*ਰੋਜ਼ਗਾਰ ਬਿਊਰੋ ਵੱਲੋਂ ਜਨਵਰੀ 2023 ਤੋਂ ਹੁਣ ਤੱਕ 49 ਪਲੇਸਮੈਂਟ ਕੈਂਪ ਲਗਾ ਕੇ 2031 ਪ੍ਰਾਰਥੀਆਂ ਦੀ ਚੋਣ ਕੀਤੀ*

0
8

ਮਾਨਸਾ, 04 ਜੁਲਾਈ:(ਸਾਰਾ ਯਹਾਂ/ਮੁੱਖ ਸੰਪਾਦਕ )
ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਇੱਕੋ ਛੱਤ ਹੇਠਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਬਿਊਰੋ ਵੱਲੋਂ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ, ਹੁਨਰ ਸਿਖਲਾਈ, ਸਵੈ ਰੁਜ਼ਗਾਰ ਲਈ ਵੱਖ ਵੱਖ ਯੋਜਨਾਵਾਂ ਨੂੰ ਲਾਗੂ ਕਰਨ ਲਈ ਨਿਰੰਤਰ ਉਪਰਾਲੇ ਕੀਤੇ ਜਾ ਰਹੇ ਹਨ। ਰੋਜ਼ਗਾਰ ਬਿਊਰੋ ਵੱਲੋਂ ਸਮੇਂ ਸਮੇਂ ’ਤੇ ਰੋਜ਼ਗਾਰ ਮੇਲੇ ਅਤੇ ਪਲੇਸਮੈਂਟ ਕੈਂਪਾਂ ਦਾ ਆਯੋਜਨ ਕਰਕੇ ਬੇਰੁਜ਼ਗਾਰ ਪ੍ਰਾਰਥੀਆਂ ਨੂੰ ਵੱਖ ਵੱਖ ਨਾਮੀ ਕੰਪਨੀਆਂ ਦੇ ਰੂ-ਬ-ਰੂ ਕਰਵਾਇਆ ਜਾਂਦਾ ਹੈ ਅਤੇ ਪ੍ਰਾਰਥੀਆਂ ਦੇ ਸੁਨਹਿਰੀ ਭਵਿੱਖ ਲਈ ਉਨ੍ਹਾਂ ਦੀ ਰੁਚੀ ਮੁਤਾਬਿਕ ਕੈਰੀਅਰ ਕਾਊਂਸਲਿੰਗ ਕੀਤੀ ਜਾਂਦੀ ਹੈ। ਇਹ ਜਾਣਕਾਰੀ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ੍ਰੀ ਹਰਪ੍ਰੀਤ ਸਿੰਘ ਮਾਨਸ਼ਾਹੀਆ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਇਸ ਸਾਲ ਜਨਵਰੀ 2023 ਤੋਂ ਲੈ ਕੇ ਹੁਣ ਤੱਕ ਰੋਜ਼ਗਾਰ ਬਿਊਰੋ ਵੱਲੋਂ 49 ਪਲੇਸਮੈਂਟ ਕੈਂਪਾਂ ਦਾ ਆਯੋਜਨ ਕੀਤਾ ਗਿਆ ਹੈ, ਜਿਸ ਵਿਚ ਵੱਖ-ਵੱਖ ਨਾਮੀ ਕੰਪਨੀਆਂ ਵੱਲੋਂ 2031 ਪ੍ਰਾਰਥੀਆਂ ਦੀ ਚੋਣ ਕੀਤੀ ਗਈ। ਉਨ੍ਹਾਂ ਕਿਹਾ ਕਿ ਬਿਊਰੋ ਵਿਖੇ ਬੇਰੁਜ਼ਗਾਰ ਪ੍ਰਾਰਥੀ ਆਪਣੀ ਰਜਿਸਟਰੇਸ਼ਨ ਜ਼ਰੂਰ ਕਰਵਾਉਣ। ਰਜਿਸਟਰਡ ਨੌਜਵਾਨਾਂ ਨੂੰ ਸਮੇਂ ਸਮੇਂ ’ਤੇ ਨੌਕਰੀ ਦੇ ਮੌਕਿਆਂ ਸਬੰਧੀ ਜਾਣਕਾਰੀ ਦੇਣ ਦੇ ਨਾਲ ਨਾਲ ਸਵੈ ਰੁਜ਼ਗਾਰ ਸਬੰਧੀ ਦਿੱਤੀ ਜਾਂਦੀ ਸਿਖਲਾਈ ਬਾਰੇ ਵੀ ਜਾਣੂ ਕਰਵਾਇਆ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਨੌਕਰੀਆਂ ਸਬੰਧੀ ਮੁਫ਼ਤ ਕੋਚਿੰਗ ਦੀ ਸੁਵਿਧਾ ਵੀ ਦਿੱਤੀ ਜਾਂਦੀ ਹੈ। ਬੇਰੁਜ਼ਗਾਰ ਨੌਜਵਾਨ ਆਪਣਾ ਨਾਮ ਆਨਲਾਈਨ ਪੋਰਟਲ www.pgrkam.com ’ਤੇ ਦਰਜ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ ਪ੍ਰਾਰਥੀ ਹੈਲਪਲਾਈਨ ਨੰਬਰ 94641-78030 ’ਤੇ ਸੰਪਰਕ ਕਰ ਸਕਦੇ ਹਨ।

NO COMMENTS