ਮਾਨਸਾ, 14 ਜਨਵਰੀ- ((ਸਾਰਾ ਯਹਾਂ/ ਗੁਰਪ੍ਰੀਤ ਧਾਲੀਵਾਲ) : ਸੀਪੀਆਈ (ਐਮ ਐਲ) ਲਿਬਰੇਸ਼ਨ ਨੇ ਪੰਜਾਬ ਸਰਕਾਰ, ਡੀਜੀਪੀ ਪੰਜਾਬ, ਨੈਸ਼ਨਲ ਕਮਿਸ਼ਨ ਫਾਰ ਸ਼ਡਿਊਲਡ ਕਾਸਟਸ ਅਤੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ 11 ਜਨਵਰੀ ਨੂੰ ਜ਼ਿਲੇ ਦੇ ਪਿੰਡ ਰੱਲੇ ਵਿਖੇ ਦਲਿਤ ਮੁਹੱਲੇ ਉਤੇ ਜਾਤੀ ਹੰਕਾਰੇ ‘ਚ ਗਰੱਸੇ ਬਦਮਾਸ਼ਾਂ ਦੇ ਇਕ ਵੱਡੇ ਗਿਰੋਹ ਵਲੋਂ ਕੀਤੇ ਮਾਰੂ ਹਮਲੇ, ਜਿਸ ਵਿਚ ਇਕ ਮਜ਼ਦੂਰ ਔਰਤ ਦਾ ਕਤਲ ਤੇ ਦੋ ਮਜ਼ਦੂਰ ਫੱਟੜ ਹੋਏ ਹਨ – ਦੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਅਤੇ ਪੀੜਤ ਪਰਿਵਾਰ ਨੂੰ ਯੋਗ ਮੁਆਵਜ਼ਾ ਤੇ ਨੌਕਰੀ ਦਿੱਤੀ ਜਾਵੇ। ਇਸ ਮਾਮਲੇ ਵਿਚ ਸਰਕਾਰ ਤੇ ਜ਼ਿਲਾ ਪ੍ਰਸ਼ਾਸਨ ਦੇ ਗੈਰ ਜ਼ਿੰਮੇਵਾਰ ਰਵਈਏ ਖ਼ਿਲਾਫ਼ ਮਜ਼ਦੂਰ ਮੁਕਤੀ ਮੋਰਚਾ ਨੇ ਕੱਲ ਨੂੰ ਸਥਾਨਕ ਵਿਧਾਇਕ ਵਿਜੇ ਸਿੰਗਲਾ ਦੇ ਕਲੀਨਿਕ ਸਾਹਮਣੇ ਮੁੱਖ ਮੰਤਰੀ ਦਾ ਪੁਤਲਾ ਫ਼ੂਕਣ ਦਾ ਵੀ ਐਲਾਨ ਕੀਤਾ ਹੈ।
ਮਾਰੀ ਗਈ ਔਰਤ ਕੁਲਵੰਤ ਕੌਰ (45 ਸਾਲ) ਦਾ ਪੋਸਟ ਮਾਰਟਮ ਨਾ ਕਰਵਾ ਕੇ ਸਿਵਲ ਹਸਪਤਾਲ ਵਿਖੇ ਵੱਡੀ ਗਿਣਤੀ ਵਿਚ ਧਰਨੇ ਉਤੇ ਬੈਠੇ ਮਜ਼ਦੂਰ ਮਰਦ ਔਰਤਾਂ ਨੂੰ ਸੰਬੋਧਨ ਕਰਦੇ ਹੋਏ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਕਾਮਰੇਡ ਭਗਵੰਤ ਸਿੰਘ ਸਮਾਓ, ਸੀਪੀਆਈ (ਐਮ ਐਲ) ਲਿਬਰੇਸ਼ਨ ਦੇ ਕੇਂਦਰੀ ਕਮੇਟੀ ਮੈਂਬਰ ਸੁਖਦਰਸ਼ਨ ਸਿੰਘ ਨੱਤ, ਪਾਰਟੀ ਦੇ ਸੀਨੀਅਰ ਆਗੂ ਨਛੱਤਰ ਸਿੰਘ ਖੀਵਾ, ਪ੍ਰਗਤੀਸ਼ੀਲ ਇਸਤਰੀ ਸਭਾ ਦੀ ਆਗੂ ਜਸਬੀਰ ਕੌਰ ਨੱਤ, ਭੱਠਾ ਮਜ਼ਦੂਰ ਯੂਨੀਅਨ (ਏਕਟੂ) ਦੇ ਆਗੂ ਜੀਤ ਸਿੰਘ ਬੋਹਾ, ਪੰਜਾਬ ਖੇਤ ਮਜ਼ਦੂਰ ਸਭਾ ਦੇ ਸੂਬਾ ਆਗੂ ਕ੍ਰਿਸ਼ਨ ਚੌਹਾਨ ਅਤੇ ਗਗਨ ਦੀਪ ਖੜਕ ਸਿੰਘ ਵਾਲਾ ਨੇ ਕਿਹਾ ਕਿ ਜੇਕਰ ਇਸ ਕਾਂਡ ਦੇ ਦੋਸ਼ੀ ਤੁਰੰਤ ਗ੍ਰਿਫਤਾਰ ਨਾ ਕੀਤੇ ਗਏ, ਪੀੜਤ ਪਰਿਵਾਰ ਨੂੰ ਐਸਸੀ-ਐਸਟੀ ਐਕਟ ਤਹਿਤ ਮਿਲਦਾ ਮੁਆਵਜ਼ਾ ਨਹੀਂ ਮਿਲਦਾ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਤੇ ਪੈਨਸ਼ਨ ਦੀ ਗਾਰੰਟੀ ਨਹੀਂ ਦਿੱਤੀ ਜਾਂਦੀ , ਉਦੋਂ ਤੱਕ ਨਾ ਸਿਰਫ ਇਹ ਅੰਦੋਲਨ ਜਾਰੀ ਰਹੇਗਾ, ਬਲਕਿ ਇਸ ਨੂੰ ਹੋਰ ਤਿੱਖਾ ਕੀਤਾ ਜਾਵੇਗੇ। ਧਰਨੇ ਨੂੰ ਗੁਰਸੇਵਕ ਸਿੰਘ, ਜਗਜੀਵਨ ਸਿੰਘ, ਪ੍ਰਗਟ ਸਿੰਘ, ਗੱਗੀ ਸਿੰਘ ਤੇ ਜਗਸੀਰ ਸਿੰਘ ਨੇ ਵੀ ਸੰਬੋਧਨ ਕੀਤਾ।