*ਰੁੱਤ ਵੋਟਾਂ ਦੀ ਆਈ !*

0
17

ਰੁੱਤ ਵੋਟਾਂ ਦੀ ਆਈ


     ਸਾਡੇ ਲੋਕਤੰਤਰੀ ਦੇਸ਼ ਵਿੱਚ ਸਰਕਾਰਾਂ ਲੋਕਾਂ ਦੁਆਰਾ ਚੁਣੀਆਂ ਜਾਂਦੀਆਂ ਹਨ। ਪਰ ਲੋਕਾਂ ਦੀ ਇਸ ਤਾਕਤ ਦਾ ਚੇਤਾ ਰਾਜਨੀਤਕ ਪਾਰਟੀਆਂ ਨੂੰ ਵੋਟਾਂ ਦੇ ਨੇੜੇ ਜਾ ਕੇ ਹੀ ਆਉਂਦਾ ਹੈ ਅਤੇ ਸਰਕਾਰ ਬਣਾਉਣ ਪਿਛੋਂ ਲੋਕਾਂ ਦੀ ਯਾਦ ਫਿਰ ਵਿਸਰ ਜਾਂਦੀ ਹੈ। ਵੋਟਾਂ ਤੋਂ ਪਹਿਲਾਂ ਸਾਰੇ ਹੀ ਰਾਜਨੀਤਕ ਨੇਤਾਵਾਂ ਵੱਲੋਂ ਤਰ੍ਹਾਂ ਤਰ੍ਹਾਂ ਦੇ ਵਾਅਦਿਆਂ, ਭਰੋਸਿਆਂ ਦਾ ਤਾਣਾ ਬਾਣਾ ਬੁਣਿਆ ਜਾਂਦਾ ਹੈ।  ਹੋਰ ਤਾਂ ਹੋਰ ਹੁਣ ਤਾਂ ਵੱਡੇ ਰਾਜਨੀਤਕ ਦਲਾਂ ਵਲੋਂ ਚੋਣ ਰਣਨੀਤੀਕਾਰਾਂ ਦੀਆਂ ਸੇਵਾਵਾਂ ਲੈਣ ਦਾ ਰਿਵਾਜ਼ ਸ਼ੁਰੂ ਹੋ ਗਿਆ ਹੈ। ਜਿਸ ਦੀ ਵੱਡੀ ਉਦਾਹਰਣ ਪ੍ਰਸ਼ਾਂਤ ਕਿਸ਼ੋਰ ਦੀ ਚੋਣ ਏਜੰਸੀ ਦੀ ਭੂਮਿਕਾ ਲੰਘੀਆਂ ਚੋਣਾਂ ਵਿੱਚ ਵੇਖਣ ਨੂੰ ਮਿਲੀ ਸੀ।    

     ਵੋਟਾਂ ਸਮੇਂ ਵੱਖ-ਵੱਖ ਪਾਰਟੀਆਂ ਦੇ ਸਮੱਰਥਕ ਵੀ ਆਪਣੀ ਪਾਰਟੀ ਦੀਆਂ ਚੰਗਿਆਈਆਂ ਗਿਣਾਉਂਦੇ ਦੂਸਰੀ ਪਾਰਟੀ ਦੇ ਸਮੱਰਥਕਾਂ ਨਾਲ ਬਹਿਸਬਾਜ਼ੀ ਤੇ ਉਤਰ ਆਉਂਦੇ ਹਨ। ਇਸ ਸਮੇਂ ਜ਼ਿਆਦਾਤਰ ਲੋਕਾਂ ਤੇ ਧੜੇਬੰਦੀ ਇਨੀਂ ਭਾਰੂ ਹੋ ਜਾਂਦੀ ਹੈ ਕਿ ਅਸਲ ਮੁੱਦੇ ਗਾਇਬ ਹੋ ਜਾਂਦੇ ਹਨ। ਨੇਤਾ ਵੀ ਦੂਜੀਆਂ ਪਾਰਟੀਆਂ ਦੀਆਂ ਬੁਰਾਈਆਂ ਕਰਨ ਅਤੇ ਸਰਕਾਰ ਬਣਾਉਣ ਤੇ ਉਨ੍ਹਾਂ ਪਾਰਟੀਆਂ ਦੇ ਖਾਸ ਨੇਤਾਵਾਂ ਨੂੰ ਸਬਕ ਸਿਖਾਉਣ ਤੇ ਜ਼ੋਰ ਦਿੰਦੇ ਹਨ। ਲੋਕ ਵੀ ਭਾਂਵੇ ਚਾਰ ਸਾਢੇ ਚਾਰ ਸਾਲ ਤੱਕ ਦੁਹਾਈਆਂ ਦਿੰਦੇ ਹਨ ਕਿ ਸਰਕਾਰ ਨੇ ਆਹ ਨੀ ਕੀਤਾ, ਓਹ ਨੀ ਕੀਤਾ ਪਰ ਵੋਟਾਂ ਵੇਲੇ ਪਾਰਟੀ, ਧਰਮ, ਜਾਤ, ਪੱਖ, ਪਹਿਚਾਣ ਦੇ ਅਧਾਰ ਤੇ ਵੋਟ ਭੁਗਤਾ ਦਿੰਦੇ ਹਨ। ਕੁਝ ਲੋਕ ਨਿੱਕੀ ਜਿਹੀ ਰਕਮ ਦੇ ਬਦਲੇ ਆਪਣੀ ਵੋਟ ਦਾ ਹੱਕ ਵੇਚ ਦਿੰਦੇ ਹਨ। ਬਾਕੀ ਵੋਟਾਂ ਸਮੇਂ ਮੁਫ਼ਤ ਬਿਜਲੀ, ਮੁਫ਼ਤ ਰਾਸ਼ਨ, ਪੈਨਸ਼ਨ ਦੇ ਵਾਅਦੇ ਵੀ ਵੋਟਰਾਂ ਲਈ ਖਿੱਚ ਦਾ ਕੇਂਦਰ ਬਣਦੇ ਹਨ।       

 ਹੋਰ ਕਿੰਨਾ ਸਮਾਂ ਅਸੀਂ ਰਾਜਨੀਤਕ ਪਾਰਟੀਆਂ ਵੱਲੋਂ ਉਭਾਰੇ ਜਾਂਦੇ ਧਾਰਮਿਕ, ਵੱਖਵਾਦੀ, ਬਦਲਾਖੋਰੀ, ਭਿਖਾਰੀਵਾਦੀ ਮੁਦਿਆਂ ਮਕੜਜਾਲ ਵਿੱਚ ਉਲਝਦੇ ਰਹਾਂਗੇ। ਸਿਹਤ, ਸਿਖਿਆ ਅਤੇ ਰੁਜਗਾਰ ਇਨ੍ਹਾਂ ਤੋਂ  ਵੀ ਬਹੁਤ ਜ਼ਰੂਰੀ ਮੁੱਦੇ ਹਨ। ਸਾਡੀ ਮੰਗ ਹੋਣੀ ਚਾਹੀਦੀ ਹੈ ਕਿ ਸਾਨੂੰ ਚੰਗੀਆਂ ਸਿਹਤ ਸਹੂਲਤਾਂ ਮਿਲਣ, ਸਾਡੇ ਬੱਚੇ ਚੰਗੇ ਪੜ੍ਹ-ਲਿਖ ਜਾਣ ਅਤੇ ਰੁਜਗਾਰ ਮਿਲ ਜਾਵੇ ਅਸੀਂ ਆਪੇ ਕਮਾ ਕੇ ਰਾਸ਼ਣ ਖਰੀਦ ਲਵਾਂਗੇ ਅਤੇ ਬਿਜਲੀ ਦੇ ਬਿੱਲ ਵੀ ਭਰ ਲਵਾਂਗੇ। ਜੇਕਰ ਅਸੀਂ ਇਨ੍ਹਾਂ ਜ਼ਰੂਰੀ ਮੁਦਿਆਂ ਦੇ ਨਾਂ ਤੇ ਵੋਟਾਂ ਪਾਉਣ ਲੱਗਾਂਗੇ ਤਾਂ ਹੀ ਰਾਜਨੀਤਕ ਪਾਰਟੀਆਂ ਦਾ ਝੁਕਾਅ ਉਨ੍ਹਾਂ ਮੁਦਿਆਂ ਵੱਲ ਹੋਵੇਗਾ ਅਤੇ ਚੁਣੀਆਂ ਗਈਆਂ ਸਰਕਾਰਾਂ ਵੀ ਇਸ ਤਰ੍ਹਾਂ ਦੇ ਮੁੱਦੇ ਹੱਲ ਕਰਨ ਦਾ ਯਤਨ ਕਰਨਗੀਆਂ।

ਚਾਨਣ ਦੀਪ ਸਿੰਘ ਔਲਖ, ਪਿੰਡ ਗੁਰਨੇ ਖੁਰਦ (ਮਾਨਸਾ)

NO COMMENTS