ਮਾਨਸਾ 07 ਫਰਵਰੀ (ਸਾਰਾ ਯਹਾਂ/ਵਿਨਾਇਕ ਸ਼ਰਮਾ) ਸਥਾਨਕ ਸ਼ਹਿਰ ਦੇ ਡੀਏਵੀ ਸਕੂਲ ਵਿੱਚ ਪੇਰੈਂਟ ਟੀਚਰ ਮੀਟਿੰਗ ਦੇ ਮੌਕੇ ‘ਤੇ 6ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਆਪਣੇ ਅਧਿਆਪਕਾਂ ਦੇ ਸਹਿਯੋਗ ਨਾਲ ਇੱਕ ਵਿਸ਼ੇਸ਼ ਪ੍ਰੋਜੈਕਟ *ਲਰਨ ਟੂ ਅਰਨ* ਦਾ ਆਯੋਜਨ ਕੀਤਾ ਗਿਆ। ਜਿਸ ਤਹਿਤ ਬੱਚਿਆਂ ਵੱਲੋਂ ਇੱਕ ਰੋਜ਼ਾ ਬਾਜ਼ਾਰ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਜੈਕਟ ਵਿੱਚ ਬੱਚਿਆਂ ਵੱਲੋਂ ਦਹੀਂ ਪਾਪੜੀ, ਤਰਕਿਸ਼ ਡਿਲਾਇਟ, ਡੋਨਟਸ, ਸਵੀਟ ਕੋਰਨ, ਰਸ਼ੀਅਨ ਡਿਸ਼, ਚਾਕਲੇਟ, ਭੇਲਪੁਰੀ, ਕੱਪ ਕੇਕ, ਹੈਲਥੀ ਚਾਕਲੇਟ, ਸੈਂਡਵਿਚ ਆਦਿ ਖਾਣ-ਪੀਣ ਵਾਲੀਆਂ ਵਸਤੂਆਂ ਦੀ ਵਿਕਰੀ ਦੇ ਸਟਾਲ ਲਗਾਏ ਗਏ। ਇਸ ਤੋਂ ਇਲਾਵਾ ਈਕੋ-ਫ੍ਰੈਂਡਲੀ ਪੈੱਨ, ਸਟੇਸ਼ਨਰੀ ਆਈਟਮਾਂ, ਭਗਵਾਨ ਸ਼੍ਰੀ ਕ੍ਰਿਸ਼ਨ ਦੇ ਗਹਿਣਿਆਂ, ਤਿਲਕ ਅਤੇ ਕੱਪੜੇ, ਓਰੀਗਾਮੀ ਉਤਪਾਦ, ਕਾਸਮੈਟਿਕ ਜਿਊਲਰੀ ਆਦਿ ਦੇ ਕੁੱਲ 40 ਸਟਾਲ ਲਗਾਏ ਗਏ ਸਨ। ਸਾਰੇ ਸਟਾਲਾਂ ਦੇ ਨਾਂ ਬਹੁਤ ਹੀ ਨਿਵੇਕਲੇ ਰੱਖੇ ਗਏ ਸਨ। ਬੱਚਿਆਂ ਵੱਲੋਂ ਵੱਖ-ਵੱਖ ਖੇਡਾਂ ਦਾ ਵੀ ਪ੍ਰਬੰਧ ਕੀਤਾ ਗਿਆ। ਜਿਸ ਦਾ ਮਾਪਿਆਂ ਵੱਲੋਂ ਭਰਪੂਰ ਆਨੰਦ ਮਾਣਿਆ ਗਿਆ। ਇਸ ਤੋਂ ਇਲਾਵਾ ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ, ਜਿਸ ਵਿੱਚ ਨਿਰਨਾਯਕ ਮੰਡਲ ਅਤੇ ਮਾਪਿਆਂ ਵੱਲੋਂ ਵੱਖ-ਵੱਖ ਮਾਪਦੰਡਾਂ ਦੇ ਆਧਾਰ ‘ਤੇ ਵਧੀਆ ਸਟਾਲ ਚੁਣੇ ਗਏ।
ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ੍ਰੀ ਵਿਨੋਦ ਰਾਣਾ ਅਤੇ ਸਕੂਲ ਮੈਨੇਜਮੈਂਟ ਕਮੇਟੀ ਮੈਂਬਰਾਂ ਸ੍ਰੀ ਸੂਰਜ ਪ੍ਰਕਾਸ਼ ਗੋਇਲ, ਸ੍ਰੀ ਅਸ਼ੋਕ ਗਰਗ ਅਤੇ ਐਡਵੋਕੇਟ ਸ੍ਰੀ ਆਰ.ਸੀ.ਗੋਇਲ ਨੇ ਪ੍ਰੋਜੈਕਟ ਲਰਨ ਟੂ ਅਰਨ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਸਕੂਲ ਦੇ ਸਮਾਜਿਕ ਵਿਗਿਆਨ ਵਿਭਾਗ ਅਤੇ ਕਾਮਰਸ ਵਿਭਾਗ ਨੂੰ ਵਧਾਈ ਦਿੱਤੀ ਅਤੇ ਬੱਚਿਆਂ ਨੂੰ ਭਵਿੱਖ ਵਿੱਚ ਵੀ ਅਜਿਹੇ ਪ੍ਰੋਜੈਕਟਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਟਰਾਫੀਆਂ ਨਾਲ ਸਨਮਾਨਿਤ ਕੀਤਾ ਗਿਆ।