*ਰੁਲਦੂ ਸਿੰਘ ਮਾਨਸਾ ਨੇ ਸਰਕਾਰੀ ਪੰਜਾਬ ਪੁਲਿਸ ਦੀ ਸਕਿਊਰਟੀ ਮੋੜੀ*

0
113

ਚੰਡੀਗੜ੍ਹ 03,ਸਤੰਬਰ (ਸਾਰਾ ਯਹਾਂ ਬਿਊਰੋ ਰਿਪੋਰਟ) : ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਆਪਣੀ ਪੁਲਿਸ ਸੁਰੱਖਿਆ ਵਾਪਸ ਕਰ ਦਿੱਤੀ ਹੈ। ਉਨ੍ਹਾਂ ਨੇ ਇਹ ਐਲਾਨ ਵੀਰਵਾਰ ਨੂੰ ਮੋਗਾ ਵਿੱਚ ਕਿਸਾਨਾਂ ‘ਤੇ ਹੋਏ ਲਾਠੀਚਾਰਜ ਦੇ ਵਿਰੋਧ ‘ਚ ਕੀਤਾ ਹੈ। ਪੰਜਾਬ ਸਰਕਾਰ ਨੇ ਰੁਲਦੂ ਸਿੰਘ ਮਾਨਸਾ ਨੂੰ ਧਮਕੀਆਂ ਮਿਲਣ ਮਗਰੋਂ ਸੁਰੱਖਿਆ ਗਾਰਡ ਦਿੱਤੇ ਸੀ।

ਵੀਰਵਾਰ ਨੂੰ ਮੋਗਾ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਰੈਲੀ ਦਾ ਵਿਰੋਧ ਕਰਨ ਆਏ ਕਿਸਾਨਾਂ ਉੱਪਰ ਪੁਲਿਸ ਨੇ ਲਾਠੀਚਾਰਜ ਕਰ ਦਿੱਤਾ। ਇਸ ਦੌਰਾਨ ਕਈ ਕਿਸਾਨ ਜ਼ਖ਼ਮੀ ਹੋ ਗਏ। ਸੰਯੁਕਤ ਕਿਸਾਨ ਮੋਰਚੇ ਨੇ ਇਸ ਲਾਠੀਚਾਰਜ ਲਈ ਪੰਜਾਬ ਸਰਕਾਰ ਦੀ ਅਲੋਚਨਾ ਕੀਤੀ ਹੈ। ਇਸ ਦੇ ਰੋਸ ਵਜੋਂ ਹੀ ਰੁਲਦੂ ਸਿੰਘ ਮਾਨਸਾ ਨੇ ਆਪਣੀ ਪੁਲਿਸ ਸੁਰੱਖਿਆ ਵਾਪਸ ਕਰਨ ਦਾ ਐਲਾਨ ਕੀਤਾ।

ਦੱਸ ਦਈਏ ਕਿ ਤਿੱਖੀ ਬਿਆਨਬਾਜ਼ੀ ਕਰਕੇ ਰੁਲਦੂ ਸਿੰਘ ਮਾਨਸਾ ਵਿਵਾਦਾਂ ਵਿੱਚ ਘਿਰ ਗਏ ਸੀ। ਵਿਵਾਦਤ ਬਿਆਨਬਾਜ਼ੀ ਕਰਕੇ ਹੀ ਉਨ੍ਹਾਂ ਨੂੰ ਪਿਛਲੇ ਕੁਝ ਸਮੇਂ ਤੋਂ ਧਮਕੀਆਂ ਮਿਲ ਰਹੀਆਂ ਸੀ। ਇਸ ਕਰਕੇ ਪੰਜਾਬ ਸਰਕਾਰ ਨੇ ਰੁਲਦੂ ਸਿੰਘ ਮਾਨਸਾ ਨੂੰ ਧਮਕੀਆਂ ਸੁਰੱਖਿਆ ਗਾਰਡ ਦਿੱਤੇ ਸੀ।

ਉਧਰ, ਸੋਸ਼ਲ ਮੀਡੀਆ ਉੱਪਰ ਸਵਾਲ ਉੱਠ ਰਹੇ ਸੀ ਕਿ ਜਿਨ੍ਹਾਂ ਸਰਕਾਰਾਂ ਖਿਲਾਫ ਲੜਾਈ ਵਿੱਢੀ ਹੈ, ਉਨ੍ਹਾਂ ਤੋਂ ਹੀ ਸੁਰੱਖਿਆ ਗਾਰਡ ਲੈਣਾ ਕਿੰਨਾ ਕੁ ਜਾਇਜ਼ ਹੈ। ਇਸ ਲਈ ਕਿਸਾਨ ਲੀਡਰ ਦੀ ਕਾਫੀ ਅਲੋਚਨਾ ਵੀ ਹੋ ਰਹੀ ਸੀ। ਮੋਗਾ ਵਿੱਚ ਕਿਸਾਨਾਂ ‘ਤੇ ਹੋਏ ਲਾਠੀਚਾਰਜ ਮਗਰੋਂ ਅਲੋਚਨਾ ਹੋਰ ਵਧ ਗਈ ਸੀ। ਇਸ ਕਰਕੇ ਰੁਲਦੂ ਸਿੰਘ ਮਾਨਸਾ ਨੇ ਸੁਰੱਖਿਆ ਵਾਪਸ ਕਰ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਰੁਲਦੂ ਸਿੰਘ ਵੱਲੋਂ ਦਿੱਲੀ ਦੀ ਇੱਕ ਕਿਸਾਨ ਕਾਨਫਰੰਸ ਦੌਰਾਨ ਦਿੱਤੀ ਗਈ ਤਕਰੀਰ ਤੋਂ ਬਾਅਦ ਕੁਝ ਗਰਮ ਖਿਆਲੀਆਂ ਨੇ ਸੋਸ਼ਲ ਮੀਡੀਆ ’ਤੇ ਉਨ੍ਹਾਂ ਨੂੰ ਸਬਕ ਸਿਖਾਉਣ ਵਰਗੀਆਂ ਗੱਲਾਂ ਕਹੀਆਂ ਸਨ। ਇਸ ਮਗਰੋਂ ਰੁਲਦੂ ਸਿੰਘ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਦੋ ਹਫ਼ਤਿਆਂ ਲਈ ਮੁਅੱਤਲ ਕਰ ਦਿੱਤਾ ਗਿਆ ਸੀ। 

NO COMMENTS