*ਰਿਹਾਈ ਤੋਂ ਬਾਅਦ ਨਵਜੋਤ ਸਿੱਧੂ ਨੂੰ ਮਿਲੇਗੀ ਵੱਡੀ ਜ਼ਿੰਮੇਵਾਰੀ ! ਪ੍ਰਿਅੰਕਾ ਨਾਲ ਨਵਜੋਤ ਦੀ ਮੁਲਾਕਾਤ ਦੇ ਕੀ ਮਾਇਨੇ ?*

0
60

(ਸਾਰਾ ਯਹਾਂ/ਬਿਊਰੋ ਨਿਊਜ਼ ) : ਗਣਤੰਤਰ ਦਿਵਸ ਯਾਨੀ 26 ਜਨਵਰੀ ਨੂੰ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot singh sidhu) ਆਪਣੀ ਸਜ਼ਾ ਪੂਰੀ ਕਰਕੇ ਪਟਿਆਲਾ ਜੇਲ੍ਹ (Patiala jail) ਤੋਂ ਬਾਹਰ ਆਉਣਗੇ। ਉਨ੍ਹਾਂ ਦੀ ਰਿਹਾਈ ਤੋਂ ਪਹਿਲਾਂ ਯਾਨੀ ਕਿ ਪਿਛਲੇ ਸ਼ਨੀਵਾਰ ਸਿੱਧੂ ਦੀ ਪਤਨੀ ਡਾਕਟਰ ਨਵਜੋਤ ਕੌਰ  (Navjot kaur) ਨੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਮੱਲਿਕਾਰਜੁਨ ਖੜਗੇ, ਕਾਂਗਰਸ ਦੇ ਜਨਰਲ ਸਕੱਤਰਾਂ ਪ੍ਰਿਅੰਕਾ ਗਾਂਧੀ ਅਤੇ ਕੇਸੀ ਵੇਣੂਗੋਪਾਲ ਨਾਲ ਮੁਲਾਕਾਤ ਕੀਤੀ। ਡਾ.ਨਵਜੋਤ ਸਿੱਧੂ ਦੀ ਕਾਂਗਰਸ ਦੀ ਸਿਖਰਲੀ ਲੀਡਰਸ਼ਿਪ ਨਾਲ ਮੀਟਿੰਗ ਨੂੰ ਸਿਆਸੀ ਗਲਿਆਰੇ ਵਿੱਚ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਇਸ ਮੀਟਿੰਗ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਆਗੂਆਂ ਵਿੱਚ ਚਰਚਾ ਜ਼ੋਰਾਂ ’ਤੇ ਹੈ। 
ਪੰਜਾਬ ਕਾਂਗਰਸ ਵਿੱਚ ਇਹ ਵੀ ਸਿਆਸੀ ਚਰਚਾ ਹੈ ਕਿ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸਿੱਧੂ ਨੂੰ ਕੋਈ ਵੱਡੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ। ਕਾਂਗਰਸ ਸਾਂਸਦ ਰਾਹੁਲ ਗਾਂਧੀ ਭਾਰਤ ਜੋੜੋ ਯਾਤਰਾ ਦੇ ਪੰਜਾਬ ਦੌਰੇ ਦੌਰਾਨ ਪਹਿਲਾਂ ਹੀ ਇਹ ਸੰਕੇਤ ਦੇ ਚੁੱਕੇ ਹਨ। ਭਾਰਤ ਜੋੜੋ ਯਾਤਰਾ ਦੇ ਆਖਰੀ ਪੜਾਅ ‘ਚ ਜੰਮੂ-ਕਸ਼ਮੀਰ ਦੀ ਸਰਹੱਦ ‘ਚ ਦਾਖਲ ਹੋਣ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਸਿੱਧੂ ਨੂੰ ਯਾਤਰਾ ‘ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ। ਸਿੱਧੂ ਨੂੰ ਸੱਦਾ ਮਿਲਿਆ ਹੈ। 

ਰਿਹਾਈ ਵਾਲੇ ਦਿਨ ਸਿੱਧੂ ਰੋਡ ਸ਼ੋਅ ‘ਚ ਹੋਣਗੇ ਸ਼ਾਮਿਲ 
ਨਵਜੋਤ ਸਿੰਘ ਸਿੱਧੂ ਦੀ ਸੰਭਾਵਿਤ ਰਿਹਾਈ ਨੂੰ ਮੁੱਖ ਰੱਖਦਿਆਂ ਪੰਜਾਬ ਕਾਂਗਰਸ ਦੀ ਰਿਸੈਪਸ਼ਨ ਕਮੇਟੀ ਦੀ ਮੀਟਿੰਗ 23 ਜਨਵਰੀ ਨੂੰ ਚੰਡੀਗੜ੍ਹ ਵਿਖੇ ਹੋਵੇਗੀ। ਕਮੇਟੀ ਪ੍ਰਧਾਨ ਨਰਿੰਦਰ ਲਾਲੀ ਨੇ ਦੱਸਿਆ ਕਿ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਇਸ ਸਬੰਧੀ ਮੀਟਿੰਗ ਬੁਲਾਈ ਹੈ। ਪਟਿਆਲਾ ਵਿੱਚ ਸਿੱਧੂ ਦੇ ਕਾਫਲੇ ਦਾ ਰੋਡ ਸ਼ੋਅ ਕੀਤਾ ਜਾਵੇਗਾ। ਰੋਡ ਸ਼ੋਅ ਦੇ ਹੋਰਡਿੰਗ ਲਈ 16 ਪੁਆਇੰਟ ਤੈਅ ਕੀਤੇ ਗਏ ਹਨ। ਇਸ ਦੇ ਨਾਲ ਹੀ ਕਾਂਗਰਸੀ ਆਗੂ ਸਿੱਧੂ ਦੇ ਮੀਡੀਆ ਸਲਾਹਕਾਰ ਸੁਰਿੰਦਰ ਡੱਲ ਨੇ ਦੱਸਿਆ ਹੈ ਕਿ ਰਿਹਾਈ ਤੋਂ ਬਾਅਦ ਸਿੱਧੂ ਸਭ ਤੋਂ ਪਹਿਲਾਂ ਧਾਰਮਿਕ ਸਥਾਨਾਂ ‘ਤੇ ਜਾ ਕੇ ਮੱਥਾ ਟੇਕਣਗੇ।

ਸਿੱਧੂ ਦੇ ਵਿਰੋਧੀ ਫਿਰ ਐਕਟਿਵ 
ਦੂਜੇ ਪਾਸੇ ਕਾਂਗਰਸ ਹਾਈਕਮਾਂਡ ਦੇ ਇਸ ਸਟੈਂਡ ਕਾਰਨ ਪਾਰਟੀ ਦੇ ਚੋਟੀ ਦੇ ਆਗੂਆਂ ਨੇ ਪਹਿਲਾਂ ਹੀ ਸਿੱਧੂ ਖਿਲਾਫ ਮੋਰਚਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਦੂਜੇ ਪਾਸੇ ਇਸ ਤੋਂ ਪਹਿਲਾਂ ਹੀ ਸਿੱਧੂ ਵੱਲੋਂ ਕਾਂਗਰਸ ਹਾਈਕਮਾਂਡ ਦਾ ਧਿਆਨ ਖਿੱਚਣ ਤੋਂ ਬਾਅਦ ਪੰਜਾਬ ਕਾਂਗਰਸ ਦੇ ਚੋਟੀ ਦੇ ਆਗੂਆਂ ਵਿੱਚ ਹਲਚਲ ਮਚ ਗਈ ਹੈ। ਪ੍ਰਿਅੰਕਾ ਗਾਂਧੀ ਵੱਲੋਂ ਸਿੱਧੂ ਨੂੰ ਜੇਲ੍ਹ ਵਿੱਚ ਚਿੱਠੀ ਭੇਜਣ ਤੋਂ ਬਾਅਦ ਕਾਂਗਰਸੀ ਆਗੂਆਂ ਵੱਲੋਂ ਜੇਲ੍ਹ ਵਿੱਚ ਉਨ੍ਹਾਂ ਨੂੰ ਮਿਲਣ ਆਉਣ ਦਾ ਸਿਲਸਿਲਾ ਵੀ ਜਾਰੀ ਹੈ।

ਭਾਜਪਾ ਨੇ ਵੀ ਦਿੱਤਾ ਇਸ ਦਾ ਸੰਕੇਤ

ਦੂਜੇ ਪਾਸੇ ਭਾਜਪਾ ਨੇ ਇਹ ਵੀ ਸੰਕੇਤ ਦਿੱਤਾ ਹੈ ਕਿ ਪਾਰਟੀ ਦੀ ਵਿਚਾਰਧਾਰਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਨੂੰ ਸਵੀਕਾਰ ਕਰਨ ਵਾਲਿਆਂ ਦਾ ਪਾਰਟੀ ਵਿੱਚ ਸਵਾਗਤ ਹੈ। ਚਾਹੇ ਸਿੱਧੂ ਹੋਵੇ ਜਾਂ ਕੋਈ ਹੋਰ ਲੀਡਰ। ਦੱਸ ਦੇਈਏ ਕਿ ਦਹਾਕਿਆਂ ਪੁਰਾਣੇ ਰੋਡ ਰੇਜ ਕੇਸ ਵਿੱਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਸਿੱਧੂ ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਹਨ। ਉਸ ਨੂੰ 26 ਜਨਵਰੀ ਨੂੰ ਰਿਹਾਅ ਕੀਤਾ ਜਾ ਸਕਦਾ ਹੈ।

NO COMMENTS