ਲੁਧਿਆਣਾ 19,ਜਨਵਰੀ (ਸਾਰਾ ਯਹਾਂ/ਬਿਊਰੋ ਨਿਊਜ਼) : ਲੁਧਿਆਣਾ ਦੇ ਆਤਮ ਨਗਰ ਹਲਕੇ ਵਿਚ ਅੱਜ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ ,ਜਦੋਂ ਹਲਕੇ ਤੋਂ ਵਿਧਾਇਕ ਸਿਮਰਜੀਤ ਬੈਂਸ ਅਤੇ ਕਾਂਗਰਸ ਦੇ ਉਮੀਦਵਾਰ ਕਮਲਜੀਤ ਕੜਵਲ ਦੇ ਸਮਰਥਕ ਆਪਸ ਵਿੱਚ ਉਲਝ ਗਏ। ਜਾਣਕਾਰੀ ਅਨੁਸਾਰ ਪੂਰਾ ਵਿਵਾਦ ਇਕ ਘਰ ਦੇ ਉੱਤੇ ਪੋਸਟਰ ਲਾਉਣ ਨੂੰ ਲੈ ਕੇ ਸ਼ੁਰੂ ਹੋਇਆ ਅਤੇ ਦੋਵਾਂ ਪਾਰਟੀਆਂ ਵੱਲੋਂ ਇਕ ਦੂਜੇ ‘ਤੇ ਉਨ੍ਹਾਂ ਦੇ ਪੋਸਟਰ ਉਤਰਵਾਉਣ ਅਤੇ ਗੁੰਡਾਗਰਦੀ ਕਰਨ ਦੇ ਇਲਜ਼ਾਮ ਲਗਾਏ ਗਏ ਹਨ। ਕਮਲਜੀਤ ਕੜਵਲ ਨੇ ਕਿਹਾ ਕਿ ਸਿਮਰਜੀਤ ਬੈਂਸ ਦੇ ਸਮਰਥਕਾਂ ਵੱਲੋਂ ਰਿਵਾਲਵਰ ਲਹਿਰਾਇਆ ਗਿਆ, ਜਦੋਂ ਕਿ ਬੈਂਸ ਨੇ ਕਿਹਾ ਕਿ ਇਹ ਸਾਰੇ ਇਲਜ਼ਾਮ ਝੂਠੇ ਨੇ, ਦੋਵਾਂ ਆਗੂਆਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਹੋਵੇ ਅਤੇ ਜੋ ਵੀ ਕਸੂਰਵਾਰ ਹੈ ,ਉਸ ਖ਼ਿਲਾਫ਼ ਪੁਲੀਸ ਕਾਰਵਾਈ ਕਰੇ ਜਦਕਿ ਮੌਕੇ ‘ਤੇ ਪੁਲਿਸ ਪਹੁੰਚ ਗਈ ਹੈ ਪਰ ਫਿਲਹਾਲ ਪੁਲਿਸ ਨੇ ਮਾਮਲੇ ‘ਤੇ ਕੁਝ ਵੀ ਕਹਿਣ ਤੋਂ ਇਨਕਾਰ ਕੀਤਾ ਹੈ। ਕਾਂਗਰਸ ਉਮੀਦਵਾਰ ਕਮਲਜੀਤ ਕੜਵਲ ਨੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਇਕ ਘਰ ਦੇ ਉਤੇ ਸਹਿਮਤੀ ਦੇ ਨਾਲ ਉਨ੍ਹਾਂ ਦੇ ਪੋਸਟਰ ਲੱਗੇ ਸਨ ,ਜਿਨ੍ਹਾਂ ਨੂੰ ਬੈਂਸ ਦੇ ਸਮਰਥਕਾਂ ਨੇ ਉਤਾਰਨਾ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ ਦੇ ਵਰਕਰਾਂ ਦੇ ਨਾਲ ਕੁੱਟਮਾਰ ਕੀਤੀ ਇੱਥੋਂ ਤੱਕ ਕੇ ਰਿਵਾਲਵਰ ਵੀ ਲਹਿਰਾਏ ਗਏ। ਉਨ੍ਹਾਂ ਕਿਹਾ ਕਿ ਉਹ ਇਨਸਾਫ ਦੀ ਮੰਗ ਕਰਦੇ ਨੇ ਕਿਉਂਕਿ ਬੈਂਸ ਗੁੰਡਾਗਰਦੀ ਕਰ ਰਿਹਾ ਹੈ ,ਜੋ ਨਹੀਂ ਚੱਲਣ ਦੇਣਗੇ। ਉਥੇ ਹੀ ਸਿਮਰਜੀਤ ਬੈਂਸ ਨੇ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਉਨ੍ਹਾਂ ਨਾਲ ਗੁੰਡਾਗਰਦੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਕ ਘਰ ‘ਤੇ ਸਹਿਮਤੀ ਨਾਲ ਉਨ੍ਹਾਂ ਦੇ ਪੋਸਟਰ ਲੱਗੇ ਸਨ ,ਜਿਨ੍ਹਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ, ਜਦੋਂ ਕਿ ਰਿਵਾਲਵਰ ਲਹਿਰਾਉਣ ਦੇ ਮਾਮਲੇ ‘ਤੇ ਸਿਮਰਜੀਤ ਬੈਂਸ ਨੇ ਕਿਹਾ ਕਿ ਇਲਜ਼ਾਮ ਲਗਾਉਣ ਨੂੰ ਕੋਈ ਵੀ ਇਲਜ਼ਾਮ ਲਗਾ ਸਕਦਾ ਹੈ।