*ਰੇਲ ‘ਚੋਂ ਉੱਤਰਿਆਂ ਹੋ ਰਿਹਾ ਕੋਰੋਨਾ ਟੈਸਟ, ਕਿਤੇ ਜਾਣ ਤੋਂ ਪਹਿਲਾਂ ਵੀ ਨੈਗੇਟਿਵ ਹੋਣਾ ਲਾਜ਼ਮੀ*

0
58

ਅੰਮ੍ਰਿਤਸਰ 06 ਮਈ(ਸਾਰਾ ਯਹਾਂ/ਬਿਊਰੋ ਰਿਪੋਰਟ):  ਰੇਲਵੇ ਸਟੇਸ਼ਨ ‘ਤੇ ਆਉਣ ਜਾਣ ਵਾਲੇ ਮੁਸਾਫਰਾਂ ਨੂੰ ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾਂ ਮੁਤਾਬਕ ਕੋਰੋਨਾ ਟੈਸਟ ਕਰਵਾਉਣਾ ਲਾਜ਼ਮੀ ਹੈ। ਜਿਸ ਕਾਰਨ ਸਿਹਤ ਵਿਭਾਗ ਵੱਲੋਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਮੁੱਖ ਐਂਟਰੀ ਗੇਟ ‘ਤੇ ਡਾਕਟਰਾਂ ਦੀ ਇਕ ਟੀਮ ਤੈਨਾਤ ਕੀਤੀ ਗਈ ਹੈ ਜੋ ਅੰਮ੍ਰਿਤਸਰ ਤੋੱ ਵੱਖ-ਵੱਖ ਸੂਬਿਆਂ/ਮਹਾਂਨਗਰਾਂ ਨੂੰ ਜਾਣ ਵਾਲੀਆਂ ਰੇਲ ਗੱਡੀਆਂ ‘ਚ ਸਫਰ ਕਰਨ ਵਾਲੇ ਮੁਸਾਫਰਾਂ ਦੀ ਸਫਰ ਸ਼ੁਰੂ ਕਰਨ ਤੋਂ ਪਹਿਲਾਂ ਜਾਂਚ ਕਰ ਰਹੀ ਹੈ।

ਇਸ ਦੇ ਨਾਲ ਹੀ ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਮੁਸਾਫਰਾਂ ਦੇ ਵੀ ਗੱਡੀ ‘ਚੋਂ ਉਤਰਦੇ ਹੀ ਕੋਰੋਨਾ ਜਾਂਚ ਲਈ RAT ਰੈਪਿਡ ਐਂਟੀਜਨ ਟੈਸਟ ਕਰਦੀ ਹੈ ਜੋ 15 ਮਿੰਟ ‘ਚ ਹੀ ਰਿਪੋਰਟ ਦੇ ਦਿੰਦੀ ਹੈ। ਪੰਜਾਬ ਸਰਕਾਰ ਨੇ ਪਿਛਲੇ ਦਿਨੀਂ ਹੁਕਮ ਜਾਰੀ ਕੀਤਾ ਸੀ ਕਿ ਪੰਜਾਬ ‘ਚ ਦਾਖਲ ਹੋਣ ਵਾਲੇ ਹਰੇਕ ਵਿਅਕਤੀ ਦਾ ਕੋਰੋਨਾ ਟੈਸਟ ਹੋਵੇਗਾ ਚਾਹੇ ਉਹ ਸੜਕੀ/ਰੇਲਵੇ ਜਾਂ ਹਵਾਈ ਰਸਤੇ ਹੀ ਪੰਜਾਬ ‘ਚ ਦਾਖਲ ਹੋਵੇ।

ਅੰਮ੍ਰਿਤਸਰ ਏਅਰਪੋਰਟ ‘ਤੇ ਵੀ ਸਿਹਤ ਵਿਭਾਗ ਵੱਲੋਂ ਪਹਿਲਾ ਤੋਂ ਹੀ ਟੈਸਟ ਕੀਤੇ ਜਾ ਰਹੇ ਹਨ ਤੇ ਹੁਣ ਰੇਲਵੇ ਸਟੇਸ਼ਨ ‘ਤੇ ਕੋਵਿਡ ਟੈਸਟ ਕੀਤੇ ਜਾ ਰਹੇ ਹਨ। ਡਾ. ਵਿਨੋਦ ਨੇ ਏਬੀਪੀ ਸਾਂਝਾ ਨੂੰ ਦੱਸਿਆ ਕਿ ਨੈਗੇਟਿਵ ਰਿਪੋਰਟ ਆਉਣ ‘ਤੇ ਹੀ ਮੁਸਾਫਰ ਨੂੰ ਅੱਗੇ ਸਫਰ ਕਰਨ ਜਾਂ ਘਰ ਜਾਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਤੇ ਪੌਜ਼ੇਟਿਵ ਆਉਣ ‘ਤੇ ਸਫਰ ਕਰਨ ਦੀ ਇਜਾਜ਼ਤ ਨਹੀਂ ਮਿਲਦੀ।

ਮੁਸਾਫਰ ਨੂੰ ਹੋਮ ਕੁਆਰਨਟਾਈਨ ਅਤੇ ਗੰਭੀਰ ਹੋਣ ‘ਤੇ ਸਿਵਲ ਹਸਪਤਾਲ ਭੇਜ ਦਿੱਤਾ ਜਾਂਦਾ ਹੈ। ਸ਼ੁੱਕਰਵਾਰ ਨੂੰ 2 ਮੁਸਾਫਰ ਕੋਰੋਨਾ ਪੌਜੇਟਿਵ ਮਿਲੇ। ਦੂਜੇ ਪਾਸੇ ਮੁਸਾਫਰਾਂ ਨੇ ਸਰਕਾਰ ਦੇ ਇਸ ਕਦਮ ‘ਤੇ ਤਸੱਲੀ ਪ੍ਰਗਟਾਈ ਤੇ ਸਾਰੇ ਮੁਸਾਫਰਾਂ ਨੂੰ ਇਸ ‘ਚ ਸਹਿਯੋਗ ਲਈ ਕਿਹਾ।

NO COMMENTS