦਿਆਂ ਕੀਤਾ।
ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਬਲਦੀਪ ਕੌਰ ਨੇ ਕਿਹਾ ਕਿ ਲੋਕਤੰਤਰ ਅੰਦਰ ਹਰ ਇਕ ਵੋਟਰ ਦੀ ਬਰਾਬਰ ਭਾਗੀਦਾਰੀ ਹੈ ਅਤੇ ਹਰੇਕ ਵੋਟਰ ਨੂੰ ਆਪਣੀ ਵੋਟ ਆਪਣੀ ਮਰਜ਼ੀ ਨਾਲ ਪਾਉਣ ਦਾ ਅਧਿਕਾਰ ਹੈ। ਉਨ੍ਹਾਂ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਨਵੇਂ ਵੋਟਰਾਂ ਨੂੰ ਐਪਿਕ ਕਾਰਡ ਦੇ ਕੇ ਸਨਮਾਨਿਤ ਕੀਤਾ। ਉਨਾਂ ਨਵੇਂ ਬਣੇ ਵੋਟਰ ਨੂੰ ਯੋਗ ਉਮੀਦਵਾਰ ਨੂੰ ਵੋਟ ਪਾਉਣ ਅਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੋਟ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਦੀ ਅਪੀਲ ਕੀਤੀ।
ਉਨ੍ਹਾਂ ਪ੍ਰੋਗਰਾਮ ਮੌਕੇ ਪਹੁੰਚੇ ਨੌਜਵਾਨਾਂ, ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਸਮੇਤ ਹੋਰ ਸ਼ਖਸ਼ੀਅਤਾਂ  ਨੂੰ ਦੇਸ਼ ਦੀਆਂ ਲੋਕਤੰਤਰੀ ਪ੍ਰੰਪਰਾਵਾਂ ਕਾਇਮ ਰੱਖਣ ਅਤੇ ਸੁਤੰਤਰ, ਨਿਰਪੱਖ ਅਤੇ ਸ਼ਾਂਤਮਈ ਚੋਣਾਂ ਦਾ ਮਾਣ ਬਰਕਰਾਰ ਰੱਖਦੇ ਹੋਏ ਨਿਡਰ ਹੋ ਕੇ ਧਰਮ, ਵਰਗ, ਜਾਤੀ, ਭਾਈਚਾਰੇ, ਭਾਸ਼ਾ ਜਾਂ ਹੋਰ ਕਿਸੇ ਵੀ ਲਾਲਚ ਦੇ ਪ੍ਰਭਾਵ ਤੋਂ ਬਿਨ੍ਹਾਂ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰਨ ਦਾ ਪ੍ਰਣ ਦਿਵਾਇਆ।
ਇਸ ਤੋਂ ਪਹਿਲਾ ਭਾਰਤ ਚੋਣ ਕਮਿਸ਼ਨਰ ਵੱਲੋਂ ਵੋਟ ਦੀ ਮਹੱਤਵ ਬਾਰੇ ਜਾਗਰੂਕ ਕਰਦਾ ਗੀਤ ਚਲਾ ਕੇ ਨਵੇਂ ਵੋਟਰਾਂ ਨੂੰ ਉਤਸ਼ਾਹਿਤ ਕੀਤਾ ਗਿਆ। ਸਹਾਇਕ ਨੋਡਲ ਅਫ਼ਸਰ (ਸਵੀਪ) ਸ੍ਰੀ ਨਰਿੰਦਰ ਮੋਹਲ ਵੱਲੋਂ ਸਵੀਪ ਗਤੀਵਿਧੀਆਂ ਬਾਰੇ ਅਤੇ ਰਾਸ਼ਟਰੀ ਵੋਟਰ ਦਿਵਸ ਦੇ ਮਹੱਤਵ ਬਾਰੇ ਚਾਨਣਾ ਪਾਇਆ ਗਿਆ। ਇਸ ਮੌਕੇ ਸਵੀਪ ਗਤਿਵਧੀਆਂ ਅਤੇ ਚੋਣਾਂ ਦੌਰਾਨ ਚੰਗੀ ਕਾਰਗੁਜ਼ਾਰੀ ਕਰਨ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਸਮੇਤ ਸਮਾਗਮ ਦੌਰਾਨ ਸ਼ਬਦ ਗਾਇਨ, ਪੋਸਟਰ ਮੇਕਿੰਗ, ਰਾਸ਼ਟਰੀ ਗਾਇਨ ਵਾਲੇ ਵਿਦਿਆਰਥੀਆਂ ਨੂੰ ਵਿਸੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਐਸ.ਡੀ.ਐਮ ਬੁਢਲਾਡਾ ਵਾਧੂ ਚਾਰਜ਼ ਮਾਨਸਾ ਪ੍ਰਮੋਦ ਸਿੰਗਲਾ, ਚੋਣ ਤਹਿਸੀਲਦਾਰ ਸ੍ਰੀ ਹਰੀਸ਼ ਕੁਮਾਰ, ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਹਰਿੰਦਰ ਸਿੰਘ ਭੁੱਲਰ, ਪ੍ਰਿੰਸੀਪਲ ਮਾਤਾ ਸੁੰਦਰੀ ਕਾਲਜ ਬਰਿੰਦਰ ਕੌਰ, ਚੋਣ ਕਾਨੂੰਗੋ ਸ੍ਰੀ ਵਰੁਣ ਗੋਇਲ, ਚੋਣ ਕਾਨੂੰਗੋ ਸ੍ਰੀ ਅਮਨਦੀਪ ਸਿੰਘ, ਚੋਣ ਕਾਨੂੰਗੋ ਸ੍ਰੀ ਅਮਰਨਾਥ ਸਿੰਘ, ਚੋਣ ਕਲਰਕ ਰਾਜੇਸ਼ ਯਾਦਵ, ਪ੍ਰੋਗਰਾਮਰ ਮਹਿੰਦਰ ਕੌਰ, ਆਪਰੇਟਰ ਸਰਬਜੀਤ ਕੌਰ ਤੋਂ ਇਲਾਵਾ ਹੋਰ ਅਧਿਕਾਰੀ ਤੇ ਕਾਲਜ ਵਿਦਿਆਰਥੀ ਹਾਜ਼ਰ ਸਨ।

NO COMMENTS