(ਸਾਰਾ ਯਹਾਂ/ਬਿਊਰੋ ਨਿਊਜ਼ ) : ਲੁਧਿਆਣਾ ਵਿਖੇ ਵਾਪਰੇ ਸੜਕ ਹਾਦਸੇ ‘ਚ 6 ਸਾਲਾ ਬੱਚੇ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਲੁਧਿਆਣਾ ਵਿਖੇ ਚੰਡੀਗੜ੍ਹ ਰੋਡ ‘ਤੇ ਵਰਧਮਾਨ ਪਾਰਕ ਨੇੜੇ ਇੱਕ ਟਰੱਕ ਨੇ ਐਕਟਿਵਾ ਸਵਾਰ ਮਾਂ-ਪੁੱਤ ਨੂੰ ਦਰੜ ਦਿੱਤਾ ਹੈ। ਇਸ ਹਾਦਸੇ ‘ਚ 6 ਸਾਲਾ ਬੱਚੇ ਦੀ ਮੌਤ ਹੋ ਗਈ, ਜਦਕਿ ਉਸ ਦੀ ਮਾਂ ਗੰਭੀਰ ਜ਼ਖਮੀ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਵਰਤਮਾਨ ਪਾਰਕ ਕੋਲ ਸਵੇਰੇ ਇਕ ਐਕਟਿਵਾ ਸਵਾਰ ਔਰਤ ਆਪਣੇ ਬੱਚੇ ਨੂੰ ਹੈਮਪਟਨ ਹੋਮਸ ਨਜ਼ਦੀਕ ਨਾਰਾਇਣ ਸਕੂਲ ਛੱਡਣ ਜਾ ਰਹੀ ਸੀ। ਇਸ ਦੌਰਾਨ ਸਰੀਏ ਨਾਲ ਓਵਰਲੋਡ ਟਰੱਕ ਚਲਾਕ ਨੇ ਐਕਟਿਵਾ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ ਐਕਟਿਵਾ ਸਵਾਰ ਔਰਤ ਦੀਆਂ ਲੱਤਾਂ ਬੁਰੀ ਤਰ੍ਹਾਂ ਕੁਚਲੀਆਂ ਗਈਆਂ ਜਦਕਿ ਬੱਚੇ ਦੀ ਮੌਤ ਹੋ ਗਈ। ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਵਿਵਾਨ ਦਾ ਜਨਮ 10 ਸਾਲ ਬਾਅਦ ਹੋਇਆ ਸੀ।
ਇਸ ਮੌਕੇ ‘ਤੇ ਮੌਜੂਦ ਲੋਕਾਂ ਮੁਤਾਬਕ ਟਰੱਕ ਚਾਲਕ ਤੇਜ਼ ਰਫ਼ਤਾਰ ਸੀ ਤੇ 6 ਸਾਲਾ ਬੱਚੇ ਦੇ ਸਿਰ ‘ਤੇ ਟਰੱਕ ਦਾ ਟਾਇਰ ਚੜ੍ਹਿਆ ਹੋਇਆ ਸੀ, ਜਿਸ ਕਾਰਨ ਉਸ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ। ਮ੍ਰਿਤਕ ਬੱਚੇ ਦੀ ਪਛਾਣ ਵਿਵਾਨ ਵਜੋਂ ਹੋਈ ਹੈ, ਜੋ ਨਰਸਰੀ ਦਾ ਵਿਦਿਆਰਥੀ ਸੀ। ਔਰਤ ਦਾ ਨਾਮ ਮੋਨਿਕਾ ਓਬਰਾਏ ਦੱਸਿਆ ਜਾ ਰਿਹਾ ਹੈ, ਜੋ ਇਕ ਸਕੂਲ ਦੀ ਵਾਈਸ ਪ੍ਰਿੰਸੀਪਲ ਹੈ। ਪੁਲਿਸ ਨੂੰ ਸੂਚਨਾ ਦੇਣ ਤੋਂ ਬਾਅਦ ਜ਼ਖਮੀ ਔਰਤ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਲੋਕਾਂ ਨੇ ਟਰੱਕ ਡਰਾਈਵਰ ਨੂੰ ਮੌਕੇ ‘ਤੇ ਹੀ ਕਾਬੂ ਕਰ ਲਿਆ। ਇਸ ਘਟਨਾ ਦਾ ਪਤਾ ਲੱਗਦਿਆਂ ਹੀ ਥਾਣਾ ਜਮਾਲਪੁਰ ਦੀ ਪੁਲਸ ਮੌਕੇ ‘ਤੇ ਪਹੁੰਚੀ। ਉਕਤ ਲੋਕਾਂ ਵੱਲੋਂ ਟਰੱਕ ਡਰਾਈਵਰ ਨੂੰ ਥਾਣਾ ਜਮਾਲਪੁਰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਪੁਲਸ ਵੱਲੋਂ ਦੋਸ਼ੀ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਹਾਦਸੇ ਤੋਂ ਬਾਅਦ ਐਕਟਿਵਾ ਕਾਫੀ ਦੂਰ ਜਾ ਡਿੱਗੀ।