*ਲੁਧਿਆਣਾ ਗੈਸ ਕਾਂਡ ਸਬੰਧੀ ਵੱਡਾ ਐਕਸ਼ਨ, ਫੈਕਟਰੀਆਂ ‘ਤੇ ਸ਼ੱਕ, ਸਿੱਟ ਕਰੇਗੀ ਜਾਂਚ*

0
22

(ਸਾਰਾ ਯਹਾਂ/ਬਿਊਰੋ ਨਿਊਜ਼ ):  ਗਿਆਸਪੁਰਾ ਗੈਸ ਲੀਕ ਕਾਂਡ ਮਾਮਲੇ ਦੀ ਜਾਂਚ ਲਈ ਲੁਧਿਆਣਾ ਪੁਲਿਸ ਨੇ ਪੰਜ ਮੈਂਬਰੀ ਵਿਸ਼ੇਸ਼ ਜਾਂਚ ਟੀਮ ਕਾਇਮ ਕਰ ਦਿੱਤੀ ਹੈ। ਇਹ ਜਾਂਚ ਟੀਮ ਸੀਵਰੇਜ ਲਾਈਨ ਵਿੱਚ ਕੈਮੀਕਲ ਰਹਿੰਦ-ਖੂੰਹਦ ਪਾਏ ਜਾਣ ਵਿੱਚ ਸਨਅਤੀ ਇਕਾਈਆਂ ਦੀ ਭੂਮਿਕਾ ਦੀ ਜਾਂਚ ਕਰੇਗੀ। ਪੁਲਿਸ ਨੂੰ ਸ਼ੱਕ ਹੈ ਕਿ ਕੁਝ ਸਨਅਤੀ ਇਕਾਈਆਂ ਵੱਲੋਂ ਮੈਨਹੋਲ ਵਿੱਚ ਜ਼ਰੂਰ ਕੋਈ ਜ਼ਹਿਰੀਲੇ ਰਸਾਇਣ ਸੁੱਟੇ ਗਏ ਹੋਣੇ ਜਿਸ ਕਾਰਨ ਇਹ ਮੌਤਾਂ ਹੋਈਆਂ।

ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਸਿਟ ਦੀ ਅਗਵਾਈ ਡੀਸੀਪੀ (ਜਾਂਚ) ਹਰਮੀਤ ਸਿੰਘ ਹੁੰਦਲ ਕਰਨਗੇ ਤੇ ਇਸ ਵਿੱਚ ਏਡੀਸੀਪੀ ਸੁਹੇਲ ਕਾਸਿਮ, ਏਡੀਸੀਪੀ ਤੁਸ਼ਾਰ ਗੁਪਤਾ, ਏਸੀਪੀ ਤੇ ਇਲਾਕਾ ਐਸਐਚਓ ਸ਼ਾਮਲ ਹੋਣਗੇ। ਸਿਟ ਵੱਲੋਂ ਸਨਅਤੀ ਇਕਾਈਆਂ ਤੇ ਉਨ੍ਹਾਂ ਦੇ ਕੈਮੀਕਲ ਦੇ ਨਿਪਟਾਰੇ ਸਬੰਧੀ ਪ੍ਰਣਾਲੀ ਦੀ ਜਾਂਚ ਕੀਤੀ ਜਾਵੇਗੀ। 

ਉਨ੍ਹਾਂ ਕਿਹਾ ਕਿ ਜੇਕਰ ਕਿਸੇ ਸਨਅਤੀ ਇਕਾਈ ਦੀ ਕੈਮੀਕਲ ਰਹਿੰਦ-ਖੂੰਹਦ ਸੀਵਰੇਜ ਲਾਈਨ ਵਿੱਚ ਡਿੱਗਦੀ ਪਾਈ ਗਈ ਤਾਂ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੀ ਭੂਮਿਕਾ ’ਤੇ ਸਵਾਲ ਉਠਣਗੇ। ਜੇਕਰ ਕੋਈ ਅਧਿਕਾਰੀ ਕਸੂਰਵਾਰ ਪਾਇਆ ਗਿਆ ਤਾਂ ਉਸ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ।’’

ਇਸੇ ਦੌਰਾਨ, ਲੁਧਿਆਣਾ ਦੀ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਕਿਹਾ ਕਿ ਕੁਝ ਫੈਕਟਰੀਆਂ ’ਚੋਂ ਸੈਂਪਲ ਲਏ ਗਏ ਹਨ ਤੇ ਇਨ੍ਹਾਂ ਸੈਂਪਲਾਂ ਨੂੰ ਗਿਆਸਪੁਰਾ ਦੇ ਮੈਨਹੋਲ ਦੇ ਸੈਂਪਲਾਂ ਨਾਲ ਮਿਲਾਇਆ ਜਾਵੇਗਾ। ਰਿਪੋਰਟ ਸ਼ਾਮ ਤੱਕ ਆਉਣ ਦੀ ਆਸ ਹੈ। ਉਨ੍ਹਾਂ ਕਿਹਾ ਕਿ ਹੁਣ ਮੈਨਹੋਲ ਵਿੱਚ ਹਾਈਡਰੋਜਨ ਸਲਫਾਈਡ ਦਾ ਪੱਧਰ ਕਾਫੀ ਘਟਣ ਤੋਂ ਬਾਅਦ ਘੇਰਾਬੰਦੀ 250 ਮੀਟਰ ਤੋਂ ਘਟਾ ਕੇ 25 ਮੀਟਰ ਕਰ ਦਿੱਤੀ ਗਈ ਹੈ।

NO COMMENTS