*ਰੋਡਵੇਜ਼ ਕਰਮਚਾਰੀਆਂ ਨੇ ਟੋਲ ਪਲਾਜਾ ਨੂੰ ਕੀਤਾ ‘ਹਾਈਜੈਕ’, ਬੋਲੇ-‘ਸਾਡੇ ਸਾਥੀ ਨੂੰ ਬੁਰੀ ਤਰ੍ਹਾਂ…’*

0
50

(ਸਾਰਾ ਯਹਾਂ/ਬਿਊਰੋ ਨਿਊਜ਼ ) :  ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਵੜਿੰਗ ਵਿੱਚ ਟ੍ਰੈਫਿਕ ਜਾਮ ਹੋਣ ਦੀ ਖਬਰ ਸਾਹਮਣੇ ਆਈ ਹੈ। ਪਨਬੱਸ ਅਤੇ ਰੋਡਵੇਜ਼ ਮੁਲਾਜ਼ਮਾਂ ਨੇ ਪਿੰਡ ਵੜਿੰਗ ਵਿੱਚ ਟੋਲ ਪਲਾਜ਼ਾ ਬੰਦ ਕਰਕੇ ਮੁਕਤਸਰ ਕੋਟਕਪੂਰਾ ਮੁੱਖ ਮਾਰਗ ’ਤੇ ਜਾਮ ਲਾ ਦਿੱਤਾ ਹੈ। ਰੋਡਵੇਜ਼ ਮੁਲਾਜ਼ਮਾਂ ਦਾ ਦੋਸ਼ ਹੈ ਕਿ ਟੋਲ ਪਲਾਜ਼ਾ ਦੇ ਮੁਲਾਜ਼ਮਾਂ ਨੇ ਉਨ੍ਹਾਂ ਦੇ ਸਾਥੀ ਡਰਾਈਵਰ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਹੈ। ਮਾਮਲੇ ਦੀ ਸੂਚਨਾ ਮਿਲਦੇ ਹੀ ਥਾਣਾ ਬਰੀਵਾਲਾ ਦੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਮਾਮਲਾ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ।

ਕੀ ਹੈ ਪੂਰਾ ਮਾਮਲਾ

ਦੱਸਿਆ ਜਾ ਰਿਹਾ ਹੈ ਕਿ ਪਿੰਡ ਵੜਿੰਗ ਸਥਿਤ ਟੋਲ ਪਲਾਜ਼ਾ ‘ਤੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਟੋਲ ਪਲਾਜ਼ਾ ਮੁਲਾਜ਼ਮਾਂ ਅਤੇ ਡਰਾਈਵਰ ਵਿਚਾਲੇ ਝੜਪ ਹੋ ਗਈ। ਜਿਸ ਤੋਂ ਬਾਅਦ ਮਾਮਲਾ ਵਧਦਾ ਗਿਆ। ਡਰਾਈਵਰ ਦਰਸ਼ਨ ਸਿੰਘ ਦਾ ਦੋਸ਼ ਹੈ ਕਿ ਉਸ ਨੇ ਮੁਕਤਸਰ ਬੱਸ ਸਟੈਂਡ ਤੋਂ ਜੰਮੂ ਕਟੜਾ ਲਈ ਬੱਸ ਫੜੀ ਸੀ। ਇਸ ਦੌਰਾਨ ਜਦੋਂ ਬੱਸ ਵੜਿੰਗ ਪਿੰਡ ਦੇ ਟੋਲ ਪਲਾਜ਼ਾ ‘ਤੇ ਪਹੁੰਚੀ ਤਾਂ ਉਸ ਨੇ ਟੋਲ ‘ਤੇ ਮੌਜੂਦ ਮਹਿਲਾ ਮੁਲਾਜ਼ਮ ਨੂੰ ਟੈਕਸ ਦੇ 500 ਰੁਪਏ ਦੇ ਦਿੱਤੇ।

ਪਰ ਉਸ ਨੇ 100 ਰੁਪਏ ਘੱਟ ਦਿੱਤੇ, ਜਦੋਂ ਉਸ ਨੇ ਇਸ ਬਾਰੇ ਵਿੱਚ ਮਹਿਲਾ ਟੋਲ ਕਰਮਚਾਰੀ ਨੂੰ ਪੁੱਛਿਆ ਤਾਂ ਉਹ ਗੁੱਸੇ ਵਿੱਚ ਆ ਗਈ। ਇਸ ਦੌਰਾਨ ਟੋਲ ਪਲਾਜ਼ਾ ‘ਤੇ ਮੌਜੂਦ ਹੋਰ ਮੁਲਾਜ਼ਮ ਵੀ ਉਥੇ ਆ ਗਏ ਅਤੇ ਉਨ੍ਹਾਂ ਨੇ ਡਰਾਈਵਰ ਨਾਲ ਗਾਲੀ-ਗਲੋਚ ਕਰਦੇ ਹੋਏ ਉਸ ਦੀ ਕੁੱਟਮਾਰ ਕੀਤੀ। ਮਾਮਲਾ ਵਧਣ ਤੋਂ ਬਾਅਦ ਰੋਡਵੇਜ਼ ਦੀਆਂ ਬੱਸਾਂ ਦੇ ਹੋਰ ਮੁਲਾਜ਼ਮ ਵੀ ਟੋਲ ਪਲਾਜ਼ਾ ’ਤੇ ਪਹੁੰਚ ਗਏ ਅਤੇ ਮੁਕਤਸਰ-ਕੋਟਕਪੂਰਾ ਰੋਡ ’ਤੇ ਜਾਮ ਲਾ ਦਿੱਤਾ।

 ਟੋਲ ਪਲਾਜਾ ਮੈਨੇਜਰ ਨੇ ਡਰਾਈਵਰ ‘ਤੇ ਲਾਏ ਦੋਸ਼

ਰੋਡਵੇਜ਼ ਬੱਸ ਦੇ ਡਰਾਈਵਰ ‘ਤੇ ਦੋਸ਼ ਲਗਾਉਂਦੇ ਹੋਏ ਟੋਲ ਪਲਾਜ਼ਾ ਦੇ ਮੈਨੇਜਰ ਨੇ ਕਿਹਾ ਕਿ ਡਰਾਈਵਰ ਵੱਲੋਂ ਮਹਿਲਾ ਮੁਲਾਜ਼ਮ ਪ੍ਰਤੀ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੀ ਗਈ। ਜਿਸ ਤੋਂ ਬਾਅਦ ਲੜਾਈ ਹੋਈ। ਘਟਨਾ ਦੀ ਸੂਚਨਾ ਮਿਲਣ ‘ਤੇ ਪਹੁੰਚੀ ਪੁਲਿਸ ਵੱਲੋਂ ਸੀਸੀਟੀਵੀ ਕੈਮਰੇ ਨੂੰ ਸਕੈਨ ਕਰਨ ਦੀ ਗੱਲ ਕਹੀ ਜਾ ਰਹੀ ਹੈ ਤਾਂ ਜੋ ਘਟਨਾ ਦੀ ਪੂਰੀ ਸੱਚਾਈ ਸਾਹਮਣੇ ਆ ਸਕੇ। ਉਕਤ ਰੋਡਵੇਜ਼ ਮੁਲਾਜ਼ਮਾਂ ਦੀ ਹੜਤਾਲ ਅਜੇ ਵੀ ਜਾਰੀ ਹੈ।

NO COMMENTS